ਇਸ ਭਰਾ ਨੇ ਤਾਂ ਹੱਦ ਹੀ ਕਰ ਦਿੱਤੀ, ਹੈਰਾਨ ਕਰਨ ਵਾਲੀ ਹੈ ਪੂਰੀ ਘਟਨਾ

09/09/2017 12:14:04 PM

ਸੰਗਤ ਮੰਡੀ (ਮਨਜੀਤ) : ਬਠਿੰਡਾ-ਬਾਦਲ ਸੜਕ 'ਤੇ ਪੈਂਦੇ ਪਿੰਡ ਕਾਲਝਰਾਣੀ ਵਿਖੇ ਇਕ ਸਕੇ ਭਰਾ ਵੱਲੋਂ ਆਪਣੇ ਭਰਾਂ ਦੀ ਜ਼ਮੀਨ 'ਤੇ ਧੋਖੇ ਨਾਲ ਲਿਮਟ ਬਣਾ ਕੇ ਉਸ ਨਾਲ ਲੱਖਾਂ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਵੱਲੋਂ ਭਰਾ, ਪਿੰਡ ਦੇ 2 ਗਵਾਹਾਂ ਅਤੇ ਇਕ ਗਾਰੰਟਰ ਵਿਰੁੱਧ ਮਾਮਲਾ ਦਰਜ ਕਰ ਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਥਾਣਾ ਨੰਦਗੜ੍ਹ ਦੇ ਮੁਖੀ ਪ੍ਰਿਤਪਾਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭੁਪਿੰਦਰ ਸਿੰਘ ਪੁੱਤਰ ਅਜੈਬ ਸਿੰਘ ਨੇ ਆਪਣੇ ਸਕੇ ਭਰਾ ਭੁਪਿੰਦਰ ਸਿੰਘ ਉਰਫ ਜਸਵਿੰਦਰ ਸਿੰਘ ਪੁੱਤਰ ਅਜੈਬ ਸਿੰਘ ਵਿਰੁੱਧ ਸ਼ਕਾਇਤ ਦਰਜ ਕਰਵਾਈ ਕਿ ਉਕਤ ਵਿਅਕਤੀ ਵੱਲੋਂ ਧੋਖੇ ਨਾਲ ਉਸ ਦੀ ਜ਼ਮੀਨ 'ਤੇ ਲਿਮਟ ਬਣਾ ਕੇ ਤਿੰਨ ਲੱਖ ਦਾ ਲੋਨ ਕਰਵਾ ਲਿਆ।
ਪੁਲਸ ਵੱਲੋਂ ਜਦ ਇਸ ਮਾਮਲੇ ਦੀ ਪੜਤਾਲ ਕੀਤੀ ਗਈ ਤਾਂ ਇਹ ਮਾਮਲਾ ਸਹੀ ਨਿਕਲਿਆ। ਉਨ੍ਹਾਂ ਅੱਗੇ ਕਿਹਾ ਕਿ ਇਸ ਮਾਮਲੇ 'ਚ ਪਿੰਡ ਦੇ 2 ਵਿਅਕਤੀਆਂ ਹਰਜੀਤ ਸਿੰਘ ਪੁੱਤਰ ਦਰਸ਼ਨ ਸਿੰਘ ਤੇ ਜਸਵੰਤ ਸਿੰਘ ਪੁੱਤਰ ਜੰਗੀਰ ਸਿੰਘ ਵਿਰੁੱਧ ਵੀ ਮਾਮਲਾ ਦਰਜ ਕੀਤਾ ਗਿਆ ਹੈ, ਜਿਨ੍ਹਾਂ ਨੇ ਇਸ ਧੋਖਾਦੇਹੀ ਦਾ ਹਿੱਸਾ ਬਣਦਿਆਂ ਗਵਾਹੀ ਦਿੱਤੀ ਸੀ।
ਪੁਲਸ ਵੱਲੋਂ ਪਿੰਡ ਫੁੱਲੋ ਮਿੱਠੀ ਦੇ ਇਕ ਵਿਅਕਤੀ ਜਗਸੀਰ ਸਿੰਘ ਪੁੱਤਰ ਸ਼ੇਰ ਸਿੰਘ ਨੂੰ ਨਾਮਜ਼ਦ ਕੀਤਾ ਗਿਆ ਹੈ, ਉਕਤ ਵਿਅਕਤੀ ਵੱਲੋਂ ਜ਼ਮੀਨ ਦੀ ਲਿਮਟ ਬਣਾਉਣ ਸਮੇਂ ਗਾਰੰਟੀ ਦਿੱਤੀ ਗਈ ਸੀ। ਉਕਤ ਚਾਰਾਂ ਵਿਅਕਤੀਆਂ ਵਿਰੁੱਧ ਪੁਲਸ ਵੱਲੋਂ ਮਾਮਲਾ ਦਰਜ ਕਰ ਕੇ ਉਨ੍ਹਾਂ ਦੀ ਸਰਗਰਮੀ ਨਾਲ ਭਾਲ ਸ਼ੁਰੂ ਕਰ ਦਿੱਤੀ ਗਈ ਹੈ।


Related News