ਕਾਂਗਰਸ ਪੰਜਾਬ ਦੀ ਅਮਨ ਸ਼ਾਂਤੀ ਭੰਗ ਕਰ ਰਹੀ ਹੈ : ਬਾਦਲ

10/20/2018 2:27:40 PM

ਬੁਢਲਾਡਾ (ਮਨਚੰਦਾ ) : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅੱਜ ਬੁਢਲਾਡਾ ਪੁੱਜੇ। ਇਥੇ ਉਨ੍ਹਾਂ ਪਾਰਟੀ ਵਰਕਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਾਂਗਰਸ ਪਾਰਟੀ ਪੰਜਾਬ ਦੀ ਅਮਨ ਸ਼ਾਂਤੀ ਨੁੰ ਭੰਗ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਬਰਗਾੜੀ ਅਤੇ ਬਹਿਬਲਕਲਾਂ ਕਾਂਡ ਦੀ ਆੜ 'ਚ ਗਰਮ ਖਿਆਲੀ ਕਾਂਗਰਸ ਦੀ ਸ਼ਹਿ 'ਤੇ ਇਕ ਵਾਰ ਸੂਬੇ 'ਚ ਮੁੜ ਅਮਨ ਸ਼ਾਂਤੀ ਨੂੰ ਭੰਗ ਕਰਨਾ ਚਾਹੁੰਦੇ ਹਨ। ਬਾਦਲ ਨੇ ਕਿਹਾ ਕਿ ਪੰਜਾਬ ਦੇ ਹਰ ਕੋਨੇ 'ਚ ਕਾਲੀਆ ਝੰਡੀਆਂ ਨਾਲ ਵਿਰੋਧ ਕਰਨ ਵਾਲੇ ਲੋਕਾਂ ਨੂੰ ਪੰਜਾਬ ਪੁਲਸ ਸੁਰੱਖਿਆ ਮੁਹੱਈਆ ਕਰਵਾ ਰਹੀ ਹੈ ਜੋ ਕਿ ਅਤਿ ਨਿੰਦਣਯੋਗ ਹੈ। ਪੁਲਸ ਨੁੰ ਇਨ੍ਹਾਂ ਗਰਮ ਖਿਆਲੀ ਲੋਕਾਂ ਨੂੰ ਜੋ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਹਨ, ਨੂੰ ਗ੍ਰਿਫਤਾਰ ਕਰਕੇ ਜੇਲਾਂ 'ਚ ਬੰਦ ਕਰ ਦੇਣਾ ਚਾਹੀਦਾ ਹੈ। 

ਇਸ ਦੌਰਾਨ ਉਨ੍ਹਾਂ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕੀਤੀ ਕਿ ਉਹ ਗਰਮ ਖਿਆਲੀ ਲੋਕਾਂ ਦੀ ਮਦਦ ਕਰਨਾ ਬੰਦ ਕਰ ਦੇਣ। ਉਨ੍ਹਾਂ ਨੇ ਪੰਜਾਬ ਅੰਦਰ ਆਪਣਾ ਆਧਾਰ ਗੁਆ ਚੁੱਕੀ ਆਮ ਆਦਮੀ ਪਾਰਟੀ 'ਤੇ ਤਨਜ਼ ਕੱਸਦਿਆਂ ਕਿਹਾ ਕਿ ਉਹ ਦਿੱਲੀ ਦੇ ਇਸ਼ਾਰੇ 'ਤੇ ਪੰਜਾਬ ਅੰਦਰ ਗਰਮ ਖਿਆਲੀਆਂ ਦੀ ਹਮਾਇਤ ਕਰਕੇ ਤੀਲੀ ਲਾਉਣੀ ਬੰਦ ਕਰ ਦੇਣ ਨਹੀਂ ਤਾਂ ਇਸ ਦੇ ਨਤੀਜੇ ਅਤਿ ਭਿਆਨਕ ਹੋਣਗੇ। ਅੱਜ ਪੰਜਾਬ ਦੇ ਹਰ ਸਰਕਾਰੀ ਦਫਤਰ 'ਚ ਸਰਕਾਰ ਦਾ ਭ੍ਰਿਸ਼ਟਾਚਾਰ ਸਿਰ ਚੜ੍ਹ ਕੇ ਬੋਲ ਰਿਹਾ ਹੈ। ਵਿਧਾਇਕ ਮੁੱਖ ਮੰਤਰੀ ਨੂੰ ਮਿਲਣ ਲਈ ਤਰਸ ਰਹੇ ਹਨ ਅਤੇ ਅਧਿਆਪਕ ਆਪਣੀਆਂ ਹੱਕੀ ਮੰਗਾਂ ਲਈ ਸੜਕਾਂ 'ਤੇ ਆ ਚੁੱਕੇ ਹਨ ਜਦ ਕਿ ਪੰਜਾਬ ਦੇ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਰੇਲਵੇ ਲਾਈਨਾਂ 'ਤੇ ਬੈਠ ਗਏ ਹਨ। ਮੰਡੀਆਂ 'ਚ ਕਿਸਾਨਾਂ ਨੂੰ ਝੋਨੇ 'ਚ ਨਮੀ ਦੀ ਆੜ ਹੇਠ ਖੱਜਲ-ਖੁਆਰ ਕੀਤਾ ਜਾ ਰਿਹਾ ਹੈ। ਇਸ ਮੌਕੇ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਮੈਂਬਰ ਰਾਜ ਸਭਾ ਬਲਵਿੰਦਰ ਸਿੰਘ ਭੂੰਦੜ, ਜ਼ਿਲਾ ਪ੍ਰਧਾਨ ਗੁਰਮੇਲ ਸਿੰਘ ਫਫੜੇ ਭਾਈਕੇ, ਪ੍ਰੇਮ ਅਰੋੜਾ, ਡਾ. ਨਿਸ਼ਾਨ ਸਿੰਘ, ਹਰਬੰਤ ਸਿੰਘ ਦਾਤੇਵਾਸ, ਬੱਲਮ ਸਿੰਘ ਕਲੀਪੁਰ, ਹਰਮੇਲ ਸਿੰਘ ਕਲੀਪੁਰ ਆਦਿ ਵੱਡੀ ਗਿਣਤੀ 'ਚ ਵਰਕਰ ਅਤੇ ਅਹੁਦੇਦਾਰ ਸ਼ਾਮਲ ਸਨ। 

