ਪ੍ਰੇਮ ਵਿਆਹ ਤੋਂ ਖ਼ਫ਼ਾ ਭਰਾ ਨੇ ਭੈਣ ਨੂੰ ਮਾਰੀ ਗੋਲ਼ੀ, ਸਹੁਰੇ ਨੂੰ ਵੀ ਕੀਤਾ ਜ਼ਖ਼ਮੀ

01/28/2023 10:32:33 PM

ਤਲਵੰਡੀ ਸਾਬੋ (ਮੁਨੀਸ਼)- ਸਬ ਡਵੀਜ਼ਨ ਤਲਵੰਡੀ ਸਾਬੋ ਦੇ ਪਿੰਡ ਤਿਉਣਾ ਪੁਜਾਰੀਆਂ ਵਿਖੇ ਚਾਰ ਸਾਲ ਪਹਿਲਾਂ ਹੋਏ ਪ੍ਰੇਮ ਵਿਆਹ ਤੋਂ ਖ਼ਫ਼ਾ ਲੜਕੀ ਦੇ ਪਰਿਵਾਰਿਕ ਮੈਂਬਰਾਂ ਵੱਲੋਂ ਲੜਕੀ ਅਤੇ ਉਸ ਦੇ ਸਹੁਰੇ ’ਤੇ ਮਾਰਨ ਦੀ ਨੀਅਤ ਨਾਲ ਕਥਿਤ ਗੋਲ਼ੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਵਿਚ ਲੜਕੀ ਅਤੇ ਉਸ ਦਾ ਸਹੁਰਾ ਜ਼ਖ਼ਮੀ ਹੋਏ ਹਨ।

ਇਹ ਖ਼ਬਰ ਵੀ ਪੜ੍ਹੋ - ਪੁਲਸ ਨੇ ਨਾਕੇ 'ਤੇ ਰੋਕਿਆ ਤਾਂ ਵਿਅਕਤੀ ਨੇ ਚਲਾ ਦਿੱਤੀ ਗੋਲ਼ੀ, ਪੁਲਸ ਨੇ ਜਵਾਬੀ ਫਾਇਰਿੰਗ ਕਰ ਕੀਤਾ ਗ੍ਰਿਫ਼ਤਾਰ

ਜ਼ਖ਼ਮੀਆਂ ’ਚੋਂ ਲੜਕੀ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਤਲਵੰਡੀ ਸਾਬੋ ਪੁਲਸ ਨੇ ਮਾਮਲਾ ਦਰਜ ਕਰ ਕੇ ਜਾਂਚ ਆਰੰਭ ਦਿੱਤੀ ਹੈ। ਧੰਨ ਸਿੰਘ ਵਾਸੀ ਤਿਉਣਾ ਪੁਜਾਰੀਆਂ ਨੇ ਪੁਲਸ ਕੋਲ ਦਰਜ ਕਰਵਾਏ ਬਿਆਨਾਂ ਵਿਚ ਦੱਸਿਆ ਕਿ ਚਾਰ ਸਾਲ ਪਹਿਲਾਂ ਉਸ ਦੇ ਲੜਕੇ ਬਲਵੰਤ ਸਿੰਘ ਨੇ ਪਿੰਡ ਦੀ ਹੀ ਮਨਦੀਪ ਕੌਰ ਪੁੱਤਰੀ ਗੁਰਸੇਵਕ ਸਿੰਘ ਨਾਲ ਪ੍ਰੇਮ ਵਿਆਹ ਕਰਵਾਇਆ ਹੈ ਪਰ ਮਨਦੀਪ ਕੌਰ ਦੇ ਪਰਿਵਾਰ ਵਾਲੇ ਉਸ ਸਮੇਂ ਤੋਂ ਹੀ ਇਸ ਵਿਆਹ ਤੋਂ ਨਾਰਾਜ਼ ਸਨ। ਉਸੇ ਨਾਰਾਜ਼ਗੀ ਤਹਿਤ ਅੱਜ ਸਵੇਰੇ ਤੜਕਸਾਰ ਮਨਦੀਪ ਕੌਰ ਦੇ ਭਰਾਵਾਂ, ਰਿਸ਼ਤੇਦਾਰਾਂ ਅਤੇ ਕੁੱਝ ਹੋਰ 4-5 ਨਾਮਾਲੂਮ ਵਿਅਕਤੀਆਂ ਜਿਨ੍ਹਾਂ ਕੋਲ ਕਈ ਕਿਸਮ ਦੇ ਹਥਿਆਰ ਸਨ, ਕੰਧ ਟੱਪ ਕੇ ਘਰ ਅੰਦਰ ਦਾਖ਼ਲ ਹੋਏ।

