ਬਰਨਾਲਾ : ਜ਼ਮੀਨ ਦੇ ਰੌਲੇ ਪਿੱਛੇ ਨੌਜਵਾਨ ਦਾ ਬੇਰਹਿਮੀ ਨਾਲ ਕਤਲ, ਦੋਸ਼ੀ ਫਰਾਰ (ਤਸਵੀਰਾਂ)
Tuesday, Sep 05, 2017 - 02:51 PM (IST)
ਬਰਨਾਲਾ (ਪੁਨੀਤ ਮਾਨ) — ਬਰਨਾਲਾ ਦੇ ਪਿੰਡ ਫਰਵਾਹੀ 'ਚ ਇਕ ਨੌਜਵਾਨ ਨੂੰ ਪਲਾਟ ਦੇ ਵਿਵਾਦ ਦੇ ਚਲਦਿਆਂ ਉਨ੍ਹਾਂ ਦੇ ਗੁਆਂਢੀਆਂ ਨੇ ਲੋਹੇ ਦੀ ਰਾਡ ਤੇ ਕੱਸੀ ਦੇ ਨਾਲ ਬੇਰਹਿਮੀ ਦੇ ਨਾਲ ਮੌਤ ਦੇ ਘਾਟ ਉਤਾਰ ਦਿੱਤਾ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਨੌਜਵਾਨ ਅਦਾਲਤ 'ਚ ਪੇਸ਼ੀ ਤੋਂ ਘਰ ਵਾਪਸ ਆ ਰਿਹਾ ਸੀ। ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੇ ਪਿਤਾ ਸੁਖਦੇਵ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪੁੱਤਰ ਗੁਰਮੀਤ ਸਿੰਘ ਦੇ ਪਲਾਟ ਦਾ ਸੌਦਾ ਉਨ੍ਹਾਂ ਦੇ ਗੁਆਂਢੀ ਦੇ ਨਾਲ ਹੋਇਆ ਸੀ, ਜਿਸ ਸੰਬੰਧੀ ਕੁਝ ਰਕਮ ਬਿਆਨੇ ਦੇ ਤੌਰ 'ਤੇ ਦਿੱਤੀ ਜਾ ਚੁੱਕੀ ਸੀ ਪਰ ਉਹ ਇਸ ਪਲਾਟ ਨੂੰ ਹੜਪਣਾ ਚਾਹੁੰਦੇ ਸਨ। ਮ੍ਰਿਤਕ ਦੇ ਪਿਤਾ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਦੇ ਪੁੱਤਰ ਦੀ ਪਹਿਲਾਂ ਵੀ ਗੁਆਂਢੀਆਂ ਨਾਲ ਝਗੜਾ ਹੋਇਆ ਸੀ, ਜਿਸ ਦਾ ਮਾਮਲਾ ਅਦਾਲਤ 'ਚ ਵਿਚਾਰ ਅਧੀਨ ਸੀ। ਉਸੇ ਕੇਸ 'ਚ ਉਹ ਵਾਰਦਾਤ ਤੋਂ ਪਹਿਲਾਂ ਅਦਾਲਤ 'ਚ ਪੇਸ਼ੀ ਤੋਂ ਵਾਪਸ ਆ ਰਿਹਾ ਸੀ, ਜਦ ਉਹ ਘਰ ਦੇ ਨੇੜੇ ਪਹੁੰਚਿਆਂ ਤਾਂ ਪਹਿਲਾਂ ਤੋਂ ਹੀ ਘਾਤ ਲਗਾਏ ਬੈਠੇ 5 ਦੋਸ਼ੀਆਂ ਜਿਨ੍ਹਾਂ 'ਚੋਂ ਇਕ ਮਹਿਲਾ ਵੀ ਹੈ ਨੇ ਅਚਾਨਕ ਗੁਰਮੀਤ ਸਿੰਘ 'ਤੇ ਹਥਿਆਰਾਂ ਨਾਲ ਕਾਤਲਾਨਾ ਹਮਲਾ ਕਰ ਦਿੱਤਾ ਤੇ ਗੁਰਮੀਤ ਸਿੰਘ ਨੂੰ ਘਸੀਟ ਕੇ ਆਪਣੇ ਘਰ ਦੇ ਅੰਦਰ ਲਜਾ ਕੇ ਬੜੀ ਬੇਰਹਿਮੀ ਨਾਲ ਕਤਲ ਕਰ ਦਿੱਤਾ।

ਇਸ ਸੰਬੰਧੀ ਬਰਨਾਲਾ ਪੁਲਸ ਦੇ ਐੱਸ. ਐੱਚ. ਏ. ਸਦਰ ਗੌਰਵ ਵੰਸ਼ ਨੇ ਦੱਸਿਆ ਕਿ ਇਹ ਦੋਵੇਂ ਗੁਆਂਢੀਆਂ ਦਾ ਮਕਾਨ ਜਾਂ ਪਲਾਟ ਨੂੰ ਲੈ ਕੇ ਆਪਸ 'ਚ ਝਗੜਾ ਸੀ ਜੋ ਕਿ ਕਤਲ ਦਾ ਕਾਰਨ ਬਣਿਆ। ਪੁਲਸ ਅਧਿਕਾਰੀ ਨੇ ਦੱਸਿਆ ਕਿ ਦੋਸ਼ੀਆਂ ਦੇ ਖਿਲਾਫ ਆਈ. ਪੀ. ਸੀ. ਦੀ ਧਾਰਾ 302,148,149 ਦੇ ਅਧੀਨ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਸਾਰੇ ਦੋਸ਼ੀ ਅਜੇ ਵੀ ਫਰਾਰ ਹਨ। ਜਿਨ੍ਹਾਂ ਲਈ ਛਾਪੇਮਾਰੀ ਜਾਰੀ ਹੈ ਤੇ ਜਲਦ ਹੀ ਪੁਲਸ ਸਾਰੇ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ।

