ਬਾਦਲ ਦੀਆਂ 600 ਕਰੋੜ ਦੀਆਂ ਬੱਸਾਂ ਨੂੰ ਨਹੀਂ ਮਿਲ ਰਹੀ ਸਵਾਰੀ, ਜਾਣੋ ਕੀ ਹੈ ਕਾਰਨ

03/15/2017 2:45:12 PM

ਅੰਮ੍ਰਿਤਸਰ : ਗੁਰੂ ਨਗਰੀ ਅੰਮ੍ਰਿਤਸਰ ''ਚ ''ਬੱਸ ਰੈਪਿਡ ਟਰਾਂਸਿਟ ਸਿਸਟਮ (ਬੀ. ਆਰ. ਟੀ. ਐੱਸ.) ਤਹਿਤ ਬਾਦਲ ਦੀਆਂ 600 ਕਰੋੜ ਦੀਆਂ ਬੱਸਾਂ ਸੜਕਾਂ ''ਤੇ ਖਾਲੀ ਹੀ ਦੌੜ ਰਹੀਆਂ ਹਨ ਕਿਉਂਕਿ ਇਨ੍ਹਾਂ ਬੱਸਾਂ ਨੂੰ ਸਵਾਰੀ ਨਾ ਦੇ ਬਰਾਬਰ ਮਿਲ ਰਹੀ ਹੈ, ਜਿਸ ਕਾਰਨ ਇਹ ਪ੍ਰਾਜੈਕਟ ਠੰਡੇ ਬਸਤੇ ''ਚ ਪੈਂਦਾ ਹੋਇਆ ਨਜ਼ਰ ਆ ਰਿਹਾ ਹੈ। ਅਕਾਲੀ ਸਰਕਾਰ ਦੇ ਸਮੇਂ ''ਚ ਬਣਿਆ ਮੈਟਰੋ ਬੱਸ ਪ੍ਰਾਜੈਕਟ ਹਨ੍ਹੇਰੇ ''ਚ ਡੁੱਬਦਾ ਜਾ ਰਿਹਾ ਹੈ। 600 ਕਰੋੜ ਰੁਪਏ ਦੇ ਇਸ ਪ੍ਰਾਜੈਕਟ ਨੂੰ 3 ਸਾਲਾਂ ਦਾ ਸਮਾਂ ਲੱਗਿਆ ਹੈ। ਪ੍ਰਾਜੈਕਟ ਅਧੀਨ ਮੈਟਰੋ ਬੱਸਾਂ ਨੂੰ ਚਲਾਉਣ ਲਈ ਅੰਮ੍ਰਿਤਸਰ ਦੀਆਂ ਸੜਕਾਂ ਵਿਚਕਾਰ ਇਕ ਰੋਡ ਬਣਾਇਆ ਗਿਆ ਸੀ, ਜਿੱਥੇ ਇਹ ਬੱਸਾਂ ਚੱਲਣੀਆਂ ਸਨ। ਹੁਣ ਆਲਮ ਇਹ ਹੈ ਕਿ ਬੱਸਾਂ ਤਾਂ ਇਨ੍ਹਾਂ ਰੋਡਾਂ ''ਤੇ ਚੱਲ ਰਹੀਆਂ ਹਨ ਪਰ ਇਨ੍ਹਾਂ ਬੱਸਾਂ ਨੂੰ ਸਵਾਰੀ ਨਹੀਂ ਮਿਲ ਰਹੀ ਕਿਉਂਕਿ ਆਟੋ ਚਾਲਕਾਂ ਦੀ ਵਧਦੀ ਗਿਣਤੀ ਨੇ ਇਸ ਪ੍ਰਾਜੈਕਟ ਦੇ ਵਿਕਾਸ ਨੂੰ ਰੋਕ ਦਿੱਤਾ ਹੈ। ਜਦੋਂ ਇਸ ਬਾਰੇ ਅੰਮ੍ਰਿਤਸਰ ਦੇ ਮੇਅਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਵਰਗੇ ਛੋਟੇ ਸ਼ਹਿਰ ''ਚ ਇਹ ਪ੍ਰਾਜੈਕਟ ਇਸ ਲਈ ਵੀ ਕਾਮਯਾਬ ਨਹੀਂ ਹੋ ਰਿਹਾ ਕਿਉਂਕਿ ਇਕ ਜਗ੍ਹਾ ਤੋਂ ਦੂਜੀ ਜਗ੍ਹਾ ਜਾਣ ਲਈ ਸਿਰਫ 10 ਮਿੰਟਾਂ ਦਾ ਸਮਾਂ ਲੱਗਦਾ ਹੈ, ਇਸ ਲਈ ਲੋਕ ਬੱਸਾਂ ਦੀ ਜਗ੍ਹਾ ਆਟੋ ਨੂੰ ਜ਼ਿਆਦਾ ਤਰਜੀਹ ਦਿੰਦੇ ਹਨ। ਇਸ ਤੋਂ ਇਲਾਵਾ ਪ੍ਰਾਜੈਕਟ ਤਹਿਤ ਰੇਲਵੇ ਸਟੇਸ਼ਨ ਤੋਂ ਛੇਹਰਟਾ ਅਤੇ ਨਾਲ ਹੀ ਬਟਾਲਾ ਰੋਡ ਤੋਂ ਲਾਰੇਂਸ ਰੋਡ ਦਾ ਰੂਟ ਸ਼ੁਰੂ ਕੀਤਾ ਗਿਆ ਹੈ ਪਰ ਸ਼ਹਿਰ ਦੇ ਦੋ ਵੱਡੇ ਹਿੱਸਿਆਂ ਨੂੰ ਇਹ ਬੱਸਾਂ ਅਜੇ ਜੋੜ ਨਹੀਂ ਸਕੀਆਂ ਹਨ। ਇਸ ਦੌਰਾਨ ਇਹ ਗੱਲ ਸਾਫ ਹੈ ਕਿ 600 ਕਰੋੜ ਦੀ ਲਾਗਤ ਨਾਲ ਬਣਿਆ ਇਹ ਪ੍ਰਾਜੈਕਟ ਆਪਣੀ ਰਫਤਾਰ ਖੋਹ ਰਿਹਾ ਹੈ ਅਤੇ ਜਨਤਾ ਦਾ ਪੈਸਾ ਕਿਤੇ ਨਾ ਕਿਤੇ ਡੁੱਬਦਾ ਹੋਇਆ ਨਜ਼ਰ ਆ ਰਿਹਾ ਹੈ।

Babita Marhas

News Editor

Related News