ਦੋ ਭੈਣਾਂ ਦੇ ਇਕਲੌਤੇ ਭਰਾ ਦੀ ਭੇਤਭਰੀ ਹਾਲਤ ''ਚ ਮੌਤ! ਪਰਿਵਾਰ ਨੇ ਲਾਏ ਗੰਭੀਰ ਦੋਸ਼

Tuesday, Sep 08, 2026 - 03:49 PM (IST)

ਦੋ ਭੈਣਾਂ ਦੇ ਇਕਲੌਤੇ ਭਰਾ ਦੀ ਭੇਤਭਰੀ ਹਾਲਤ ''ਚ ਮੌਤ! ਪਰਿਵਾਰ ਨੇ ਲਾਏ ਗੰਭੀਰ ਦੋਸ਼

ਤਪਾ ਮੰਡੀ (ਸ਼ਾਮ ਗਰਗ): ਸਥਾਨਕ ਵਾਲਮੀਕਿ ਬਸਤੀ ਨਾਲ ਸਬੰਧਤ ਇਕ ਨੌਜਵਾਨ ਦੀ ਸ਼ੱਕੀ ਹਾਲਾਤ ਵਿਚ ਮੌਤ ਹੋ ਗਈ। 5 ਸਤੰਬਰ ਤੋਂ ਲਾਪਤਾ 22 ਸਾਲਾ ਨੌਜਵਾਨ ਦੀ ਲਾਸ਼ ਢਿਲਵਾਂ ਰੋਡ ਨੇੜੇ ਗੰਦੇ ਨਾਲੇ ਦੇ ਕਿਨਾਰੇ ਤੋਂ ਬਰਾਮਦ ਹੋਈ ਹੈ। ਘਟਨਾ ਤੋਂ ਬਾਅਦ ਮ੍ਰਿਤਕ ਦੇ ਪਰਿਵਾਰ ਨੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਕੇ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਦੀ ਪਛਾਣ ਵਰੁਣ ਕੁਮਾਰ ਵਜੋਂ ਹੋਈ ਹੈ। ਮ੍ਰਿਤਕ ਦੇ ਪਿਤਾ ਬੋਬੀ ਪੁੱਤਰ ਮਦਨ ਲਾਲ ਵੱਲੋਂ ਪੁਲਸ ਨੂੰ ਦਿੱਤੇ ਬਿਆਨਾਂ ਅਨੁਸਾਰ ਵਰੁਣ ਕੁਮਾਰ ਪਿਛਲੇ 3 ਦਿਨਾਂ ਤੋਂ ਘਰ ਨਹੀਂ ਪਰਤਿਆ ਸੀ। ਪਰਿਵਾਰਕ ਮੈਂਬਰਾਂ ਵੱਲੋਂ ਉਸ ਦੀ ਲਗਾਤਾਰ ਭਾਲ ਕੀਤੀ ਜਾ ਰਹੀ ਸੀ ਅਤੇ ਮਾਮਲੇ ਸਬੰਧੀ ਪੁਲਸ ਨੂੰ ਵੀ ਜਾਣਕਾਰੀ ਦਿੱਤੀ ਗਈ ਸੀ। ਇਸੇ ਦੌਰਾਨ ਉਸ ਦੀ ਲਾਸ਼ ਢਿਲਵਾਂ ਰੋਡ ਨੇੜੇ ਗੰਦੇ ਨਾਲੇ ਦੇ ਕਿਨਾਰੇ ਮਿਲਣ ਦੀ ਸੂਚਨਾ ਪਰਿਵਾਰ ਨੂੰ ਮਿਲੀ।

ਪਰਿਵਾਰ ਵੱਲੋਂ ਪੁਲਸ ਕੋਲ ਦਰਜ ਕਰਵਾਈ ਸ਼ਿਕਾਇਤ ਵਿਚ ਦੋਸ਼ ਲਗਾਇਆ ਗਿਆ ਹੈ ਕਿ ਵਰੁਣ ਕੁਮਾਰ ਆਪਣੇ ਦੋਸਤ ਜੱਸਾ ਪੁੱਤਰ ਨੰਦ ਲਾਲ ਵਾਸੀ ਬਾਜੀਗਰ ਬਸਤੀ ਨਾਲ ਗਿਆ ਸੀ। ਪਰਿਵਾਰ ਦਾ ਦੋਸ਼ ਹੈ ਕਿ ਦੋਸਤ ਵੱਲੋਂ ਵਰੁਣ ਨੂੰ ਨਸ਼ੇ ਦੀ ਓਵਰਡੋਜ਼ ਦਿੱਤੀ ਗਈ,ਜਿਸ ਕਾਰਨ ਉਸ ਦੀ ਹਾਲਤ ਵਿਗੜ ਗਈ ਅਤੇ ਕਥਿਤ ਤੌਰ ’ਤੇ ਉਸ ਦੀ ਮੌਤ ਹੋ ਗਈ। ਪਰਿਵਾਰ ਨੇ ਇਸ ਪੂਰੇ ਮਾਮਲੇ ਦੀ ਨਿਰਪੱਖ ਅਤੇ ਡੂੰਘਾਈ ਨਾਲ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ।

ਉੱਧਰ, ਚੌਂਕੀ ਇੰਚਾਰਜ ਕੁਲਵੰਤ ਸਿੰਘ ਨੇ ਦੱਸਿਆ ਕਿ ਪੁਲਸ ਵੱਲੋਂ ਮਾਮਲੇ ਦੀ ਜਾਂਚ ਕਰਕੇ ਦੋਸ਼ੀ ਜੱਸਾ ਰਾਮ ਪੁੱਤਰ ਨੰਦ ਲਾਲ ਵਾਸੀ ਬਾਜੀਗਰ ਬਸਤੀ ਅਤੇ ਅਣਪਛਾਤਿਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਮੌਤ ਦੇ ਅਸਲ ਕਾਰਨਾਂ ਬਾਰੇ ਸਪੱਸ਼ਟ ਜਾਣਕਾਰੀ ਮਿਲ ਸਕੇਗੀ। ਪੁਲਸ ਵੱਲੋਂ ਪਰਿਵਾਰ ਦੇ ਬਿਆਨਾਂ ਸਮੇਤ ਮਾਮਲੇ ਨਾਲ ਜੁੜੇ ਸਾਰੇ ਪਹਿਲੂਆਂ ਦੀ ਜਾਂਚ ਕੀਤੀ ਜਾ ਰਹੀ ਹੈ। ਜਾਂਚ ਤੋਂ ਬਾਅਦ ਜੋ ਵੀ ਤੱਥ ਸਾਹਮਣੇ ਆਉਣਗੇ, ਉਨ੍ਹਾਂ ਦੇ ਆਧਾਰ ’ਤੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਪਰਿਵਾਰਿਕ ਸੂਤਰਾਂ ਅਨੁਸਾਰ ਮ੍ਰਿਤਕ ਅਪਣੀਆਂ ਦੋ ਭੈਣਾਂ ਦਾ ਇਕਲੋਤਾ ਭਰਾ ਸੀ। 
 


author

Anmol Tagra

Content Editor

Related News