ਫਿਰ ਲਟਕੀ ''ਬੁੱਢੇ ਨਾਲੇ'' ਨੂੰ ਪ੍ਰਦੂਸ਼ਣ ਮੁਕਤ ਬਣਾਉਣ ਦੀ ਯੋਜਨਾ, 27 ਨੂੰ ਫਾਈਨਲ ਹੋਵੇਗਾ ਟੈਂਡਰ

Friday, Jul 10, 2020 - 12:11 PM (IST)

ਫਿਰ ਲਟਕੀ ''ਬੁੱਢੇ ਨਾਲੇ'' ਨੂੰ ਪ੍ਰਦੂਸ਼ਣ ਮੁਕਤ ਬਣਾਉਣ ਦੀ ਯੋਜਨਾ, 27 ਨੂੰ ਫਾਈਨਲ ਹੋਵੇਗਾ ਟੈਂਡਰ

ਲੁਧਿਆਣਾ (ਹਿਤੇਸ਼) : ਬੁੱਢੇ ਨਾਲੇ ਨੂੰ ਪ੍ਰਦੂਸ਼ਣ ਮੁਕਤ ਬਣਾਉਣ ਦੀ ਯੋਜਨਾ ਤਹਿਤ ਲਾਇਆ ਗਿਆ 650 ਕਰੋੜ ਦੀ ਲਾਗਤ ਵਾਲਾ ਟੈਂਡਰ ਇਕ ਵਾਰ ਫਿਰ ਲਟਕ ਗਿਆ ਹੈ। ਇਹ ਖੁਲਾਸਾ ਵੀਰਵਾਰ ਨੂੰ ਨਗਰ ਨਿਗਮ ਦੇ ਜ਼ੋਨ-ਡੀ ਦਫਤਰ ’ਚ ਸਤਿਗੁਰੂ ਉਦੇ ਸਿੰਘ ਦੀ ਅਗਵਾਈ ’ਚ ਹੋਈ ਟਾਸਕ ਫੋਰਸ ਦੀ ਮੀਟਿੰਗ ’ਚ ਹੋਇਆ, ਜਿੱਥੇ ਅਫਸਰਾਂ ਨੇ ਦੱਸਿਆ ਕਿ ਪਹਿਲਾਂ ਸੀਵਰੇਜ ਬੋਰਡ ਜ਼ਰੀਏ 7 ਜੁਲਾਈ ਲਈ ਟੈਂਡਰ ਜਾਰੀ ਕੀਤਾ ਗਿਆ ਸੀ ਪਰ ਕੁੱਝ ਤਕਨੀਕੀ ਦਿੱਕਤਾਂ ਕਾਰਣ ਉਸ ਨੂੰ 27 ਜੁਲਾਈ ਲਈ ਪੈਂਡਿੰਗ ਕਰ ਦਿੱਤਾ ਗਿਆ ਹੈ।
ਇੱਥੇ ਇਹ ਦੱਸਣਾ ਸਹੀ ਹੋਵੇਗਾ ਕਿ ਸੀਵਰੇਜ ਟ੍ਰੀਟਮੈਂਟ ਪਲਾਂਟਾਂ ਦੀ ਕਪੈਸਟੀ ਅਤੇ ਟੈਕਨਾਲੋਜੀ ਅਪਗ੍ਰੇਡ ਕਰਨ ਸਬੰਧੀ ਇਹ ਟੈਂਡਰ ਪਹਿਲਾਂ ਸਥਾਨਕ ਨੇਤਾਵਾਂ ਅਤੇ ਬਿਜ਼ਨੈੱਸਮੈਂਨਾਂ ਵੱਲੋਂ ਵਿਸ਼ਵਾਸ ਨਾ ਲੈਣ ਦਾ ਮੁੱਦਾ ਬਣਾ ਕੇ ਚੁੱਕੇ ਗਏ ਇਤਰਾਜ਼ ਕਾਰਣ ਫਾਈਨਲ ਨਹੀਂ ਹੋ ਸਕਿਆ ਸੀ ਅਤੇ ਫਿਰ ਸਥਾਨਕ ਸਰਕਾਰਾਂ ਬਾਰੇ ਮਹਿਕਮੇ ਐਡੀਸ਼ਨਲ ਚੀਫ ਸੈਕਟਰੀ ਅਤੇ ਪੀ. ਐੱਮ. ਆਈ. ਡੀ. ਸੀ. ਦੇ ਐੱਮ. ਡੀ. ਦੇ 'ਚ ਸ਼ਰਤਾਂ ਨੂੰ ਲੈ ਕੇ ਵਿਵਾਦ ਹੋਣ ਕਾਰਣ ਕਾਫੀ ਦੇਰ ਤੱਕ ਲਟਕਾ ਰਿਹਾ, ਜਿਸ ਨੂੰ ਸੀ. ਐੱਮ. ਹਾਊਸ ਦੇ ਦਖਲ ਤੋਂ ਬਾਅਦ ਹਰੀ ਝੰਡੀ ਮਿਲੀ ਹੈ।
