ਮਾਛੀਵਾੜਾ ਪੁਲਸ ਨੇ ਅੰਨ੍ਹੇ ਕਤਲ ਦੀ ਗੁੱਥੀ ਸੁਲਝਾਈ, ਪ੍ਰੇਮੀ ਨੇ ਹੀ ਕੀਤਾ ਆਪਣੀ ਪ੍ਰੇਮਿਕਾ ਦੇ ਪਤੀ ਦਾ ਕਤਲ
Thursday, Sep 16, 2021 - 02:57 PM (IST)
ਮਾਛੀਵਾਡ਼ਾ ਸਾਹਿਬ (ਟੱਕਰ) : ਮਾਛੀਵਾੜਾ ਪੁਲਸ ਨੇ ਅੱਜ ਉਸ ਸਮੇਂ ਵੱਡੀ ਸਫ਼ਲਤਾ ਮਿਲੀ ਜਦੋਂ 4 ਮਹੀਨੇ ਲਾਪਤਾ ਹੋਏ ਨੌਜਵਾਨ ਰਾਜੂ ਸਿੰਘ ਦੇ ਅੰਨ੍ਹੇ ਕਤਲ ਦੀ ਗੁੱਥੀ ਨੂੰ ਸੁਲਝਾਇਆ, ਜਿਸ ’ਚ ਤੇਜਿੰਦਰ ਸਿੰਘ ਗੋਲਡੀ ਵਾਸੀ ਭੱਟੀਆਂ ਵਲੋਂ ਆਪਣੀ ਪ੍ਰੇਮਿਕਾ ਦੇ ਪਤੀ ਰਾਜੂ ਸਿੰਘ ਵਾਸੀ ਪਿੰਡ ਮਾਜਰੀ, ਥਾਣਾ ਮੋਰਿੰਡਾ ਦਾ ਕਤਲ ਕਰ ਲਾਸ਼ ਖੁਰਦ-ਬੁਰਦ ਕਰ ਦਿੱਤੀ ਗਈ। ਕਤਲ ਹੋਏ ਰਾਜੂ ਸਿੰਘ ਦੇ ਸਾਲੇ ਸੰਤੋਸ਼ ਕੁਮਾਰ ਨੇ ਪੁਲਸ ਕੋਲ ਬਿਆਨ ਦਰਜ ਕਰਵਾਏ ਕਿ ਉਹ ਪਿੰਡ ਜੱਸੋਵਾਲ ਦਾ ਵਾਸੀ ਹੈ ਅਤੇ ਉਸਦੀ ਭੈਣ ਪੂਜਾ ਕੌਰ ਦਾ ਵਿਆਹ ਰਾਜੂ ਸਿੰਘ ਵਾਸੀ ਪਿੰਡ ਮਾਜਰੀ ਨਾਲ ਹੋਇਆ, ਜਿਨ੍ਹਾਂ ਤੋਂ 2 ਲੜਕੀਆਂ ਪੈਦਾ ਹੋਈਆਂ। ਕਰੀਬ 2 ਸਾਲ ਪਹਿਲਾਂ ਉਸਦੀ ਭੈਣ ਪੂਜਾ ਕੌਰ ਆਪਣੇ ਪਤੀ ਨੂੰ ਛੱਡ ਬੱਚਿਆਂ ਸਮੇਤ ਘਰੋਂ ਭੱਜ ਕੇ ਤੇਜਿੰਦਰ ਸਿੰਘ ਗੋਲਡੀ ਨਾਲ ਰਹਿਣ ਲੱਗ ਪਈ ਪਰ ਇੱਕ ਮਹੀਨੇ ਬਾਅਦ ਹੀ ਉਹ ਆਪਣੇ ਘਰ ਸਹੁਰੇ ਘਰ ਪਤੀ ਕੋਲ ਚਲੀ ਗਈ। ਫਿਰ ਅਪ੍ਰੈਲ 2021 ਉਸਦੀ ਭੈਣ ਪੂਜਾ ਕੌਰ ਆਪਣੇ ਪਤੀ ਰਾਜੂ ਸਿੰਘ ਨਾਲ ਰਹਿਣ ਤੋਂ ਬਾਅਦ ਉਸਨੂੰ ਛੱਡ ਤੇਜਿੰਦਰ ਸਿੰਘ ਗੋਲਡੀ ਕੋਲ ਚਲੀ ਗਈ ਅਤੇ ਫਿਰ ਉਹ ਮਾਛੀਵਾੜਾ ਸ਼ਹਿਰ ਵਿਖੇ ਆ ਕੇ ਰਹਿਣ ਲੱਗ ਪਈ। ਮੇਰਾ ਜੀਜਾ ਰਾਜੂ ਸਿੰਘ ਆਪਣੀ ਪਤਨੀ ਦੀ ਕਾਫ਼ੀ ਤਲਾਸ਼ ਕਰਦਾ ਰਿਹਾ, ਜਿਸ ਸਬੰਧੀ ਉਸਨੇ ਮੋਰਿੰਡਾ ਥਾਣਾ ਵਿਖੇ ਪੂਜਾ ਕੌਰ ਅਤੇ ਬੱਚਿਆਂ ਦੀ ਗੁੰਮਸ਼ੁਦਗੀ ਰਿਪੋਰਟ ਵੀ ਲਿਖਾਈ। ਬਿਆਨਕਰਤਾ ਸੰਤੋਸ਼ ਕੁਮਾਰ ਅਨੁਸਾਰ 13-5-2021 ਨੂੰ ਰਿੱਕੀ ਲੱਖੋਵਾਲ ਦੇ ਫੋਨ ਤੋਂ ਰਾਜੂ ਸਿੰਘ ਨੂੰ ਫੋਨ ਆਇਆ ਕਿ ਤੇਰੀ ਘਰਵਾਲੀ ਪੂਜਾ ਕੌਰ ਬੱਚਿਆਂ ਸਮੇਤ ਤੇਜਿੰਦਰ ਸਿੰਘ ਗੋਲਡੀ ਨਾਲ ਇੰਦਰਾ ਕਾਲੋਨੀ ਵਿਖੇ ਰਹਿ ਰਹੀ ਹੈ ਜਿਨ੍ਹਾਂ ਨੂੰ ਆ ਕੇ ਤੂੰ ਲੈ ਜਾ। ਮੇਰਾ ਜੀਜਾ ਰਾਜੂ ਸਿੰਘ ਕੁਹਾੜਾ ਰੋਡ ਮਾਛੀਵਾੜਾ ਵਿਖੇ ਆ ਗਿਆ, ਜਿੱਥੇ ਉਸਨੇ ਮੈਨੂੰ ਵੀ ਬੁਲਾ ਲਿਆ। 13 ਮਈ ਨੂੰ ਰਾਤ 8 ਵਜੇ ਤੇਜਿੰਦਰ ਸਿੰਘ ਗੋਲਡੀ ਪੈਦਲ ਸਾਡੇ ਕੋਲ ਆਇਆ ਅਤੇ ਮੇਰੇ ਜੀਜੇ ਰਾਜੂ ਸਿੰਘ ਨੂੰ ਆਪਣੇ ਨਾਲ ਇਹ ਕਹਿ ਕੇ ਲੈ ਗਿਆ ਕਿ ਤੇਰੀ ਪਤਨੀ ਤੇ ਬੱਚਿਆਂ ਨੂੰ ਲੈ ਕੇ ਆਉਣਾ ਹੈ ਜਦਕਿ ਮੈਨੂੰ ਉੱਥੇ ਹੀ ਰੁਕਣ ਲਈ ਕਹਿ ਦਿੱਤਾ। ਬਿਆਨਕਰਤਾ ਅਨੁਸਾਰ ਉਹ ਕਰੀਬ ਇੱਕ ਘੰਟਾ ਮਾਛੀਵਾੜਾ ਵਿਖੇ ਆਪਣੇ ਜੀਜੇ ਦਾ ਇੰਤਜ਼ਾਰ ਕਰਦਾ ਰਿਹਾ ਅਤੇ ਉਸਦਾ ਫੋਨ ਨੰਬਰ ਵੀ ਬੰਦ ਆਉਣ ਲੱਗ ਪਿਆ।
ਸੰਤੋਸ਼ ਕੁਮਾਰ ਅਨੁਸਾਰ ਉਸਨੇ ਰਿੱਕੀ ਲੱਖੋਵਾਲ ਨੂੰ ਫੋਨ ਕੀਤਾ ਤਾਂ ਉਸਨੇ ਦੱਸਿਆ ਕਿ ਇੱਥੇ ਕੁਝ ਲੜਾਈ ਹੋਈ ਹੈ ਅਤੇ ਤੇਰਾ ਜੀਜਾ ਰਾਜੂ ਸਿੰਘ ਆਪਣੀ ਪਤਨੀ ਤੇ ਬੱਚਿਆਂ ਨੂੰ ਲੈ ਕੇ ਇੱਥੋਂ ਚਲਾ ਗਿਆ ਹੈ। ਸੰਤੋਸ਼ ਕੁਮਾਰ ਅਨੁਸਾਰ ਉਹ ਤੇ ਉਸਦਾ ਪਰਿਵਾਰ ਆਪਣੇ ਜੀਜੇ ਰਾਜੂ ਸਿੰਘ ਦੀ ਕਾਫ਼ੀ ਤਲਾਸ਼ ਕਰਦੇ ਰਹੇ ਪਰ ਜਦੋਂ ਉਸਦਾ ਸੁਰਾਗ ਨਾ ਲੱਗਾ ਤਾਂ ਉਨ੍ਹਾਂ ਇਸ ਸਬੰਧੀ ਮਾਛੀਵਾੜਾ ਥਾਣਾ ਵਿਖੇ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾ ਦਿੱਤੀ। ਬਿਆਨਕਰਤਾ ਸੰਤੋਸ਼ ਕੁਮਾਰ ਉਸ ਨੂੰ ਪਤਾ ਲੱਗਾ ਹੈ ਕਿ ਤੇਜਿੰਦਰ ਸਿੰਘ ਗੋਲਡੀ ਤੇ ਰਿੱਕੀ ਲੱਖੋਵਾਲ ਨੇ ਉਸਦੇ ਜੀਜੇ ਰਾਜੂ ਸਿੰਘ ਦਾ ਕਤਲ ਕਰ ਲਾਸ਼ ਖੁਰਦ-ਬੁਰਦ ਕਰ ਦਿੱਤੀ ਹੈ ਜਿਸ ’ਤੇ ਪੁਲਸ ਨੇ ਉਕਤ ਦੋਵਾਂ ਵਿਅਕਤੀਆਂ ਤੋਂ ਇਲਾਵਾ ਇੱਕ ਹੋਰ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਪੁਲਸ ਕਥਿਤ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਾਸ਼ ਬਰਾਮਦ ਕਰੇਗੀ
ਇਸ ਸਬੰਧੀ ਥਾਣਾ ਮਾਛੀਵਾੜਾ ਮੁਖੀ ਵਿਜੈ ਕੁਮਾਰ ਨੇ ਦੱਸਿਆ ਕਿ ਤੇਜਿੰਦਰ ਸਿੰਘ ਗੋਲਡੀ ਤੇ ਰਿੱਕੀ ਲੱਖੋਵਾਲ ਖ਼ਿਲਾਫ਼ ਮਾਮਲਾ ਦਰਜ ਕਰ ਉਨ੍ਹਾਂ ਨੂੰ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ ਅਤੇ ਜੋ ਉਨ੍ਹਾਂ ਨੇ ਰਾਜੂ ਸਿੰਘ ਦਾ ਕਤਲ ਕਰ ਲਾਸ਼ ਖੁਰਦ ਬੁਰਦ ਕੀਤੀ ਹੈ, ਉਸਦੀ ਬਰਾਮਦਗੀ ਕਰਵਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਦੋਵਾਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਹੀ ਖੁਲਾਸਾ ਹੋਵੇਗਾ ਕਿ ਉਨ੍ਹਾਂ ਨੇ ਰਾਜੂ ਸਿੰਘ ਦਾ ਕਤਲ ਕਿਉਂ ਕੀਤਾ।