ਲੁਧਿਆਣਾ : ਬੁੱਢੇ ਨਾਲੇ ਨੂੰ ਲੈ ਕੇ ਐੱਨ. ਜੀ. ਟੀ. ਦੀ ਹੋਈ ਅਹਿਮ ਮੀਟਿੰਗ

02/13/2020 4:18:38 PM

ਲੁਧਿਆਣਾ (ਨਰਿੰਦਰ) : ਲੁਧਿਆਣਾ ਦਾ ਬੁੱਢਾ ਨਾਲਾ ਇਕ ਵੱਡੀ ਸਮੱਸਿਆ ਬਣ ਚੁੱਕਾ ਹੈ ਅਤੇ ਪ੍ਰਦੂਸ਼ਣ ਦਾ ਵੱਡਾ ਸਰੋਤ ਹੈ, ਜਿਸ ਨੂੰ ਹੱਲ ਕਰਨ ਲਈ ਐੱਨ. ਜੀ. ਟੀ. ਪੰਜਾਬ ਸਰਕਾਰ ਅਤੇ ਪਦੂਸ਼ਣ ਕੰਟਰੋਲ ਬੋਰਡ ਵੱਲੋਂ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਇਸ ਦੇ ਤਹਿਤ ਲੁਧਿਆਣਾ 'ਚ ਵੀਰਵਾਰ ਨੂੰ ਐੱਨ. ਜੀ. ਟੀ. ਦੀ ਮਾਨੀਟਰਿੰਗ ਕਮੇਟੀ ਦੀ ਲੁਧਿਆਣਾ ਜ਼ਿਲ੍ਹਾ ਪ੍ਰਸ਼ਾਸਨ, ਨਗਰ ਨਿਗਮ ਅਤੇ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਦੇ ਨਾਲ ਇਕ ਬੈਠਕ ਹੋਈ। ਬੈਠਕ ਤੋਂ ਬਾਅਦ ਜਸਟਿਸ ਜਸਬੀਰ ਸਿੰਘ ਨੇ ਕਿਹਾ ਕਿ ਨਾਲੇ ਦੀ ਸਫ਼ਾਈ ਲਈ ਸਰਕਾਰ ਵੱਲੋਂ ਜੋ ਪ੍ਰਾਜੈਕਟ ਪਾਸ ਕੀਤਾ ਗਿਆ ਹੈ, ਉਸ ਦਾ ਖਾਕਾ ਤਿਆਰ ਕਰ ਲਿਆ ਗਿਆ ਹੈ।
ਮਾਨੀਟਰਿੰਗ ਕਮੇਟੀ ਦੇ ਚੇਅਰਮੈਨ ਜਸਟਿਸ ਜਸਬੀਰ ਸਿੰਘ ਨੇ ਕਿਹਾ ਕਿ ਬੁੱਢੇ ਨਾਲੇ ਦੀ ਸਫ਼ਾਈ ਨੂੰ ਲੈ ਕੇ ਸਰਕਾਰ, ਐੱਨ. ਜੀ. ਟੀ. ਅਤੇ ਪ੍ਰਦੂਸ਼ਣ ਕੰਟਰੋਲ ਬੋਰਡ ਹੁਣ ਗੰਭੀਰ ਹੈ ਅਤੇ ਆਪਸੀ ਤਾਲਮੇਲ ਦੀ ਜੋ ਪਹਿਲਾਂ ਕਮੀ ਸੀ ਉਹ ਵੀ ਹੁਣ ਪੂਰੀ ਹੋ ਚੁੱਕੀ ਹੈ। ਜਸਟਿਸ ਜਸਬੀਰ ਸਿੰਘ ਨੇ ਕਿਹਾ ਕਿ ਵੇਸਟ ਦੇ ਮੈਨੇਜਮੈਂਟ ਲਈ ਫਿਲਹਾਲ ਕੋਈ ਪਲਾਨ ਤਿਆਰ ਨਹੀਂ ਕੀਤਾ ਗਿਆ ਹੈ ਪਰ ਇੱਕ ਮਹੀਨੇ 'ਚ ਪਲਾਨ ਤਿਆਰ ਕਰਕੇ ਦੇਣ ਦੀ ਗੱਲ ਕਹੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਐੱਨ. ਜੀ. ਟੀ. ਵੱਲੋਂ ਪਹਿਲਾਂ ਹੀ ਡੈੱਡਲਾਈਨ ਦਿੱਤੀ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਇਹ ਸਿਰਫ਼ ਕਿਸੇ ਇੱਕ ਅਫ਼ਸਰ ਜਾਂ ਅਧਿਕਾਰੀ ਦਾ ਕੰਮ ਨਹੀਂ, ਸਗੋਂ ਸਭ ਨੂੰ ਰਲ-ਮਿਲ ਕੇ ਕਰਨਾ ਪਵੇਗਾ ਅਤੇ ਖਾਸ ਕਰਕੇ ਆਮ ਆਦਮੀ ਦੀ ਵੀ ਇਸ 'ਚ ਅਹਿਮ ਭੂਮਿਕਾ ਹੋਣੀ ਚਾਹੀਦੀ ਹੈ।


Babita

Content Editor

Related News