10 ਹਜ਼ਾਰ ਰਿਸ਼ਵਤ ਮਾਮਲੇ ''ਚ ਐੱਸ. ਐੱਚ. ਓ. ਤੇ ਹੌਲਦਾਰ ਦੋ ਦਿਨਾ ਰਿਮਾਂਡ ''ਤੇ

Monday, Dec 11, 2017 - 08:05 AM (IST)

ਮੋਹਾਲੀ  (ਰਾਣਾ) - ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਰੂਟ ਦੌਰਾਨ ਵਿਜੀਲੈਂਸ ਬਿਊਰੋ ਦੀ ਟੀਮ ਨੇ ਘੜੂੰਆਂ ਵਿਚ ਤਾਇਨਾਤ ਐੱਸ. ਐੱਚ. ਓ. ਸਾਹਿਬ ਸਿੰਘ ਤੇ ਹੌਲਦਾਰ ਰਛਪਾਲ ਸਿੰਘ ਨੂੰ 3 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿ੍ਰਫਤਾਰ ਕੀਤਾ ਸੀ। ਦੋਵੇਂ 7 ਹਜ਼ਾਰ ਰੁਪਏ ਪਹਿਲਾਂ ਲੈ ਚੁੱਕੇ ਸਨ। ਦੋਵਾਂ ਨੂੰ ਵਿਜੀਲੈਂਸ ਨੇ ਅਦਾਲਤ ਵਿਚ ਪੇਸ਼ ਕੀਤਾ, ਜਿਥੋਂ ਉਨ੍ਹਾਂ ਨੂੰ ਦੋ ਦਿਨਾ ਪੁਲਸ ਰਿਮਾਂਡ 'ਤੇ ਭੇਜਿਆ ਗਿਆ। ਵਿਜੀਲੈਂਸ ਨੂੰ ਐੱਸ. ਐੱਚ. ਓ. ਕੋਲੋਂ ਇਕ ਡਾਇਰੀ ਮਿਲੀ ਹੈ, ਜਿਸ ਤੋਂ ਕਈ ਹੋਰ ਅਧਿਕਾਰੀਆਂ ਦੇ ਨਾਵਾਂ ਦਾ ਖੁਲਾਸਾ ਹੋ ਸਕਦਾ ਹੈ।
ਡਾਇਰੀ 'ਚ ਟਿੱਪਰਾਂ ਦੇ ਨੰਬਰ
ਪਤਾ ਲੱਗਾ ਹੈ ਕਿ ਐੱਸ. ਐੱਚ. ਓ. ਦੀ ਜਿਹੜੀ ਡਾਇਰੀ ਵਿਜੀਲੈਂਸ ਦੇ ਹੱਥ ਲੱਗੀ ਹੈ, ਉਸ ਵਿਚ ਕਈ ਟਿੱਪਰਾਂ ਦੇ ਨੰਬਰ ਲਿਖੇ ਹੋਏ ਹਨ ਤੇ ਕਿਤੇ ਇਨ੍ਹਾਂ ਤੋਂ ਮਹੀਨਾ ਤਾਂ ਨਹੀਂ ਸੀ ਲਿਆ ਜਾ ਰਿਹਾ, ਇਸ ਲਈ ਜਿਨ੍ਹਾਂ ਟਿੱਪਰਾਂ ਦੇ ਨੰਬਰ ਮਿਲੇ ਹਨ, ਉਨ੍ਹਾਂ ਦੇ ਮਾਲਕਾਂ ਨੂੰ ਬੁਲਾ ਕੇ ਵੀ ਪੁੱਛਗਿੱਛ ਕੀਤੀ ਜਾਵੇਗੀ।
ਜੋ ਟਿੱਪਰ ਲੰਘੇਗਾ 5 ਹਜ਼ਾਰ ਦੇਵੇਗਾ
ਵਿਜੀਲੈਂਸ ਨੂੰ ਸੈਕਟਰ-71 ਸਥਿਤ ਜਰਨੈਲ ਸਿੰਘ ਨੇ ਸ਼ਿਕਾਇਤ ਦਿੱਤੀ ਸੀ ਕਿ ਉਹ ਪੇਸ਼ੇ ਤੋਂ ਠੇਕੇਦਾਰੀ ਦਾ ਕੰਮ ਕਰਦਾ ਹੈ। ਜਦੋਂ ਟਿੱਪਰ ਮੋਹਾਲੀ ਜ਼ਿਲੇ ਵਿਚ ਦਾਖਲ ਹੁੰਦੇ ਹਨ ਤਾਂ ਮੁਲਜ਼ਮ ਹਰ ਟਿੱਪਰ ਦੀ ਐਂਟਰੀ 'ਤੇ 5 ਹਜ਼ਾਰ ਰੁਪਏ ਮੰਗਦੇ ਸਨ। ਉਥੇ ਹੀ ਵਿਜੀਲੈਂਸ ਫੜੇ ਗਏ ਦੋ ਪੁਲਸ ਵਾਲਿਆਂ ਤੋਂ ਇਲਾਵਾ ਚੌਕੀ ਦੇ ਹੋਰ ਸਟਾਫ ਨੂੰ ਵੀ ਸ਼ੱਕ ਦੀ ਨਜ਼ਰ ਨਾਲ ਦੇਖ ਰਹੀ ਹੈ, ਜਿਸ ਕਾਰਨ ਸਾਰਿਆਂ ਤੋਂ ਪੁੱਛਗਿੱਛ ਕੀਤੀ ਜਾਵੇਗੀ।


Related News