ਲਾੜੇ ਨਾਲ ਵੱਡਾ ਧੋਖਾ ਕਮਾ ਗਈ ਦੁਲਹਨ, ਪੈਲਸ ਬਾਹਰ ਸੁੱਕਣੇ ਪੈ ਗਈ ਬਰਾਤ (ਵੀਡੀਓ)
Thursday, Jun 28, 2018 - 12:50 PM (IST)
ਅੰਮ੍ਰਿਤਸਰ : ਆਪਣੇ ਸੁਪਨਿਆਂ ਦੀ ਰਾਜਕੁਮਾਰੀ ਨੂੰ ਵਿਆਹੁਣ ਲਈ ਜਦੋਂ ਲਾੜਾ ਬੈਂਡ-ਵਾਜਾ ਤੇ ਬਰਾਤ ਲੈ ਕੇ ਘਰੋਂ ਨਿਕਲਿਆ ਤਾਂ ਉਸ ਨੂੰ ਪਤਾ ਤੱਕ ਨਹੀਂ ਸੀ ਕਿ ਉਸ ਨਾਲ ਕੀ ਹੋਣ ਵਾਲਾ ਹੈ। ਜਦੋਂ ਲਾੜਾ ਬਰਾਤ ਸਮੇਤ ਪੈਲਸ ਪੁੱਜਿਆ ਤਾਂ ਉੱਥੇ ਉਸ ਨੂੰ ਦੁਲਹਨ ਦੀ ਅਸਲੀ ਕਰਤੂਤ ਪਤਾ ਲੱਗੀ, ਜੋ ਉਸ ਨਾਲ ਦਗਾ ਕਰ ਗਈ ਸੀ, ਜਿਸ ਤੋਂ ਬਾਅਦ ਲਾੜੇ ਨੂੰ ਸਿੱਧਾ ਪੁਲਸ ਥਾਣੇ ਜਾਣਾ ਪਿਆ।
ਜਾਣਕਾਰੀ ਮੁਤਾਬਕ ਅੰਮ੍ਰਿਤਸਰ ਦਾ ਰਹਿਣ ਵਾਲਾ ਪਰਗਟ ਸਿੰਘ ਇਕ ਹਸਪਤਾਲ 'ਚ ਕੰਮ ਕਰਦਾ ਸੀ। ਉਸੇ ਹਸਪਤਾਲ 'ਚ ਸਿਮਰਨਜੀਤ ਕੌਰ ਨਾਂ ਦੀ ਕੁੜੀ ਨੌਕਰੀ ਲੈਣ ਆਈ ਪਰ ਅਸਫਲ ਰਹੀ ਪਰ ਇਸ ਦੌਰਾਨ ਉਸ ਦਾ ਪਰਗਟ ਸਿੰਘ ਨਾਲ ਪ੍ਰੇਮ ਪ੍ਰਸੰਗ ਸ਼ੁਰੂ ਹੋ ਗਿਆ। ਦੋਹਾਂ ਦੀ ਗੱਲਬਾਤ ਵਿਆਹ 'ਚ ਬਦਲ ਗਈ ਅਤੇ ਤਰੀਕ ਵੀ ਪੱਕੀ ਹੋ ਗਈ।
ਸਿਮਰਨ ਨੇ ਪਰਗਟ ਨੂੰ ਕਿਹਾ ਕਿ ਉਨ੍ਹਾਂ ਨੇ ਛੇਹਰਟਾ ਇਲਾਕੇ 'ਚ ਤਾਜ ਪੈਲਸ ਬੁੱਕ ਕੀਤਾ ਹੈ ਅਤੇ ਉਹ ਉੱਥੇ ਬਰਾਤ ਲੈ ਕੇ ਆ ਜਾਵੇ। ਜਦੋਂ ਪਰਗਟ ਲਾੜਾ ਬਣ ਕੇ ਇਨੋਵਾ ਕਾਰ ਸਜਾ ਕੇ ਪੈਲਸ ਪੁੱਜਿਆ ਤਾਂ ਉੱਥੇ ਨਾ ਮੰਡਪ ਸੀ ਅਤੇ ਨਾ ਹੀ ਕੁੜੀ ਵਾਲੇ। ਪੈਲਸ ਵਾਲਿਆਂ ਨੇ ਪਰਗਟ ਤੇ ਉਸ ਦੀ ਬਰਾਤ ਨੂੰ ਅੰਦਰ ਦਾਖਲ ਨਹੀਂ ਹੋਣ ਦਿੱਤਾ ਅਤੇ ਇੰਨੀ ਗਰਮੀ 'ਚ ਬਰਾਤ ਸੜਕ ਦੇ ਬਾਹਰ ਖੜ੍ਹੀ ਹੀ ਸੁੱਕਣੇ ਪੈ ਗਈ।
ਜਦੋਂ ਪਰਗਟ ਨੇ ਕੁੜੀ ਵਾਲਿਆਂ ਨੂੰ ਫੋਨ ਕੀਤਾ ਤਾਂ ਸਭ ਤੋਂ ਫੋਨ ਬੰਦ ਆਉਣ ਲੱਗੇ। ਸਿਰਫ ਇੰਨਾ ਹੀ ਨਹੀਂ, ਸਿਮਰਨ ਨੇ ਪਰਗਟ ਨੂੰ ਫਸਾਉਣ ਲਈ ਬਲਜੀਤ ਕੌਰ ਨਾਂ ਦੀ ਔਰਤ ਨੂੰ ਵਿਚੌਲਣ ਵੀ ਬਣਾਇਆ ਸੀ। ਬਸ ਫਿਰ ਕੀ ਸੀ ਵਿਆਹ ਦੇ ਮੰਡਪ ਨੂੰ ਪਰਗਟ ਸਿੱਧਾ ਪੁਲਸ ਥਾਣੇ ਪੁੱਜਿਆ ਅਤੇ ਸਾਰੀ ਗੱਲ ਦੱਸੀ। ਪਰਗਟ ਦੇ ਪਰਿਵਾਰ ਦਾ ਕਹਿਣਾ ਹੈ ਕਿ ਕੁੜੀ ਵਾਲਿਆਂ ਨੇ ਵਿਆਹ ਦਾ ਸਾਰਾ ਪ੍ਰੋਗਰਾਮ ਤੈਅ ਕਰ ਲਿਆ ਸੀ ਅਤੇ ਬਾਅਦ 'ਚ ਧੋਖਾ ਦੇ ਦਿੱਤਾ। ਇਸ ਮਾਮਲੇ ਸਬੰਧੀ ਪੁਲਸ ਦਾ ਕਹਿਣਾ ਹੈ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਾਂਚ ਤੋਂ ਬਾਅਦ ਜੋ ਵੀ ਦੋਸ਼ੀ ਪਾਇਆ ਗਿਆ, ਉਸ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।
