ਭਰਾ ਦੀ ਆਖਰੀ ਨਿਸ਼ਾਨੀ ਨੇ ਪਹੁੰਚਾਇਆ ਸਲਾਖਾਂ ਪਿੱਛੇ

Friday, Jan 15, 2021 - 05:39 PM (IST)

ਭਰਾ ਦੀ ਆਖਰੀ ਨਿਸ਼ਾਨੀ ਨੇ ਪਹੁੰਚਾਇਆ ਸਲਾਖਾਂ ਪਿੱਛੇ

ਲੁਧਿਆਣਾ (ਜ.ਬ.) - ਨਗਰ ਵਿਚ ਇਕ ਬੇਹੱਦ ਹੀ ਦਿਲਚਸਪ ਕੇਸ ਸਾਹਮਣੇ ਆਇਆ ਹੈ ਜਿਸ ਵਿਚ ਇਕ ਭਰਾ ਦੀ ਆਖਰੀ ਨਿਸ਼ਾਨੀ ਨੇ ਆਟਾ ਚੱਕੀ ਮਾਲਕ ਨੂੰ ਸਲਾਖਾਂ ਪਿੱਛੇ ਪਹੁੰਚਾ ਦਿੱਤਾ। ਦੱਸਿਆ ਜਾਂਦਾ ਹੈ ਕਿ ਮਰਦੇ ਸਮੇਂ ਉਸ ਦਾ ਭਰਾ ਉਸ ਨੂੰ ਗੈਰ ਕਾਨੂੰਨੀ ਅਸਲਾ ਅਤੇ ਗੋਲੀ ਸਿੱਕਾ ਆਪਣੀ ਆਖਰੀ ਨਿਸ਼ਾਨੀ ਦੇ ਰੂਪ ਵਿਚ ਦੇ ਗਿਆ ਸੀ ਜਿਸ ਨੂੰ ਸਦਰ ਪੁਲਸ ਨੇ ਬਰਾਮਦ ਕਰ ਲਿਆ ਹੈ। ਜਾਣਕਾਰੀ ਮੁਤਾਬਕ ਪਿੰਡ ਜੱਸੋਵਾਲ ਦੇ ਵਰਿੰਦਰਪਾਲ ਸਿੰਘ ਦਾ ਭਰਾ ਮਰਦੇ ਸਮੇਂ 32 ਬੋਰ ਦਾ ਗੈਰਕਾਨੂੰਨੀ ਪਿਸਤੌਲ ਅਤੇ 2 ਜ਼ਿੰਦਾ ਕਾਰਤੂਸ ਆਪਣੀ ਆਖਰੀ ਨਿਸ਼ਾਨੀ ਵਜੋਂ ਉਸ ਨੂੰ ਦੇ ਗਿਆ। ਭਰਾ ਦੀ ਇਸ ਨਿਸ਼ਾਨੀ ਨੂੰ ਵਰਿੰਦਰ ਨੇ ਤੂੜੀ ਦੇ ਢੇਰ ਵਿਚ ਲੁਕੋ ਕੇ ਰੱਖ ਦਿੱਤਾ ਪਰ ਜਿਵੇਂ ਹੀ ਪੁਲਸ ਨੂੰ ਇਸ ਦੀ ਭਿਣਕ ਪਈ ਤਾਂ ਉਹ ਹਰਕਤ ਵਿਚ ਆ ਗਈ ਅਤੇ ਵਰਿੰਦਰਪਾਲ ਨੂੰ ਗ੍ਰਿਫਤਾਰ ਕਰ ਲਿਆ।

ਦੱਸਿਆ ਜਾਂਦਾ ਹੈ ਕਿ ਉਹ ਅਸਲਾ ਵਰਿੰਦਰ ਦਾ ਭਰਾ ਉੱਤਰ ਪ੍ਰਦੇਸ਼ ਤੋਂ ਲੈ ਕੇ ਆਇਆ ਸੀ ਜੋ ਕਿ ਗਲਤ ਸੰਗਤ ਵਿਚ ਪੈ ਕੇ ਨਸ਼ਾ ਕਰਨ ਲੱਗਾ ਸੀ। 2 ਸਾਲ ਪਹਿਲਾਂ ਉਸ ਦੀ ਮੌਤ ਹੋ ਗਈ ਪਰ ਮਰਨ ਤੋਂ ਪਹਿਲਾਂ ਉਹ ਆਪਣੇ ਭਰਾ ਵਰਿੰਦਰਪਾਲ ਨੂੰ ਆਪਣੀ ਆਖਰੀ ਨਿਸ਼ਾਨੀ ਵਜੋਂ ਸੰਭਾਲ ਕੇ ਰੱਖਣ ਲਈ ਦੇ ਗਿਆ ਸੀ। ਪੁਲਸ ਨੇ ਦੱਸਿਆ ਕਿ ਵਰਿੰਦਰਪਾਲ ਵਿਰੁੱਧ ਆਰਮ ਐਕਟ ਦਾ ਕੇਸ ਦਰਜ ਕਰਕੇ ਜੇਲ ਭੇਜਿਆ ਜਾ ਰਿਹਾ ਹੈ।


author

Gurminder Singh

Content Editor

Related News