ਨਕੋਦਰ: ਭੈਣ ਦੇ ਪਿੰਡ ਗਏ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ, ਖੂਹ ਤੋਂ ਖ਼ੂਨ ਨਾਲ ਲਥਪਥ ਮਿਲੀ ਲਾਸ਼

Monday, Nov 29, 2021 - 11:22 AM (IST)

ਨਕੋਦਰ: ਭੈਣ ਦੇ ਪਿੰਡ ਗਏ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ, ਖੂਹ ਤੋਂ ਖ਼ੂਨ ਨਾਲ ਲਥਪਥ ਮਿਲੀ ਲਾਸ਼

ਨਕੋਦਰ (ਪਾਲੀ)- ਇਥੋਂ ਦੇ ਨਜ਼ਦੀਕੀ ਪਿੰਡ ਵੇਂਡਲ ਵਿਖੇ ਭੈਣ ਦੇ ਘਰ ਗਏ 30 ਸਾਲਾ ਨੌਜਵਾਨ ਦੀ ਖ਼ੂਨ ਨਾਲ ਲਥਪਥ ਲਾਸ਼ ਖੂਹ ਤੋਂ ਬਰਾਮਦ ਕੀਤੀ ਗਈ। ਉਕਤ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਬੇਰਹਿਮੀ ਨਾਲ ਕਤਲ ਕੀਤਾ ਗਿਆ ਸੀ। ਇਸ ਮਾਮਲੇ ’ਚ ਸਦਰ ਪੁਲਸ ਵੱਲੋਂ ਜੀਜੇ ਦੀਆਂ 3 ਭੈਣਾਂ ਸਮੇਤ 6 ਮੁਲਾਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰਨ ਦਾ ਸਮਾਚਾਰ ਮਿਲਿਆ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਤੁਰੰਤ ਐੱਸ. ਪੀ. (ਡੀ) ਕਮਲਪ੍ਰੀਤ ਸਿੰਘ ਚਾਹਲ, ਡੀ. ਐੱਸ. ਪੀ. ਨਕੋਦਰ ਲਖਵਿੰਦਰ ਸਿੰਘ ਮੱਲ, ਸਦਰ ਥਾਣਾ ਮੁਖੀ ਮਨਜੀਤ ਸਿੰਘ, ਸ਼ੰਕਰ ਚੌਂਕੀ ਇੰਚਾਰਜ ਗੁਰਨਾਮ ਸਿੰਘ ਸਮੇਤ ਪੁਲਸ ਪਾਰਟੀ ਮੌਕੇ ’ਤੇ ਪਹੁੰਚੇ ਅਤੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ। 

ਕੀ ਹੈ ਪੂਰਾ ਮਾਮਲਾ 
ਸਦਰ ਪੁਲਸ ਨੂੰ ਦਿੱਤੇ ਬਿਆਨਾਂ ’ਚ ਮ੍ਰਿਤਕ ਦੇ ਭਰਾ ਸੰਦੀਪ ਸਿੰਘ ਪੁੱਤਰ ਗੁਰਦੇਵ ਸਿੰਘ ਪਿੰਡ ਉੱਪਲ ਜਗੀਰ ਨੂਰਮਹਿਲ ਨੇ ਦੱਸਿਆ ਕਿ ਅਸੀਂ ਤਿੰਨ ਭੈਣ-ਭਰਾ ਹਾਂ, ਵੱਡੀ ਭੈਣ ਕਸ਼ਮੀਰ ਕੌਰ ਦਾ ਪਿੰਡ ਚੱਕ ਵੇਂਡਲ ਦੇ ਮੰਗਲ ਸਿੰਘ ਉਰਫ਼ ਮੰਗਾ ਨਾਲ ਵਿਆਹ ਹੋਇਆ ਹੈ। ਸਭ ਤੋਂ ਛੋਟਾ ਭਰਾ ਮਨਦੀਪ ਸਿੰਘ ਉਰਫ਼ ਨਿੱਕੂ ਹੈ। ਮੇਰੀ ਭੈਣ ਕਸ਼ਮੀਰ ਕੌਰ ਦਾ ਆਪਣੇ ਸੱਸ-ਸਹੁਰੇ ਨਾਲ ਜ਼ਮੀਨ ਦੀ ਵੰਡ ਨੂੰ ਲੈ ਕੇ ਕੋਰਟ ਵਿਚ ਕੇਸ ਚੱਲਦਾ ਹੈ। ਕੁਝ ਦਿਨ ਪਹਿਲਾਂ ਮੇਰੀ ਭੈਣ ਦੀ ਸੱਸ ਜੋਗਿੰਦਰ ਕੌਰ ਨੇ ਫਾਹ ਲਗਾ ਕੇ ਖ਼ੁਦਕੁਸ਼ੀ ਕਰ ਲਈ ਸੀ। ਮੇਰੇ ਜੀਜੇ ਦੀਆਂ ਭੈਣਾਂ ਸੁਖਜੀਤ ਕੌਰ, ਸਰਬਜੀਤ ਕੌਰ ਅਤੇ ਭੈਣ ਰਾਜਦੀਪ ਕੌਰ ਨੇ ਮੇਰੀ ਭੈਣ ਕਸ਼ਮੀਰ ਕੌਰ, ਜੀਜੇ ਮੰਗਲ ਸਿੰਘ ਅਤੇ ਮੇਰੇ ਭਰਾ ਮਨਦੀਪ ਸਿੰਘ ਖ਼ਿਲਾਫ਼ ਖ਼ੁਦਕੁਸ਼ੀ ਲਈ ਮਜਬੂਰ ਕਰਨ ਦਾ ਮੁਕੱਦਮਾ ਦਰਜ ਕਰਵਾਇਆ ਸੀ। 

