ਜ਼ਮੀਨ ਦੀ ਵੰਡ ਨੂੰ ਲੈ ਕੇ ਵੱਡੇ ਭਰਾ ਨੇ ਛੋਟੇ ’ਤੇ ਚਲਾਈਆਂ ਗੋਲੀਆਂ, ਮੌਤ

Saturday, Mar 07, 2020 - 11:17 PM (IST)

ਜ਼ਮੀਨ ਦੀ ਵੰਡ ਨੂੰ ਲੈ ਕੇ ਵੱਡੇ ਭਰਾ ਨੇ ਛੋਟੇ ’ਤੇ ਚਲਾਈਆਂ ਗੋਲੀਆਂ, ਮੌਤ

ਬਠਿੰਡਾ, (ਵਰਮਾ)- ਸ਼ਨੀਵਾਰ ਦੇਰ ਸ਼ਾਮ ਨਵੀਂ ਬਸਤੀ ’ਚ ਰਹਿਣ ਵਾਲੇ ਇਕ ਵਿਅਕਤੀ ਨੇ ਪੁਸ਼ਤੈਨੀ ਜ਼ਮੀਨ ਦੇ ਵੰਡ ਨੂੰ ਲੈ ਕੇ ਆਪਣੇ ਹੀ ਸਕੇ ਭਰਾ ’ਤੇ ਗੋਲੀਆਂ ਚਲਾ ਦਿੱਤੀਆਂ, ਜਿਸ ਨੂੰ ਪਰਿਵਾਰ ਵਾਲਿਆਂ ਨੇ ਮੈਕਸ ਹਸਪਤਾਲ ’ਚ ਦਾਖਲ ਕਰਵਾਇਆ, ਜਿਥੇ ਉਸਦੀ ਮੌਤ ਹੋ ਗਈ। ਗੋਲੀ ਚਲਾਉਣ ਵਾਲਾ ਵੱਡਾ ਭਰਾ ਘਟਨਾ ਨੂੰ ਅੰਜਾਮ ਦੇ ਕੇ ਮੌਕੇ ਤੋਂ ਫਰਾਰ ਹੋ ਗਿਆ। ਥਾਣਾ ਕੋਤਵਾਲੀ ਪੁਲਸ ਨੇ ਮ੍ਰਿਤਕ ਦੇ ਪਿਤਾ ਦੇ ਬਿਆਨਾਂ ’ਤੇ ਵੱਡੇ ਭਰਾ ’ਤੇ ਕਤਲ ਦਾ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਸੂਚਨਾ ਮਿਲਣ ਤੋਂ ਬਾਅਦ ਡੀ. ਐੱਸ. ਪੀ. ਸਿਟੀ ਵਨ ਗੁਰਜੀਤ ਸਿੰਘ ਰੋਮਾਣਾ ਅਤੇ ਥਾਣਾ ਕੋਤਵਾਲੀ ਪ੍ਰਮੁੱਖ ਇੰਸਪੈਕਟਰ ਦਵਿੰਦਰ ਸਿੰਘ ਪੁਲਸ ਟੀਮ ਨਾਲ ਮੌਕੇ ’ਤੇ ਪਹੁੰਚੇ ਅਤੇ ਘਟਨਾ ਸਥਾਨ ਦਾ ਜਾਇਜ਼ਾ ਲਿਆ। ਡੀ. ਐੱਸ. ਪੀ. ਰੋਮਾਣਾ ਨੇ ਦੱਸਿਆ ਕਿ ਨਵੀਂ ਬਸਤੀ ਦੀ ਗਲੀ ਨੰਬਰ ਚਾਰ ’ਚ ਰਹਿਣ ਵਾਲੇ ਜਸਵਿੰਦਰ ਸਿੰਘ ਵਾਲੀਆ ਦਾ ਆਪਣੇ ਛੋਟੇ ਭਰਾ ਸਿਮਰਨਜੀਤ ਸਿੰਘ ਵਾਲੀਆ ਨਾਲ ਪੁਸ਼ਤੈਨੀ ਜ਼ਮੀਨ ਦੀ ਵੰਡ ਨੂੰ ਲੈ ਕੇ ਵਿਵਾਦ ਚਲ ਰਿਹਾ ਸੀ, ਜਦਕਿ ਦੋਵੇਂ ਭਰਾ ਨਵੀਂ ਬਸਤੀ ਗਲੀ ਨੰਬਰ 4 ’ਚ ਅਲੱਗ-ਅਲੱਗ ਮਕਾਨ ਵਿਚ ਰਹਿੰਦੇ ਸੀ। ਜ਼ਮੀਨੀ ਵਿਵਾਦ ਦੇ ਕਾਰਣ ਸ਼ਨੀਵਾਰ ਦੇਰ ਸ਼ਾਮ ਦੋਵੇਂ ਭਰਾਵਾਂ ’ਚ ਵਿਵਾਦ ਹੋ ਗਿਆ, ਜਿਸ ਤੋਂ ਬਾਅਦ ਵੱਡੇ ਭਰਾ ਜਸਵਿੰਦਰ ਸਿੰਘ ਨੇ ਆਪਣੀ ਲਾਇਸੈਂਸੀ ਪਿਸਤੌਲ ਨਾਲ ਆਪਣੇ ਛੋਟੇ ਭਰਾ ਸਿਮਰਨਜੀਤ ਸਿੰਘ ’ਤੇ ਫਾਇਰਿੰਗ ਕਰ ਦਿੱਤੀ। ਸਿਮਰਨਜੀਤ ਸਿੰਘ ਨੂੰ ਤਿੰਨ -ਚਾਰ ਗੋਲੀਆਂ ਲੱਗਣ ਕਾਰ ਉਹ ਗੰਭੀਰ ਤੌਰ ’ਤੇ ਜ਼ਖਮੀ ਹੋ ਗਿਆ, ਜਦਕਿ ਮੁਲਜ਼ਮ ਭਰਾ ਜਸਵਿੰਦਰ ਸਿੰਘ ਮੌਕੇ ਤੋਂ ਫਰਾਰ ਹੋ ਗਿਆ। ਪਰਿਵਾਰ ਵਾਲਿਆਂ ਨੇ ਗੰਭੀਰ ਹਾਲਤ ’ਚ ਸਿਮਰਨਜੀਤ ਸਿੰਘ ਨੂੰ ਹਸਪਤਾਲ ਪਹੁੰਚਾਇਆ। ਜਿਥੇ ਇਕ ਨਿੱਜੀ ਹਸਪਤਾਲ ’ਚ ਉਸਦੀ ਮੌਤ ਹੋ ਗਈ। ਡੀ. ਐੱਸ. ਪੀ. ਰੋਮਾਣਾ ਨੇ ਦੱਸਿਆ ਕਿ ਮ੍ਰਿਤਕ ਦੇ ਪਿਤਾ ਜਸਵੰਤ ਸਿੰਘ ਦੇ ਬਿਆਨਾਂ ’ਤੇ ਮੁਲਜ਼ਮ ਭਰਾ ’ਤੇ ਕਤਲ ਦਾ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।


author

Bharat Thapa

Content Editor

Related News