BSF ਵੱਲੋਂ ਟਰੈਕਟਰ ’ਚ ਲੁਕੋ ਕੇ ਰੱਖੀ 4.5 ਕਰੋੜ ਦੀ ਹੈਰੋਇਨ ਬਰਾਮਦ

Monday, Feb 22, 2021 - 01:00 AM (IST)

BSF ਵੱਲੋਂ ਟਰੈਕਟਰ ’ਚ ਲੁਕੋ ਕੇ ਰੱਖੀ 4.5 ਕਰੋੜ ਦੀ ਹੈਰੋਇਨ ਬਰਾਮਦ

ਫਿਰੋਜ਼ਪੁਰ, (ਖੁੱਲਰ)- ਭਾਰਤ-ਪਾਕਿ ਸਰਹੱਦ ’ਤੇ ਤਾਇਨਾਤ 136 ਬਟਾਲੀਅਨ ਦੇ ਜਵਾਨਾਂ ਨੇ ਪਾਕਿ ਸਮੱਗਲਰਾਂ ਦੇ ਭਾਰਤ ’ਚ ਨਸ਼ਿਆਂ ਦਾ ਜਾਲ ਵਿਛਾਉਣ ਦੇ ਮਨਸੂਬਿਆਂ ਨੂੰ ਫੇਲ ਕਰਦੇ ਹੋਏ 895 ਗ੍ਰਾਮ ਹੈਰੋਇਨ ਬਰਾਮਦ ਕਰਨ ’ਚ ਸਫਲਤਾ ਹਾਸਲ ਕੀਤੀ ਹੈ, ਜੋ ਕਿ ਟਰੈਕਟਰ ਦੇ ਪਾਰਟ ’ਚ ਲੁਕਾ ਕੇ ਸਮੱਗਲਰਾਂ ਵੱਲੋਂ ਰੱਖੀ ਗਈ ਸੀ। ਬੀ. ਐੱਸ. ਐੱਫ. ਦੇ ਅਧਿਕਾਰੀਆਂ ਤੋਂ ਮਿਲੀ ਜਾਣਕਾਰੀ ਇਸ ਦੀ ਕੀਮਤ ਅੰਤਰਰਾਸ਼ਟਰੀ ਬਾਜ਼ਾਰ ’ਚ ਸਾਢੇ 4 ਕਰੋੜ ਰੁਪਏ ਦੱਸੀ ਜਾਂਦੀ ਹੈ। ਬੀ. ਐੱਸ. ਐੱਫ. ਦੇ ਅਧਿਕਾਰੀਆਂ ਨੇ ਦੱਸਿਆ ਕਿ ਜਵਾਨ ਭਾਰਤ-ਪਾਕਿ ਸਰਹੱਦ ’ਤੇ ਮੁਸਤੈਦੀ ਨਾਲ ਪਹਿਰਾ ਦੇ ਰਹੇ ਹਨ ਤੇ ਉਹ ਦੁਸ਼ਮਣਾਂ ਦੀ ਕੋਈ ਵੀ ਗਲਤ ਚਾਲ ਸਫਲ ਨਹੀਂ ਹੋਣ ਦੇਣਗੇ।

ਜ਼ਿਕਰਯੋਗ ਹੈ ਕਿ ਫਿਰੋਜ਼ਪੁਰ ਭਾਰਤ ਪਾਕਿ ਸਰਹੱਦ ’ਤੇ ਬੀ.ਐੱਸ.ਐੱਫ. ਦੇ ਜਵਾਨਾਂ ਨੇ ਕੁਝ ਦਿਨ ਪਹਿਲਾਂ ਵੀ 10 ਕਿੱਲੋ ਹੈਰੋਇਨ ਬਰਾਮਦ ਕਰਨ ’ਚ ਸਫਲਤਾ ਹਾਸਲ ਕੀਤੀ ਸੀ। ਇਹ ਹੈਰੋਇਨ ਦੀ ਕੀਮਤ ਅੰਤਰਰਾਸ਼ਟਰੀ ਬਾਜ਼ਾਰ 'ਚ ਕਰੀਬ 50 ਕਰੋੜ ਰੁਪਏ ਦੀ ਸੀ, ਜਿਸ ਨੂੰ ਅਧਿਕਾਰੀਆਂ ਨੇ ਆਪਣੇ ਕਬਜ਼ੇ ’ਚ ਲੈ ਲਿਆ ਸੀ। 
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪਾਕਿ ਵਾਲੇ ਪਾਸੇ ਤੋਂ ਬੀ.ਐੱਸ.ਐੱਫ. ਦੇ ਜਵਾਨਾਂ ਨੇ ਘਣੀ ਧੁੰਦ ਦੌਰਾਨ ਫੈਂਸਿੰਗ ਦੇ ਨੇੜੇ ਅਜੀਬ ਤਰ੍ਹਾਂ ਦੀ ਹਲਚਲ ਵੇਖੀ। ਬੀਓਪੀ ਗੱਟੀ ਹਯਾਤ ਦੇ ਏਰੀਆ ਵਿਚ ਸਰਹੱਦ ’ਤੇ ਤਾਇਨਾਤ 29 ਬਟਾਲੀਅਨ ਦੇ ਬੀ.ਐੱਸ.ਐੱਫ. ਦੇ ਜਵਾਨਾਂ ਨੇ ਪਾਕਿਸਤਾਨ ਵਾਲੇ ਪਾਸਿਓਂ ਫੈਂਸਿੰਗ ਵੱਲ ਵਧ ਰਹੇ ਪਾਕਿਸਤਾਨੀ ਸਮੱਗਲਰਾਂ ਨੂੰ ਲਲਕਾਰਿਆ ਅਤੇ ਜਦੋਂ ਉਹ ਨਹੀਂ ਰੁਕੇ ਤਾਂ ਮਜਬੂਰ ਹੋ ਕੇ ਬੀ.ਐੱਸ.ਐੱਫ. ਨੂੰ ਗੋਲੀਆਂ ਚਲਾਉਣੀਆਂ ਪਈਆਂ।
ਸਮੱਗਲਰ ਸੰਘਣੀ ਧੁੰਦ ਦਾ ਫ਼ਾਇਦਾ ਉਠਾਉਂਦੇ ਹੋਏ ਫੈਂਸਿੰਗ ਤੋਂ ਹੈਰੋਇਨ ਦੇ ਪੈਕੇਟ ਭਾਰਤੀ ਸਰਹੱਦ ਵਿੱਚ ਸੁੱਟ ਕੇ ਵਾਪਸ ਭੱਜ ਗਏ। ਬੀ.ਐੱਸ.ਐੱਫ. ਦੀ 29 ਬਟਾਲੀਅਨ ਦੇ ਜਵਾਨਾਂ ਵੱਲੋਂ ਜਦੋਂ ਇਸ ਏਰੀਆ ਵਿੱਚ ਸਪੈਸ਼ਲ ਸਰਚ ਆਪ੍ਰੇਸ਼ਨ ਚਲਾਇਆ ਗਿਆ ਤਾਂ ਉਥੇ ਉਨ੍ਹਾਂ ਨੂੰ ਹੈਰੋਇਨ ਦੇ 10 ਪੈਕੇਟ ਬਰਾਮਦ ਹੋਏ, ਜਿਨ੍ਹਾਂ ਦਾ ਭਾਰ ਕਰੀਬ 10 ਕਿੱਲੋ ਸੀ। 
 


author

Bharat Thapa

Content Editor

Related News