ਗਊਸ਼ਾਲਾਵਾਂ ਦੇ ਬਿਜਲੀ ਬਿੱਲਾਂ ਦੇ ਬਕਾਏ ਮੁਆਫ਼ ਕਰਨੇ ਪੰਜਾਬ ਸਰਕਾਰ ਦਾ ਮਿਸਾਲੀ ਫੈਸਲਾ : ਮਾਲ ਮੰਤਰੀ

Tuesday, Nov 22, 2022 - 04:31 PM (IST)

ਗਊਸ਼ਾਲਾਵਾਂ ਦੇ ਬਿਜਲੀ ਬਿੱਲਾਂ ਦੇ ਬਕਾਏ ਮੁਆਫ਼ ਕਰਨੇ ਪੰਜਾਬ ਸਰਕਾਰ ਦਾ ਮਿਸਾਲੀ ਫੈਸਲਾ : ਮਾਲ ਮੰਤਰੀ

ਚੰਡੀਗੜ੍ਹ/ਹੁਸ਼ਿਆਰਪੁਰ : ਪੰਜਾਬ ਦੇ ਮਾਲ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ 20 ਸਰਕਾਰੀ ਗਊਸ਼ਾਲਾਵਾਂ ਅਤੇ ਤਸਦੀਕਸ਼ੁਦਾ ਰਜਿਸਟਰਡ ਗਊਸ਼ਾਲਾਵਾਂ ਦੇ 31 ਅਕਤੂਬਰ ਤੱਕ ਦੇ ਬਿਜਲੀ ਬਿੱਲਾਂ ਦੇ ਬਕਾਏ ਮੁਆਫ਼ ਕਰਨ ਨੂੰ ਮਿਸਾਲੀ ਫ਼ੈਸਲਾ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦੀ ਅਗਵਾਈ 'ਚ ਇਸ ਤਰ੍ਹਾਂ ਦੇ ਲੋਕ ਪੱਖੀ ਫ਼ੈਸਲੇ ਅੱਗੋਂ ਵੀ ਜਾਰੀ ਰਹਿਣਗੇ। ਇਥੋਂ ਜਾਰੀ ਇਕ ਬਿਆਨ 'ਚ ਜਿੰਪਾ ਨੇ ਕਿਹਾ ਕਿ ਬੀਤੇ ਦਿਨੀਂ ਮੰਤਰੀ ਮੰਡਲ ਨੇ 20 ਸਰਕਾਰੀ ਗਊਸ਼ਾਲਾਵਾਂ ਸਮੇਤ ਰਜਿਸਟਰਡ (ਤਸਦੀਕਸ਼ੁਦਾ) ਗਊਸ਼ਾਲਾਵਾਂ ਦੇ 31 ਅਕਤੂਬਰ ਤੱਕ ਦੇ ਬਿਜਲੀ ਬਿੱਲਾਂ ਦੇ ਬਕਾਏ ਮੁਆਫ਼ ਕਰਨ ਨੂੰ ਹਰੀ ਝੰਡੀ ਦੇ ਦਿੱਤੀ ਹੈ।

