IELTS ਸੈਂਟਰਾਂ ’ਚ ਲੱਭੀਆਂ ਜਾ ਰਹੀਆਂ ਹਨ ਵਿਦੇਸ਼ ਲਿਜਾਣ ਵਾਲੀਆਂ ਕੁੜੀਆਂ, ਸਾਹਮਣੇ ਆਏ ਹੈਰਾਨ ਕਰਦੇ ਅੰਕੜੇ
Saturday, Jun 24, 2023 - 06:39 PM (IST)
ਜਲੰਧਰ (ਨਰਿੰਦਰ ਮੋਹਨ)- ਵਿਦੇਸ਼ ਲਿਜਾ ਕੇ ਵਸਾਉਣ ਵਾਲੀਆਂ ਲਾੜੀਆਂ ਦੀ ਭਾਲ ਹੁਣ ਆਈਲੈਟਸ ਸੈਂਟਰਾਂ ’ਚ ਹੋਣ ਲੱਗੀ ਹੈ। ਜਿਨ੍ਹਾਂ ਪਰਿਵਾਰਾਂ ਦੇ ਲੜਕੇ ਵਿਦੇਸ਼ ਜਾਣ ਦੀ ਯੋਗਤਾ ਪੂਰੀ ਨਹੀਂ ਕਰ ਸਕਦੇ, ਉਹ ਅਜਿਹੀਆਂ ਲੜਕੀਆਂ ਦੀ ਭਾਲ ’ਚ ਲੱਗ ਜਾਂਦੇ ਹਨ, ਜੋ ਚੰਗੇ ਬੈਂਡ ਲੈ ਚੁੱਕੀਆਂ ਹੋਣ, ਖੁਦ ਵੀ ਵਿਦੇਸ਼ ਜਾਣ ਲਈ ਯੋਗ ਹੋਣ ਅਤੇ ਨਾਲ ਲੜਕੇ ਨੂੰ ਵੀ ਲਿਜਾ ਸਕਣ। ਇਸ ਨਾਲ ਮਹਿਲਾ ਸਸ਼ਕਤੀਕਰਨ ਦਾ ਰਾਹ ਮਜ਼ਬੂਤ ਹੋ ਰਿਹਾ ਹੈ। ਲੜਕੀ ਦੇ ਵਿਦੇਸ਼ ਜਾਣ ਦਾ ਖ਼ਰਚਾ, ਦਾਜ ਤੋਂ ਬਿਨਾਂ ਵਿਆਹ ਅਤੇ ਹੋਰ ਖ਼ਰਚੇ ਲੜਕੇ ਵਾਲੇ ਖ਼ੁਦ ਚੁੱਕਦੇ ਹਨ, ਜਿਸ ਕਾਰਨ ਪਰਿਵਾਰ ਵਿੱਚ ਹੁਣ ਲੜਕੀ ਨੂੰ ਬੋਝ ਨਹੀਂ ਸਮਝਿਆ ਜਾਂਦਾ। ਸਿਰਫ਼ ਪੰਜਾਬ ਦੇ ਆਈਲੈਟਸ ਸੈਂਟਰਾਂ ਵਿੱਚ ਹੀ 50 ਫ਼ੀਸਦੀ ਤੱਕ ਅਜਿਹੇ ਵਿਆਹਾਂ ਦੇ ਮਾਮਲੇ ਆ ਰਹੇ ਹਨ, ਜਿਨ੍ਹਾਂ ਨੂੰ ਸਪਾਊਸ ਵੀਜ਼ਾ ਦੇ ਨਾਮ ਵੀ ਜਾਣਿਆ ਜਾਂਦਾ ਹੈ।
ਜੇਕਰ ਪਿਛਲੇ ਪੰਜ ਸਾਲਾਂ ਦੇ ਤੱਥਾਂ 'ਤੇ ਨਜ਼ਰ ਮਾਰੀਏ ਤਾਂ ਇਹ ਗੱਲ ਸਪੱਸ਼ਟ ਹੋ ਜਾਂਦੀ ਹੈ ਕਿ ਪੰਜਾਬ ਤੋਂ ਰੋਜ਼ਾਨਾ 140 ਨੌਜਵਾਨ ਸਟੱਡੀ ਵੀਜ਼ਾ ਲੈ ਕੇ ਵਿਦੇਸ਼ਾਂ ਨੂੰ ਜਾ ਰਹੇ ਹਨ। ਵਿਦੇਸ਼ ਜਾਣ ਵਾਲੇ ਇਨ੍ਹਾਂ ਲੋਕਾਂ 'ਚੋਂ 50 ਫ਼ੀਸਦੀ ਤੋਂ ਵੱਧ ਲੜਕੀਆਂ ਹਨ। ਵਿਦਿਆਰਥੀ ਸਿਰਫ਼ 12ਵੀਂ ਜਮਾਤ ਤੱਕ ਹੀ ਸਕੂਲ 'ਚ ਪੜ੍ਹਦੇ ਹਨ ਅਤੇ ਫਿਰ ਆਪਣਾ ਧਿਆਨ ਵਿਦੇਸ਼ ਜਾਣ ਵੱਲ ਮੋੜ ਲੈਂਦੇ ਹਨ। ਇਹ ਵਿਦੇਸ਼ ਜਾਣ ਦੇ ਰੁਝਾਨ ਦਾ ਨਤੀਜਾ ਹੈ ਕਿ ਪਿਛਲੇ ਪੰਜ ਸਾਲਾਂ 'ਚ ਸੂਬੇ ਵਿਚ 30 ਕਾਲਜ ਬੰਦ ਹੋ ਚੁੱਕੇ ਹਨ। ਪਿਛਲੇ ਪੰਜ ਸਾਲਾਂ ਵਿੱਚ ਕਾਲਜ ਵਿੱਚ ਦਾਖ਼ਲਾ ਲੈਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਵਿੱਚ 1.25 ਲੱਖ ਤੋਂ ਵੱਧ ਦੀ ਕਮੀ ਆਈ ਹੈ। ਵਿਦੇਸ਼ ਜਾਣ ਦੀ ਇੱਛਾ ਇਸ ਗੱਲ ਤੋਂ ਵੀ ਨਜ਼ਰ ਆਉਂਦੀ ਹੈ ਕਿ ਸੂਬੇ ਦੇ ਹਰ ਚੌਥੇ ਵਿਅਕਤੀ ਕੋਲ ਪਾਸਪੋਰਟ ਹੈ।
ਇਹ ਵੀ ਪੜ੍ਹੋ- ਹੋਟਲ 'ਚ ਹੋਏ ਨਾਬਾਲਗ ਮੁੰਡੇ ਨਾਲ ਬਦਫੈਲੀ ਦੇ ਮਾਮਲੇ 'ਚ ਹੋਇਆ ਵੱਡਾ ਖ਼ੁਲਾਸਾ
ਫਗਵਾੜਾ, ਨਵਾਂਸ਼ਹਿਰ, ਮੋਹਾਲੀ, ਖਰੜ, ਜਲੰਧਰ, ਜ਼ੀਰਕਪੁਰ ਤੋਂ ਬਾਅਦ ਹੁਣ ਚੰਡੀਗੜ੍ਹ ਵਿੱਚ ਵੀ ਆਪਣਾ ਆਇਲੈਟਸ ਸੈਂਟਰ ਖੋਲ੍ਹਣ ਵਾਲੀ ਅਤੇ ਐੱਮ. ਬੀ. ਬੀ. ਐੱਸ. ਡਾਕਟਰ ਤੋਂ ਆਈਲੈਟਸ ਕੇਂਦਰ ਸੰਸਥਾ ਦੀ ਮਾਲਕ ਡਾ. ਕਿਰਨ ਮੱਕੜ ਦਾ ਕਹਿਣਾ ਸੀ ਕਿ ਆਈਲੈਟਸ ਦੀ ਸਿਖਲਾਈ ਪੰਜਾਬ ਦੇ ਨੌਜਵਾਨਾਂ ਲਈ ਇਕ ਵੱਡੀ ਖਿੱਚ ਹੈ। ਜ਼ਿਆਦਾਤਰ ਪਿੰਡਾਂ ਦੇ ਸਕੂਲੀ ਪੜ੍ਹੇ ਲਿਖੇ ਨੌਜਵਾਨ ਅੰਗਰੇਜ਼ੀ ਤੋਂ ਮੀਲਾਂ ਦੂਰ ਭੱਜਦੇ ਹਨ; ਪਰ ਇਹ ਵੀ ਸੱਚ ਹੈ ਕਿ ਪੰਜਾਬ ਦੇ ਨੌਜਵਾਨਾਂ ਲਈ ਕੈਨੇਡਾ ਵਿੱਚ ਸੈਟਲ ਹੋਣ ਦਾ ਸੁਫ਼ਨਾ ਹਰ ਘਰ ਵਿੱਚ ਵੇਖਿਆ ਜਾਂਦਾ ਹੈ, ਭਾਵੇਂ ਕੋਈ ਵੀ ਖ਼ਰਚਾ ਕਿਉਂ ਨਾ ਹੋਵੇ। ਉਨ੍ਹਾਂ ਨੇ ਦੱਸਿਆ ਕਿ ਅਕਸਰ ਹੀ ਅਜਿਹੇ ਲੋਕ ਉਨ੍ਹਾਂ ਕੋਲ ਆਉਂਦੇ ਹਨ ਜੋ ਕਿਸੇ ਅਜਿਹੀ ਲੜਕੀ ਬਾਰੇ ਜਾਣਕਾਰੀ ਮੰਗਦੇ ਹਨ ਜੋ ਵਧੀਆ ਬੈਂਡ ਲੈ ਸਕਦੀ ਹੈ। ਤਾਂ ਜੋ ਉਹ ਅਜਿਹੀਆਂ ਕੁੜੀਆਂ ਰਾਹੀਂ ਆਪਣੇ ਬੱਚਿਆਂ ਦੀ ਵਿਦੇਸ਼ ਵਿੱਚ ਸੈਟਲ ਹੋਣ ਦੀ ਇੱਛਾ ਪੂਰੀ ਕਰ ਸਕਣ।
ਕੁੜੀਆਂ ਨੂੰ ਮੁਫ਼ਤ ਮਿਲੇਗੀ IELTS ਦੀ ਸਿੱਖਿਆ
ਫਗਵਾੜਾ, ਨਵਾਂਸ਼ਹਿਰ, ਮੋਹਾਲੀ, ਖਰੜ, ਜਲੰਧਰ, ਜ਼ੀਰਕਪੁਰ ਤੋਂ ਬਾਅਦ ਡਾ. ਕਿਰਨ ਨੇ ਚੰਡੀਗੜ੍ਹ ਵਿੱਚ ਵੀ ਆਪਣਾ ਆਈਲੈਟਸ ਸੈਂਟਰ ਖੋਲ੍ਹਿਆ ਹੈ। ਡਾ: ਕਿਰਨ ਮੱਕੜ ਨੇ ਦੱਸਿਆ ਕਿ ਮਹਿਲਾ ਸਸ਼ਕਤੀਕਰਨ ਦੇ ਚਲਦਿਆਂ ਉਹ ਆਪਣੇ ਸੈਂਟਰ ਵਿੱਚ 30 ਕੁੜੀਆਂ ਨੂੰ ਮੁਫ਼ਤ ਆਈਲੈਟਸ ਦੀ ਸਿੱਖਿਆ ਦੇਣਗੇ ਅਤੇ ਉਨ੍ਹਾਂ ਦੀ ਇਹ ਯੋਜਨਾ ਹਰ ਦੂਜੇ ਮਹੀਨੇ ਲਗਾਤਾਰ ਜਾਰੀ ਰਹੇਗੀ। ਜੰਗੀ ਵਿਧਵਾ ਦੀ ਪੁੱਤਰੀ, ਢਾਈ ਲੱਖ ਤੋਂ ਘੱਟ ਆਮਦਨ ਵਾਲੇ ਪਰਿਵਾਰ ਦੀ ਇਕੱਲੀ ਕੁੜੀ, ਅਨਾਥ ਆਸ਼ਰਮ ਦੀਆਂ ਕੁੜੀਆਂ, ਦਿਵਿਆਂਗ ਕੁੜੀਆਂ ਜਾਂ ਫਿਰ ਸਰਪੰਚ, ਵਿਧਾਇਕ ਵੱਲੋਂ ਲੋੜਵੰਦ ਵਿਦਿਆਰਥੀ ਦਾ ਸਰਟੀਫਿਕੇਟ ਪ੍ਰਾਪਤ ਕਰਨ ਵਾਲੀਆਂ ਕੁੜੀਆਂ ਮੁਫ਼ਤ ਸਿੱਖਿਆ ਲਈ ਯੋਗ ਹੋਣਗੀਆਂ।
ਇਹ ਵੀ ਪੜ੍ਹੋ: ਨਾਬਾਲਗ ਨਾਲ ਬਦਫੈਲੀ ਕਰਨ ਦੇ ਮਾਮਲੇ 'ਚ ਹੈਰਾਨੀਜਨਕ ਗੱਲ ਆਈ ਸਾਹਮਣੇ, ਜੈਂਡਰ ਬਦਲਣ ਦੀ ਸੀ ਪਲਾਨਿੰਗ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani