ਸੀ. ਆਈ. ਏ. ਸਟਾਫ ਦਾ ਸਬ ਇੰਸਪੈਕਟਰ ਰਿਸ਼ਵਤ ਲੈਂਦਾ ਗ੍ਰਿਫਤਾਰ
Saturday, Aug 25, 2018 - 01:58 AM (IST)

ਫਿਰੋਜ਼ਪੁਰ, (ਕੁਮਾਰ, ਮਲਹੋਤਰਾ)–ਫਿਰੋਜ਼ਪੁਰ ਸੀ. ਆਈ. ਏ. ਸਟਾਫ ਦੇ ਸਬ ਇੰਸਪੈਕਟਰ ਓਮ ਪ੍ਰਕਾਸ਼ ਨੂੰ ਡੀ. ਐੱਸ. ਪੀ. ਮੱਖਣ ਸਿੰਘ ਦੀ ਅਗਵਾਈ ਹੇਠ ਵਿਜੀਲੈਂਸ ਵਿਭਾਗ ਫਿਰੋਜ਼ਪੁਰ ਦੀ ਟੀਮ ਨੇ ਬੀਤੀ ਰਾਤ ਕਥਿਤ ਤੌਰ ’ਤੇ 10 ਹਜ਼ਾਰ ਰੁਪਏ ਰਿਸ਼ਵਤ ਲੈਂਦੇ ਗ੍ਰਿਫਤਾਰ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਅਾਂ ਹਰਗੋਬਿੰਦ ਸਿੰਘ ਐੱਸ. ਐੱਸ. ਪੀ. ਵਿਜੀਲੈਂਸ ਫਿਰੋਜ਼ਪੁਰ ਨੇ ਦੱਸਿਆ ਕਿ ਤਲਾਸ਼ੀ ਲੈਣ ’ਤੇ ਸਬ ਇੰਸਪੈਕਟਰ ਓਮ ਪ੍ਰਕਾਸ਼ ਦੀ ਜੇਬ ਵਿਚੋਂ ਡੇਢ ਗ੍ਰਾਮ ਹੈਰੋਇਨ ਤੇ ਘਰ ਦੀ ਤਲਾਸ਼ੀ ਲੈਣ ’ਤੇ ਉਸ ਦੇ ਘਰੋਂ ਨਾਜਾਇਜ਼ ਸ਼ਰਾਬ ਦੇ ਦੀਆਂ 4 ਪੇਟੀਆਂ ਬਰਾਮਦ ਹੋਈਆਂ। ਹਰਗੋਬਿੰਦ ਸਿੰਘ ਨੇ ਦੱਸਿਆ ਕਿ ਕਥਿਤ ਨਸ਼ਾ ਸਮੱਗਲਰ ਮੋਤਾ ਸਿੰਘ ਵਾਸੀ ਪਿੰਡ ਤਰਾਂ ਵਾਲੀ ਮਮਦੋਟ ਦੇ ਘਰ ਸੀ. ਆਈ. ਏ. ਸਟਾਫ ਫਿਰੋਜ਼ਪੁਰ ਦੇ ਸਬ ਇੰਸਪੈਕਟਰ ਓਮ ਪ੍ਰਕਾਸ਼ ਨੇ ਕੁਝ ਦਿਨ ਪਹਿਲਾਂ ਰੇਡ ਕੀਤਾ ਤੇ ਕਥਿਤ ਨਸ਼ਾ ਸਮੱਗਲਰ ਮੋਤਾ ਨੂੰ ਉਸ ਦੇ ਮੋਟਰਸਾਈਕਲ ਸਮੇਤ ਵਾਪਸ ਲੈ ਆਇਆ। ਸ਼ਿਕਾਇਤਕਰਤਾ ਅਨੁਸਾਰ ਓਮ ਪ੍ਰਕਾਸ਼ ਉਸ ਤੋਂ ਕਥਿਤ ’ਤੇ 10 ਹਜ਼ਾਰ ਰੁਪਏ ਦੀ ਰਿਸ਼ਵਤ ਦੀ ਮੰਗ ਕਰਦਾ ਰਿਹਾ ਅਤੇ ਮੋਟਰਸਾਈਕਲ ਛੱਡਣ ਲਈ ਰਿਸ਼ਵਤ ਮੰਗਣ ਲੱਗਾ। ਉਨ੍ਹਾਂ ਦੱਸਿਆ ਕਿ ਅੱਜ ਕੀਤੇ ਗਏ ਵਾਅਦੇ ਦੇ ਅਨੁਸਾਰ ਐੱਸ.ਐੱਸ.ਪੀ. ਦਫਤਰ ਫਿਰੋਜ਼ਪੁਰ ਦੇ ਨਜ਼ਦੀਕ ਜਿਵੇ ਹੀ ਸ਼ਿਕਾਇਤਕਰਤਾ ਨੇ ਸਬ ਇੰਸਪੈਕਟਰ ਓਮ ਪ੍ਰਕਾਸ਼ ਨੂੰ ਪੈਸੇ ਦਿੱਤੇ ਤਾਂ ਉਸ ਨੂੰ ਗ੍ਰਿਫਤਾਰ ਕਰ ਲਿਆ। ਵਿਜੀਲੈਂਸ ਵਿਭਾਗ ਨੇ ਓਮ ਪ੍ਰਕਾਸ਼ ਸਬ ਇੰਸਪੈਕਟਰ ਦੇ ਖਿਲਾਫ ਮੁਕੱਦਮਾ ਦਰਜ ਕਰ ਕੇ ਉਸ ਨੂੰ ਹਿਰਾਸਤ ਵਿਚ ਲੈ ਲਿਆ ਹੈ।