20 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਾ ਸੀਨੀਅਰ ਸਹਾਇਕ ਰੰਗੇ ਹੱਥੀਂ ਕਾਬੂ
Friday, Oct 04, 2019 - 02:29 PM (IST)
ਜਲੰਧਰ (ਸੋਨੂੰ) - ਜਲੰਧਰ ਦੀ ਵਿਜੀਲੈਂਸ ਟੀਮ ਵਲੋਂ ਸ਼ੁੱਕਰਵਾਰ ਦੀ ਸਵੇਰੇ ਤਹਿਸੀਲ-1 ਕੰਪਲੈਕਸ 'ਤੇ ਅਚਨਚੇਤ ਛਾਪੇਮਾਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਛਾਪੇਮਾਰੀ ਦੌਰਾਨ ਵਿਜੀਲੈਂਸ ਦੀ ਟੀਮ ਨੇ ਸੀਨੀਅਰ ਸਹਾਇਕ ਰਾਜਨ ਚੌਹਾਨ ਨੂੰ 20 ਹਜ਼ਾਰ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ 'ਚ ਰੰਗੇ ਹੱਥੀਂ ਗ੍ਰਿਫਤਾਰ ਕਰ ਲਿਆ, ਜਿਸ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ। ਮਾਮਲੇ ਦੀ ਜਾਂਚ ਕਰ ਰਹੇ ਡੀ.ਐੱਸ.ਪੀ. ਵਿਜੀਲੈਂਸ ਜਲੰਧਰ ਦੇ ਨਿਰੰਜਨ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਵਿਜੀਲੈਂਸ ਦੀ ਟੀਮ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਸੀਨੀਅਰ ਸਹਾਇਕ ਰਾਜਨ ਮਖਦੂਮਪੂਰਾ ਦੇ ਇਕ ਪਲਾਟ ਦੀ ਅਲਾਟਮੈਂਟ ਦੇ ਦਸਤਾਵੇਜ਼ਾ ਦੇ ਬਦਲੇ ਕਿਸੇ ਵਿਅਕਤੀ ਤੋਂ ਰਿਸ਼ਵਤ ਦੀ ਮੰਗ ਕਰ ਰਿਹਾ ਹੈ। ਇਸ ਸੂਚਨਾ ਦੇ ਆਧਾਰ 'ਤੇ ਉਨ੍ਹਾਂ ਨੇ ਛਾਪੇਮਾਰੀ ਕਰਦੇ ਹੋਏ ਉਸ ਨੂੰ ਰੰਗੇ ਹੱਥੀਂ ਕਾਬੂ ਕਰ ਲਿਆ।