ਬਰਾੜ, ਇਯਾਲੀ ਸਣੇ ਹੋਰ ਵੱਡੇ ਆਗੂਆਂ ਨੂੰ ਜਥੇਬੰਦਕ ਢਾਂਚੇ ’ਚੋਂ ਬਾਹਰ ਰੱਖਣ ’ਤੇ ਬੋਲੇ ਭੂੰਦੜ, ਕਹੀ ਇਹ ਗੱਲ
Friday, Sep 16, 2022 - 07:01 PM (IST)
ਲੁਧਿਆਣਾ (ਮੁੱਲਾਂਪੁਰੀ)-ਸ਼੍ਰੋਮਣੀ ਅਕਾਲੀ ਦਲ ਨੂੰ ਮੁੜ ਲੀਹਾਂ ’ਤੇ ਲਿਆਉਣ ਤੇ ਪਿਛਲੇ ਸਮੇਂ ’ਚ ਆਈ ਖੜੋਤ ਨੂੰ ਦੂਰ ਕਰਨ ਦੀ ਮੰਗ ਨੂੰ ਚੁੱਕਣ ਵਾਲੇ ਅਕਾਲੀ ਨੇਤਾਵਾਂ ਦੀ ਗੱਲ ਮੰਨਣ ਦੀ ਬਜਾਏ ਉਨ੍ਹਾਂ ਨੂੰ ਹਾਲ ਹੀ ’ਚ ਲਾਏ ਜ਼ਿਲ੍ਹਾ ਆਬਜ਼ਰਵਰਾਂ ਦੀ ਲਿਸਟ ’ਚੋਂ ਪਾਰਟੀ ਪ੍ਰਧਾਨ ਨੇ ਬਾਹਰ ਰੱਖ ਕੇ ਇਹ ਸੰਕੇਤ ਦੇ ਦਿੱਤਾ ਹੈ ਕਿ ਪਾਰਟੀ ’ਚ ਰਹਿ ਕੇ ਕਿੰਤੂ-ਪ੍ਰੰਤੂ ਕਰਨਾ ਸਵੀਕਾਰ ਨਹੀਂ ਹੋਵੇਗਾ। ਇਸ ਤਰ੍ਹਾਂ ਇਸ਼ਾਰਾ ਅੱਜ ਮੀਡੀਆ ’ਚ ਛਪੀ ਉਸ ਲਿਸਟ ’ਚ ਸਾਫ਼ ਦਿਖਾਈ ਦੇ ਰਿਹਾ ਸੀ, ਜਿਸ ’ਚ ਸੁਖਬੀਰ ਸਿੰਘ ਬਾਦਲ ਨੇ ਪਾਰਟੀ ’ਚ ਝੂੰਦਾਂ ਕਮੇਟੀ ਦੀ ਰਿਪੋਰਟ ਨੂੰ ਲੈ ਕੇ ਕੁਝ ਬੋਲਣ ਵਾਲੇ ਆਗੂਆਂ ਜਗਮੀਤ ਸਿੰਘ ਬਰਾੜ ਸਾਬਕਾ ਐੱਮ. ਪੀ. ਮੈਂਬਰ ਕੋਰ ਕਮੇਟੀ, ਮਨਪ੍ਰੀਤ ਸਿੰਘ ਇਯਾਲੀ ਵਿਧਾਇਕ, ਚਰਨਜੀਤ ਸਿੰਘ ਅਟਵਾਲ ਸਾਬਕਾ ਸਪੀਕਰ, ਇੰਦਰ ਇਕਬਾਲ ਸਿੰਘ ਅਟਵਾਲ ਸਾਬਕਾ ਵਿਧਾਇਕ ਤੇ ਸੰਤਾ ਸਿੰਘ ਉਮੈਦਪੁਰੀ ਸਾਬਕਾ ਚੇਅਰਮੈਨ ਨੂੰ ਇਸ ਲਿਸਟ ’ਚੋਂ ਆਊਟ ਕਰ ਦਿੱਤਾ ਹੈ।
ਇਹ ਖ਼ਬਰ ਵੀ ਪੜ੍ਹੋ : ਅਕਾਲੀ ਦਲ ਦੇ ਜਥੇਬੰਦਕ ਢਾਂਚੇ ਦੀ ਮੁੜ ਉਸਾਰੀ, ਮਜੀਠੀਆ ਸਣੇ ਕਈ ਆਗੂਆਂ ਨੂੰ ਮਿਲੀਆਂ ਅਹਿਮ ਜ਼ਿੰਮੇਵਾਰੀਆਂ
ਅੱਜ ਜਦੋਂ ਇਯਾਲੀ ਨਾਲ ਇਸ ਸਬੰਧੀ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਹ ਤਾਂ ਪ੍ਰਧਾਨ ਦੀ ਮਰਜ਼ੀ ਹੈ, ਜੋ ਲਿਸਟ ’ਚ ਪਾਉਣ ਜਾਂ ਨਾ, ਮੈਂ ਤਾਂ ਪਾਰਟੀ ਦਾ ਅਜੇ ਵੀ ਸਿਪਾਹੀ ਹਾਂ। ਅਸੀਂ ਸ਼੍ਰੋਮਣੀ ਅਕਾਲੀ ਦਲ ਦੀ ਮੁੜ ਸੁਰਜੀਤੀ ਤੇ ਵਰਕਰਾਂ ਦੀਆਂ ਮੰਗਾਂ ਤੇ ਉਨ੍ਹਾਂ ਜਜ਼ਬਾਤਾਂ ਬਾਰੇ ਪਾਰਟੀ ਨੂੰ ਰਾਏ ਦਿੱਤੀ ਸੀ, ਉਸ ’ਤੇ ਅਸੀਂ ਕਾਇਮ ਹਾਂ। ਮੈਂ ਆਪਣੀਆਂ ਭਾਵਨਾਵਾਂ ਨੂੰ ਪਾਰਟੀ ਪ੍ਰਧਾਨ ਕੋਲ ਰੱਖ ਦੇਵਾਂਗਾ, ਬਾਕੀ ਅਮਲ ਕਰਨਾ ਪਾਰਟੀ ਦਾ ਕੰਮ ਹੈ। ਜਦੋਂ ਪਾਰਟੀ ਦੇ ਕੌਮੀ ਆਗੂ ਬਲਵਿੰਦਰ ਸਿੰਘ ਭੂੰਦੜ ਤੋਂ ਇਸ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਫ਼ਿਕਰ ਨਾ ਕਰੋ, ਇਹ ਸਾਡੇ ਵੱਡੇ ਨੇਤਾ ਹਨ ਅਤੇ ਇਨ੍ਹਾਂ ਨੂੰ ਵੱਡੀ ਕਮੇਟੀ ’ਚ ਪਾਇਆ ਜਾਵੇਗਾ। ਇੰਨਾ ਆਖ ਕੇ ਉਨ੍ਹਾਂ ਫੋਨ ਕੱਟ ਦਿੱਤਾ।
ਇਹ ਵੀ ਪੜ੍ਹੋ : ਹਾਈਕੋਰਟ ਦਾ ਪੰਜਾਬ ਸਰਕਾਰ ਨੂੰ ਝਟਕਾ, ਘਰ-ਘਰ ਆਟਾ ਵੰਡਣ ਦੀ ਯੋਜਨਾ ’ਤੇ ਲਾਈ ਰੋਕ