ਇਸ ਭਰਾ-ਭੈਣ ਨੇ ਤਾਂ ਹੱਦ ਹੀ ਕਰ ਦਿੱਤੀ, ਭਾਬੀ ਨਾਲ ਕੀਤੀ ਕਰਤੂਤ ਸੁਣ ਨਹੀਂ ਹੋਵੇਗਾ ਯਕੀਨ
Friday, Aug 04, 2017 - 07:29 PM (IST)
ਸਾਹਨੇਵਾਲ (ਜ.ਬ.) : ਲੋਕਾਂ ਨੂੰ ਵਿਦੇਸ਼ ਭੇਜਣ ਦੇ ਨਾਂ 'ਤੇ ਧੋਖਾਦੇਹੀ ਕਰਦੇ ਹੋਏ ਟ੍ਰੈਵਲ ਏਜੰਟਾਂ ਨੂੰ ਆਮ ਦੇਖਿਆ ਗਿਆ ਹੈ ਪਰ ਇਸ ਕਲਯੁੱਗ ਦੀ ਦੁਨੀਆ 'ਚ ਲੋਕ ਆਪਣੇ ਹੀ ਰਿਸ਼ਤੇਦਾਰਾਂ ਨੂੰ ਵਿਦੇਸ਼ਾਂ ਦੇ ਸੁਪਨੇ ਵਿਖਾ ਕੇ ਠੱਗਣ 'ਚ ਕੋਈ ਝਿਜਕ ਨਹੀਂ ਵਿਖਾਉਂਦੇ, ਜਿਸ ਦੀ ਤਾਜ਼ਾ ਮਿਸਾਲ ਉਸ ਸਮੇਂ ਦੇਖਣ ਨੂੰ ਮਿਲੀ ਜਦੋਂ ਇਕ ਵਿਧਵਾ ਔਰਤ ਨੂੰ ਉਸ ਦੇ ਪਤੀ ਦੇ ਰਿਸ਼ਤੇਦਾਰਾਂ ਭੈਣ-ਭਰਾ ਨੇ ਹੀ ਵਿਦੇਸ਼ ਦੇ ਸੁਪਨੇ ਵਿਖਾ ਕੇ ਲੱਖਾਂ ਰੁਪਏ ਠੱਗ ਲਏ, ਜਿਸਦੇ ਬਾਅਦ ਪੀੜਤ ਵਿਧਵਾ ਨੇ ਇਸ ਦੀ ਸ਼ਿਕਾਇਤ ਥਾਣਾ ਕੂੰਮਕਲਾਂ ਪੁਲਸ ਨੂੰ ਦਿੱਤੀ। ਪੁਲਸ ਨੇ ਭੈਣ-ਭਰਾ ਦੇ ਖਿਲਾਫ ਮੁਕੱਦਮਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ।
ਜਾਂਚ ਅਧਿਕਾਰੀ ਸੋਹਣ ਸਿੰਘ ਨੇ ਦੱਸਿਆ ਕਿ ਪੁਲਸ ਕੋਲ ਦਰਜ ਕਰਵਾਈ ਸ਼ਿਕਾਇਤ 'ਚ ਕਮਲਜੀਤ ਕੌਰ ਪਤਨੀ ਸਵ. ਪਵਿੱਤਰ ਸਿੰਘ ਵਾਸੀ ਪਿੰਡ ਕੀਮਾ ਭੈਣੀ, ਲੁਧਿਆਣਾ ਨੇ ਦੱਸਿਆ ਕਿ ਉਸ ਦੇ ਪਤੀ ਦੀ ਮੌਤ ਤੋਂ ਬਾਅਦ ਉਸ ਦੇ ਪਤੀ ਦੀ ਮਾਸੀ ਦੇ ਲੜਕਾ ਅਤੇ ਲੜਕੀ ਨੇ ਉਸ ਨੂੰ ਕਿਹਾ ਕਿ ਉਹ ਆਪਣੀ ਜ਼ਮੀਨ ਵੇਚ ਦੇਵੇ ਅਤੇ ਉਹ ਉਸ ਨੂੰ ਜ਼ਮੀਨ ਦੇ ਪੈਸਿਆਂ ਨਾਲ ਵਿਦੇਸ਼ ਲੈ ਜਾਣਗੇ। ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸ ਦੀ ਨਨਾਣ ਪਹਿਲਾਂ ਹੀ ਵਿਦੇਸ਼ 'ਚ ਸੈਟਲ ਹੈ, ਜਿਸ ਕਾਰਨ ਉਸ ਨੇ ਉਨ੍ਹਾਂ 'ਤੇ ਭਰੋਸਾ ਕਰ ਲਿਆ, ਜਿਨ੍ਹਾਂ ਨਾਲ ਉਸ ਦਾ 15 ਲੱਖ ਰੁਪਏ 'ਚ ਕਥਿਤ ਸੌਦਾ ਹੋਇਆ। ਉਸ ਨੇ ਲਗਭਗ 8 ਲੱਖ ਰੁਪਏ ਉਨ੍ਹਾਂ ਨੂੰ 2016 'ਚ ਦੇ ਦਿੱਤੇ ਪਰ ਦੋ ਸਾਲ ਦਾ ਸਮਾਂ ਬੀਤ ਜਾਣ ਦੇ ਬਾਅਦ ਵੀ ਉਸ ਦੇ ਦਿਓਰ ਅਤੇ ਨਨਾਣ ਨੇ ਉਸ ਨੂੰ ਜਾਂ ਉਸ ਦੇ ਬੱਚਿਆਂ 'ਚੋਂ ਕਿਸੇ ਨੂੰ ਵੀ ਵਿਦੇਸ਼ ਭੇਜਣ ਲਈ ਕੋਈ ਗੰਭੀਰਤਾ ਨਹੀਂ ਵਿਖਾਈ। ਜਿਸ ਦੇ ਬਾਅਦ ਉਸ ਨੇ ਇਸ ਦੀ ਲਿਖਤੀ ਸ਼ਿਕਾਇਤ ਪੁਲਸ ਨੂੰ ਕੀਤੀ। ਥਾਣਾ ਕੂੰਮਕਲਾਂ ਪੁਲਸ ਨੇ ਮੁੱਢਲੀ ਜਾਂਚ ਤੋਂ ਬਾਅਦ ਪਰਮਿੰਦਰ ਕੌਰ ਪੁੱਤਰੀ ਜਰਨੈਲ ਸਿੰਘ ਅਤੇ ਉਸ ਦੇ ਭਰਾ ਬਚਿੱਤਰ ਸਿੰਘ ਵਾਸੀ ਪਿੰਡ ਢੀਂਡਸਾ, ਲੁਧਿਆਣਾ ਖਿਲਾਫ ਧੋਖਾਦੇਹੀ ਦਾ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ।