ਬਾਦਲ ਨੂੰ ਐੱਸ. ਐੱਸ. ਪੀ. ਦੀ ਹਾਜ਼ਰੀ 'ਚ ਗਰਮ ਖਿਆਲੀਆਂ ਨੇ ਦਿਖਾਈਆਂ ਕਾਲੀਆਂ ਝੰਡੀਆਂ, ਲਗਾਏ ਖਾਲਿਸਤਾਨ ਦੇ ਨਾਅਰੇ 
ਸਥਾਨਕ ਗੁਰੂ ਨਾਨਕ ਕਾਲਜ ਚੌਕ ਵਿਖੇ ਬਾਦਲ ਦੀ ਆਮਦ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ (ਅ) ਦੇ ਵਰਕਰਾਂ ਵਲੋਂ ਜ਼ਿਲਾ ਪ੍ਰਧਾਨ ਬਲਵੀਰ ਸਿੰਘ ਬਛੋਆਣਾ ਦੀ ਅਗਵਾਈ ਹੇਠ ਬਾਦਲ ਦੇ ਕਾਫਲੇ ਨੂੰ ਐੱਸ. ਐੱਸ. ਪੀ. ਮਾਨਸਾ ਦੀ ਹਾਜ਼ਰੀ 'ਚ ਗਰਮ ਖਿਆਲੀਆਂ ਵਲੋਂ ਕਾਲੀਆਂ ਝੰਡੀਆਂ ਲਹਿਰਾਉਂਦੇ ਹੋਏ ਬੇਅਦਬੀ ਦੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਗਈ ਅਤੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਾਏ ਗਏ। ਇਸ ਮੌਕੇ ਪ੍ਰਦਰਸ਼ਨ ਕਰ ਰਹੇ ਆਗੂਆਂ ਨੇ ਕਿਹਾ ਕਿ ਪੰਜਾਬ ਅੰਦਰ ਪਿਛਲੇ ਲੰਮੇ ਸਮੇਂ ਤੋਂ ਹੋ ਰਹੀਆਂ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਦੇ ਦੋਸ਼ੀਆਂ ਨੂੰ ਸਰਕਾਰ ਤੇ ਪੁਲਸ ਜੇਲਾਂ 'ਚ ਡੱਕੇ। ਇਸ ਮੌਕੇ ਜ਼ਿਲਾ ਆਗੂ ਰਜਿੰਦਰ ਸਿੰਘ ਜਵਾਹਰਕੇ ਸਮੇਤ ਕਈ ਹੋਰ ਆਗੂਆਂ ਨੇ ਬਾਦਲ ਵਿਰੋਧੀ ਤਖਤੀਆਂ ਵੀ ਚੁੱਕੀਆਂ ਹੋਈਆਂ ਸਨ।


Related News