ਇਹ ਖ਼ਬਰ ਵੀ ਪੜ੍ਹੋ - ਟਰੈਕਟਰ ਚੋਰਾਂ ਨੇ ਮਾਲਕ 'ਤੇ ਚਲਾਈ ਗੋਲ਼ੀ, ਜਵਾਬੀ ਫਾਇਰਿੰਗ ਵਿਚ 1 ਦੀ ਮੌਤ, 2 ਗ੍ਰਿਫ਼ਤਾਰ

ਮਨਦੀਪ ਕੌਰ ਦੇ ਭਰਾ ਸੁੱਖੀ ਸਿੰਘ ਨੇ ਪਿਸਤੌਲ ਨਾਲ ਮੇਰੀ ਨੂੰਹ ਮਨਦੀਪ ਕੌਰ ਉੱਪਰ ਮਾਰਨ ਦੀ ਨੀਅਤ ਨਾਲ ਗੋਲੀ ਚਲਾ ਦਿੱਤੀ ਜੋ ਉਸ ਦੀ ਖੱਬੀ ਵੱਖੀ ਵਿਚ ਲੱਗੀ। ਉਸ ਨੂੰ ਬਚਾਉਣ ਦੀ ਕੋਸ਼ਿਸ਼ ਵਿਚ ਮੇਰੇ ਉੱਪਰ ਵੀ ਹਮਲਾ ਕੀਤਾ ਗਿਆ ਅਤੇ ਰੌਲਾ ਪੈਣ ’ਤੇ ਹਮਲਾਵਰ ਭੱਜ ਨਿਕਲੇ।

ਇਹ ਖ਼ਬਰ ਵੀ ਪੜ੍ਹੋ - ਪਤੰਗ ਉਡਾ ਰਹੇ ਬੱਚੇ ਲਈ ਕਾਲ ਬਣ ਕੇ ਆਈ ਤੇਜ਼ ਰਫ਼ਤਾਰ ਕਾਰ, ਹੋਈ ਦਰਦਨਾਕ ਮੌਤ

ਉੱਧਰ ਘਟਨਾ ਵਾਪਰਦਿਆਂ ਹੀ ਜ਼ਖਮੀਆਂ ਨੂੰ ਤਲਵੰਡੀ ਸਾਬੋ ਦੇ ਸਿਵਲ ਹਸਪਤਾਲ ਲਿਆਂਦਾ ਗਿਆ, ਜਿੱਥੋਂ ਉਨ੍ਹਾਂ ਨੂੰ ਬਠਿੰਡਾ ਰੈਫਰ ਕਰ ਦਿੱਤਾ ਗਿਆ। ਜ਼ਖ਼ਮੀਆਂ ’ਚੋਂ ਮਨਦੀਪ ਕੌਰ ਦੀ ਹਾਲਤ ਗੰਭੀਰ ਹੋਣ ਕਰ ਕੇ ਉਸਨੂੰ ਅੱਗੇ ਫਰੀਦਕੋਟ ਲਈ ਰੈਫਰ ਕਰ ਦਿੱਤਾ ਗਿਆ ਹੈ। ਥਾਣਾ ਮੁਖੀ ਗੁਰਦੀਪ ਸਿੰਘ ਨੇ ਦੱਸਿਆ ਕਿ ਧੰਨ ਸਿੰਘ ਦੇ ਬਿਆਨ ’ਤੇ ਸੁੱਖੀ ਸਿੰਘ ਪੁੱਤਰ ਗੁਰਸੇਵਕ ਸਿੰਘ, ਪਾਲੀ ਉਰਫ ਸੁਖਪਾਲ ਸਿੰਘ ਪੁੱਤਰ ਗੁਰਜੀਤ ਸਿੰਘ, ਸ਼ਿੰਦਰ ਸਿੰਘ ਅਤੇ ਜੀਵਨ ਸਿੰਘ ਪੁੱਤਰ ਨਸੀਬ ਸਿੰਘ ਵਾਸੀ ਤਿਉਣਾ ਪੁਜਾਰੀਆਂ, ਪਾਲੀ ਸਿੰਘ ਵਾਸੀ ਮਲਕਾਣਾ ਅਤੇ 4-5 ਨਾਮਲੂਮ ਵਿਅਕਤੀਆਂ ਖ਼ਿਲਾਫ਼ ਵੱਖ-ਵੱਖ ਸੰਗੀਨ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਕੇ ਜਾਂਚ ਆਰੰਭ ਦਿੱਤੀ ਹੈ, ਜਦੋਂਕਿ ਡੀ. ਐੱਸ. ਪੀ. ਤਲਵੰਡੀ ਸਾਬੋ ਬੂਟਾ ਸਿੰਘ ਗਿੱਲ ਨੇ ਦੱਸਿਆ ਕਿ ਵੱਖ-ਵੱਖ ਟੀਮਾਂ ਬਣਾ ਕੇ ਕਥਿਤ ਦੋਸ਼ੀਆਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਕਥਿਤ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Anmol Tagra

Content Editor

Related News