ਇਸ ਫ਼ੈਸਲੇ ਨਾਲ ਜਿੱਥੇ ਗਊਸ਼ਾਲਾਵਾਂ ਦਾ ਵਿੱਤੀ ਬੋਝ ਘਟੇਗਾ, ਉੱਥੇ ਹੀ ਗਊਸ਼ਾਲਾਵਾਂ ਬੇਸਹਾਰਾ ਪਸ਼ੂਆਂ ਦੀ ਸਾਂਭ-ਸੰਭਾਲ ਹੋਰ ਬਿਹਤਰ ਤਰੀਕੇ ਨਾਲ ਕਰਨ ਲਈ ਮਜ਼ਬੂਤ ਹੋਣਗੀਆਂ। ਜ਼ਿਕਰਯੋਗ ਹੈ ਕਿ ਇਸ ਕੰਮ ਲਈ ਪੈਸਾ ਪੀ. ਐੱਸ. ਪੀ. ਸੀ. ਐੱਲ. ਕੋਲ ਪਏ ਗਊ ਸੈੱਸ ਦੇ ਪੈਸੇ 'ਚੋਂ ਖ਼ਰਚ ਕੀਤਾ ਜਾਵੇਗਾ। ਜਿੰਪਾ ਨੇ ਕਿਹਾ ਕਿ ਜਦੋਂ ਤੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ 'ਚ ਪੰਜਾਬ ਸਰਕਾਰ ਨੇ ਲੋਕਾਂ ਦੀ ਸੇਵਾ ਕਰਨੀ ਸ਼ੁਰੂ ਕੀਤੀ ਹੈ, ਅਜਿਹੇ ਬਹੁਤ ਸਾਰੇ ਫ਼ੈਸਲੇ ਅਤੇ ਗਾਰੰਟੀਆਂ ਲਾਗੂ ਕੀਤੀਆਂ ਹਨ, ਜਿਨ੍ਹਾਂ ਦਾ ਆਮ ਲੋਕਾਂ ਨੂੰ ਸਿੱਧਾ ਫ਼ਾਇਦਾ ਮਿਲ ਰਿਹਾ ਹੈ। ਜਿੱਥੇ ਸੂਬੇ ਦੇ ਲੱਖਾਂ ਲੋਕਾਂ ਦਾ ਬਿਜਲੀ ਦਾ ਬਿੱਲ ਜ਼ੀਰੋ ਆਉਣਾ ਸ਼ੁਰੂ ਹੋ ਗਿਆ ਹੈ, ਉੱਥੇ ਹੀ ਸੂਬੇ ਦੀ ਵਿੱਤੀ ਸਥਿਤੀ 'ਚ ਵੀ ਸੁਧਾਰ ਹੋ ਰਿਹਾ ਹੈ।

ਜਿੰਪਾ ਨੇ ਕਿਹਾ ਕਿ ਹਾਲੇ ਤਾਂ ਸ਼ੁਰੂਆਤ ਹੈ ਅਤੇ ਆਉਣ ਵਾਲੇ ਸਮੇਂ 'ਚ ਹੋਰ ਵੀ ਬਹੁਤ ਸਾਰੇ ਲੋਕ ਪੱਖੀ ਫ਼ੈਸਲੇ ਸੂਬੇ ਦੇ ਲੋਕਾਂ ਲਈ ਲਏ ਜਾਣਗੇ। ਉਨ੍ਹਾਂ ਕਿਹਾ ਕਿ ਪਹਿਲੇ ਦਿਨ ਤੋਂ ਹੀ ਮਾਨ ਸਰਕਾਰ ਨੇ ਭ੍ਰਿਸ਼ਟਾਚਾਰ ਖ਼ਿਲਾਫ਼ ਆਵਾਜ਼ ਬੁਲੰਦ ਕੀਤੀ ਹੈ ਅਤੇ ਪੰਜਾਬ ਵਾਸੀਆਂ ਨੂੰ ਸਾਫ਼-ਸੁਥਰਾ ਅਤੇ ਪਾਰਦਰਸ਼ੀ ਪ੍ਰਸ਼ਾਸ਼ਨ ਦੇਣ ਦੀ ਪ੍ਰਤੀਬੱਧਤਾ ਦਿਖਾਈ ਹੈ। ਜਿੰਪਾ ਨੇ ਕਿਹਾ ਕਿ ਇਮਾਨਦਾਰ ਸਰਕਾਰ ਦਾ ਹਰ ਮੰਤਰੀ, ਵਿਧਾਇਕ ਅਤੇ ਨੁਮਾਇੰਦਾ ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਅਤੇ ਬਿਹਤਰ ਬਣਾਉਣ ਲਈ ਦਿਨ-ਰਾਤ ਮਿਹਨਤ ਕਰ ਰਿਹਾ ਹੈ।
 


author

Babita

Content Editor

Related News