ਸ਼ੱਕੀ ਹਾਲਾਤ ’ਚ ਨੌਜਵਾਨ ਦਾ ਕਤਲ ਕਰਕੇ ਭਾਖੜਾ ਨਹਿਰ ’ਚ ਸੁੱਟੀ ਲਾਸ਼, ਸਰੀਰ ’ਤੇ ਮਿਲੇ ਸੱਟਾਂ ਦੇ ਨਿਸ਼ਾਨ
Saturday, Mar 06, 2021 - 01:36 PM (IST)
ਸ੍ਰੀ ਅਨੰਦਪੁਰ ਸਾਹਿਬ (ਦਲਜੀਤ ਸਿੰਘ)- ਬੀਤੇ ਕਰੀਬ ਇਕ ਹਫ਼ਤੇ ਤੋਂ ਸ਼ੱਕੀ ਹਾਲਾਤ ’ਚ ਘਰੋਂ ਲਾਪਤਾ ਹੋਏ ਨੇੜਲੇ ਪਿੰਡ ਮਾਂਗੇਵਾਲ ਦੇ 31 ਸਾਲਾ ਨੌਜਵਾਨ ਜਗਬੀਰ ਸਿੰਘ ਪੁੱਤਰ ਭਜਨ ਸਿੰਘ ਦੀ ਲਾਸ਼ ਅੱਜ ਪਿੰਡ ਝੱਖੀਆਂ ਨੇੜਿਓਂ ਵੱਗਦੀ ਭਾਖੜਾ ਨਹਿਰ ’ਚੋਂ ਬਰਾਮਦ ਕੀਤੀ ਗਈ। ਉਕਤ ਨੌਜਵਾਨ ਦਾ ਕਤਲ ਕਰਨ ਕਰਕੇ ਲਾਸ਼ ਨੂੰ ਭਾਖੜਾ ਨਹਿਰ ਵਿਚ ਸੁੱਟ ਦਿੱਤਾ ਗਿਆ। ਲਾਪਤਾ ਨੌਜਵਾਨ ਦੀ ਲਾਸ਼ ਮਿਲਣ ਨਾਲ ਜਿੱਥੇ ਪਰਿਵਾਰ ਅਤੇ ਪਿੰਡ ਵਾਸੀਆਂ ’ਚ ਸੋਗ ਦੀ ਲਹਿਰ ਹੈ, ਉਥੇ ਹੀ ਮ੍ਰਿਤਕ ਨੌਜਵਾਨ ਦੇ ਸਰੀਰ ਦੇ ਵੱਖ-ਵੱਖ ਅੰਗਾਂ ’ਤੇ ਲੱਗੇ ਸੱਟਾਂ ਦੇ ਨਿਸ਼ਾਨ ਕੁਝ ਹੋਰ ਹੀ ਬਿਆਨ ਕਰ ਰਹੇ ਹਨ।
ਇਹ ਵੀ ਪੜ੍ਹੋ: ਕੋਰੋਨਾ ਵੈਕਸੀਨ ਲਈ ਆਏ ਫਰਾਡ ਫੋਨ ਤਾਂ ਹੋ ਜਾਓ ਸਾਵਧਾਨ, ਖ਼ਾਲੀ ਹੋ ਸਕਦੈ ਤੁਹਾਡਾ ਬੈਂਕ ਖ਼ਾਤਾ
ਨੌਜਵਾਨ ਦੀ ਭਾਲ ’ਚ ਕਰੀਬ ਇਕ ਹਫ਼ਤੇ ਤੋਂ ਢਿੱਲ ਵਰਤਣ ਤੋਂ ਗੁੱਸੇ ’ਚ ਆਏ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਨੇ ਸ੍ਰੀ ਅਨੰਦਪੁਰ ਸਾਹਿਬ-ਰੂਪਨਗਰ ਮੁੱਖ ਮਾਰਗ ’ਤੇ ਸਥਿਤ ਪੁਲਸ ਥਾਣੇ ਸਾਹਮਣੇ ਮ੍ਰਿਤਕ ਨੌਜਵਾਨ ਦੀ ਲਾਸ਼ ਰੱਖ ਕੇ ਰੋਸ ਧਰਨਾ ਦਿੱਤਾ ਅਤੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਦੀ ਮੰਗ ਕੀਤੀ। ਜ਼ਿਕਰਯੋਗ ਹੈ ਕਿ ਮ੍ਰਿਤਕ ਨੌਜਵਾਨ ਬੀਤੀ 27 ਫਰਵਰੀ ਤੋਂ ਘਰੋਂ ਲਾਪਤਾ ਸੀ। ਮੁੱਖ ਮਾਰਗ ਰੋਕ ਕੇ ਬੈਠੇ ਪਿੰਡ ਮਾਂਗੇਵਾਲ ਵਾਸੀਆਂ ਨੂੰ ਸਥਾਨਕ ਡੀ. ਐੱਸ. ਪੀ. ਰਮਿੰਦਰ ਸਿੰਘ ਕਾਹਲੋਂ ਅਤੇ ਥਾਣਾ ਮੁਖੀ ਹਰਕੀਰਤ ਸਿੰਘ ਨੇ ਭਰੋਸਾ ਦਿੱਤਾ ਕਿ ਦੋਸ਼ੀ ਬਹੁਤ ਜਲਦ ਕਾਬੂ ਕਰ ਲਏ ਜਾਣਗੇ, ਜਿਸ ’ਤੇ ਮ੍ਰਿਤਕ ਨੌਜਵਾਨ ਦੇ ਪਰਿਵਾਰ ਵੱਲੋਂ ਸੜਕ ’ਤੇ ਲਗਾਇਆ ਜਾਮ ਖੋਲ੍ਹ ਦਿੱਤਾ ਗਿਆ। ਉਪਰੰਤ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਹਰਕੀਰਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਲਾਪਤਾ ਹੋਣ ਦੀ ਸੂਚਨਾ ਪਰਿਵਾਰ ਵੱਲੋਂ ਬੀਤੀ 28 ਫਰਵਰੀ ਨੂੰ ਦਿੱਤੀ ਗਈ ਸੀ, ਜਿਸ ਤੋਂ ਬਾਅਦ ਪੁਲਸ ਲਗਾਤਾਰ ਉਸ ਦੀ ਭਾਲ ਕਰ ਰਹੀ ਸੀ।
ਇਹ ਵੀ ਪੜ੍ਹੋ: ਹੰਗਾਮਾ ਕਰ ਰਹੇ ਅਕਾਲੀ ਵਿਧਾਇਕਾਂ ’ਤੇ ਸਪੀਕਰ ਦੀ ਵੱਡੀ ਕਾਰਵਾਈ, 3 ਦਿਨਾਂ ਲਈ ਕੀਤਾ ਗਿਆ ਮੁਅੱਤਲ
ਉਨ੍ਹਾਂ ਕਿਹਾ ਕਿ ਉਕਤ ਨਹਿਰ ’ਚੋਂ ਮਿਲੀ ਲਾਪਤਾ ਨੌਜਵਾਨ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਥਾਨਕ ਭਾਈ ਜੈਤਾ ਜੀ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ ਅਤੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ’ਤੇ ਸ਼ੱਕੀ ਵਿਅਕਤੀ ਲੱਖੂ ਪੁੱਤਰ ਪ੍ਰੇਮ ਸਿੰਘ ਵਾਸੀ ਪਿੰਡ ਬਣੀ ਤਹਿ: ਸ੍ਰੀ ਅਨੰਦਪੁਰ ਸਾਹਿਬ ਜ਼ਿਲਾ ਰੂਪਨਗਰ ਖਿਲਾਫ ਕਤਲ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਮ੍ਰਿਤਕ ਨੌਜਵਾਨ ਆਪਣੇ ਪਿੱਛੇ ਆਪਣੀ ਬਿਰਧ ਮਾਤਾ, ਪਤਨੀ ਅਤੇ ਇਕ ਸਾਲ ਦਾ ਬੇਟਾ ਛੱਡ ਗਿਆ ਹੈ। ਇਸ ਮੌਕੇ ਮ੍ਰਿਤਕ ਦਾ ਚਾਚਾ ਠੇਕੇਦਾਰ ਕੇਹਰ ਸਿੰਘ ਰਾਣਾ, ਪੀ. ਟੀ. ਆਈ. ਨਿਰਵੈਰ ਸਿੰਘ ਰਾਣਾ, ਅਮਰੀਕ ਸਿੰਘ, ਮਹੰਤ ਪ੍ਰਵੇਜ ਖਾਨ, ਇਮਰਾਨ ਖਾਨ, ਗੁਰਚਰਨ ਸਿੰਘ ਕਟਵਾਲ, ਮਿੰਟੂ ਰਾਣਾ ਆਦਿ ਹਾਜ਼ਰ ਸਨ ।
ਇਹ ਵੀ ਪੜ੍ਹੋ: ਜਲੰਧਰ ’ਚ ਹੋਏ ਦੋਹਰੇ ਕਤਲ ਕਾਂਡ ਦੇ ਮਾਮਲੇ ਵਿਚ ਪੁਲਸ ਦੇ ਹੱਥ ਲੱਗੇ ਅਹਿਮ ਸੁਰਾਗ