ਗੋਹਾ ਸੁੱਟਣ ਵਾਲੀਆਂ ਬਾਹਰਲੇ ਏਰੀਏ ਦੀਆਂ ਡੇਅਰੀਆਂ ਖਿਲਾਫ ਵੀ ਹੋਵੇਗੀ ਕਾਰਵਾਈ
ਬੁੱਢੇ ਨਾਲੇ ਦੇ ਪ੍ਰਦੂਸ਼ਣ ਦੀ ਸਮੱਸਿਆ ਦਾ ਡੇਅਰੀਆਂ ਦੇ ਗੋਹੇ ਨੂੰ ਕਾਰਣ ਮੰਨਿਆ ਜਾ ਰਿਹਾ ਹੈ ਅਤੇ ਸਤਿਗੁਰੂ ਉਦੇ ਸਿੰਘ ਨੇ ਸਾਫ ਕਰ ਦਿੱਤਾ ਹੈ ਕਿ ਡੇਅਰੀਆਂ ਦੇ ਗੋਬਰ ਦੀ ਸਮੱਸਿਆ ਦਾ ਹੱਲ ਨਾ ਹੋਣ ਤੱਕ 650 ਕਰੋੜ ਖਰਚ ਕਰਨ ਦਾ ਕੋਈ ਫਾਇਦਾ ਨਹੀਂ ਹੋਵੇਗਾ। ਜਿਸ ਦੇ ਮੱਦੇਨਜ਼ਰ ਕਮਿਸ਼ਨਰ ਪ੍ਰਦੀਪ ਸੱਭਰਵਾਲ ਵੱਲੋਂ ਪਿਛਲੇ ਦਿਨੀਂ ਡੇਅਰੀ ਮਾਲਕਾਂ ਨੂੰ ਗੋਹੇ ਤੋਂ ਫਿਊਲ ਬਣਾਉਣ ਲਈ ਰਾਜ਼ੀ ਕੀਤਾ ਗਿਆ ਹੈ। ਉੱਥੇ ਹਾਲ ਹੀ ’ਚ ਟਾਸਕ ਫੋਰਸ ਦੀ ਮੀਟਿੰਗ ’ਚ ਡੇਅਰੀਆਂ ਦੀ ਸ਼ਿਫਟਿੰਗ ਦੀ ਯੋਜਨਾ ਫਾਈਨਲ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਇਸ ਤੋਂ ਪਹਿਲਾਂ ਕਮਿਸ਼ਨਰ ਵੱਲੋਂ ਸਤਿਗੁਰੂ ਉਦੇ ਸਿੰਘ ਦੇ ਨਾਲ ਬੁੱਢੇ ਨਾਲ ’ਤੇ ਦੌਰਾ ਕੀਤਾ ਗਿਆ ਤਾਂ ਬਾਹਰਲੇ ਏਰੀਏ ’ਚ ਬਣੀਆਂ ਹੋਈਆਂ ਡੇਅਰੀਆਂ ਸਾਹਮਣੇ ਆਈਆਂ। ਜਿਨ੍ਹਾਂ ਵੱਲੋਂ ਸਿੱਧੇ ਤੌਰ ’ਤੇ ਨਾਲੇ ’ਚ ਗੋਹਾ ਸੁੱਟਿਆ ਜਾ ਰਿਹਾ ਹੈ। ਜਿੱਥੇ ਸਫਾਈ ਨਾ ਕਰਨ ਦੇ ਲਈ ਸਿੰਚਾਈ ਵਿਭਾਗ ਦੇ ਅਫਸਰਾਂ ਦੀ ਖਿਚਾਈ ਕੀਤੀ ਗਈ ਅਤੇ ਡੇਅਰੀ ਮਾਲਕਾਂ ਖਿਲਾਫ ਕਾਰਵਾਈ ਕਰਨ ਲਈ ਗਲਾਡਾ ਅਤੇ ਪੀ. ਪੀ. ਸੀ. ਬੀ. ਨੂੰ ਕਿਹਾ ਗਿਆ ਹੈ।
 


author

Babita

Content Editor

Related News