ਇਹ ਵੀ ਪੜ੍ਹੋ:  ਪੰਜਾਬ ਦੀਆਂ 117 ਸੀਟਾਂ ’ਤੇ ਚੋਣ ਲੜੇਗੀ ਭਾਜਪਾ, ਵੱਡੇ ਫਰਕ ਨਾਲ ਜਿੱਤ ਕਰੇਗੀ ਹਾਸਲ: ਅਸ਼ਵਨੀ ਸ਼ਰਮਾ

PunjabKesari

ਪਰਚਾ ਦਰਜ ਹੋਣ ਤੋਂ ਬਾਅਦ ਹਨੇਰੇ-ਸਵੇਰੇ ਮੇਰਾ ਜੀਜਾ ਮੰਗਲ ਸਿੰਘ ਅਤੇ ਮੇਰਾ ਭਰਾ ਮਨਦੀਪ ਸਿੰਘ ਡੰਗਰਾਂ ਨੂੰ ਪੱਠੇ ਪਾਉਣ ਲਈ ਆਪਣੇ ਖੂਹ ’ਤੇ ਆਉਂਦੇ-ਜਾਂਦੇ ਸਨ। ਮਾਮਲੇ ਨੂੰ ਲੈ ਕੇ ਚੱਲਦੇ ਕੋਰਟ ਕੇਸ ਵਿਚ ਦਿਲਬਾਗ ਸਿੰਘ ਉਰਫ਼ ਬਾਗਾ, ਮੱਖਣ ਸਿੰਘ ਅਤੇ ਗੁਰਬਖਸ਼ ਸਿੰਘ ਵਾਸੀਆਨ ਪਿੰਡ ਚੱਕ ਵੇਂਡਲ ਜੋਗਿੰਦਰ ਕੌਰ ਦੀ ਮਦਦ ਕਰਦੇ ਸਨ। ਮਿਤੀ 27 ਨਵੰਬਰ 2021 ਦੀ ਸ਼ਾਮ ਨੂੰ ਮੇਰਾ ਜੀਜਾ ਮੰਗਲ ਸਿੰਘ ਅਤੇ ਮੇਰਾ ਭਰਾ ਮਨਦੀਪ ਸਿੰਘ ਉਰਫ਼ ਨਿੱਕੂ (30) ਆਪਣੇ ਖੂਹ ’ਤੇ ਡੰਗਰਾਂ ਨੂੰ ਪੱਠੇ ਪਾਉਣ ਲਈ ਗਏ ਸਨ। ਮੇਰੇ ਜੀਜਾ ਡੰਗਰਾ ਨੂੰ ਪੱਠੇ ਪਾਉਣ ਉਪਰੰਤ ਇਕ ਪੰਡ ਮੋਟਰਸਾਈਕਲ ’ਤੇ ਰੱਖ ਕੇ ਆਪ ਖ਼ੁਦ ਗਾਂ ਲੈ ਕੇ ਪਿੰਡ ਉੱਪਲ ਜਗੀਰ ਵੱਲ ਚੱਲ ਪਿਆ ਅਤੇ ਮੇਰੇ ਭਰਾ ਮਨਦੀਪ ਸਿੰਘ ਨੂੰ ਮੋਟਰਸਾਈਕਲ ਲੈ ਕੇ ਆਉਣ ਲਈ ਕਿਹਾ।

PunjabKesari

ਰਾਤ ਕਰੀਬ 11 ਵਜੇ ਮੇਰੇ ਜੀਜੇ ਨੇ ਮੇਰੇ ਭਰਾ ਦੇ ਫੋਨ ’ਤੇ ਕਾਫ਼ੀ ਫੋਨ ਕੀਤੇ ਤਾਂ ਮੇਰੇ ਭਰਾ ਮਨਦੀਪ ਸਿੰਘ ਨੇ ਫੋਨ ਨਹੀਂ ਚੁੱਕਿਆ। ਮੇਰੀ ਮਾਤਾ, ਭੈਣ ਅਤੇ ਮੇਰਾ ਜੀਜਾ ਮੇਰੇ ਭਰਾ ਦੀ ਭਾਲ ਕਰਨ ਲੱਗ ਪਏ ਤਾਂ ਜਦੋਂ ਇਨ੍ਹਾਂ ਨੇ ਪਿੰਡ ਚੱਕ ਵੇਂਡਲ ਖੂਹ ’ਤੇ ਵੇਖਿਆ ਤਾਂ ਮੇਰਾ ਭਰਾ ਦੀ ਖੂਨ ਨਾਲ ਲਥਪਥ ਲਾਸ਼ ਮੰਜੇ ਉੱਪਰ ਪਈ ਸੀ, ਜਿਸ ਦੇ ਸਿਰ ’ਚ ਤੇਜ਼ਧਾਰ ਹਥਿਆਰ ਨਾਲ ਡੂੰਘੀਆਂ ਸੱਟਾਂ ਲੱਗੀਆਂ ਸਨ। ਮੇਰੀ ਮਾਤਾ ਨੇ ਵਕਤ ਕਰੀਬ 2.00 ਵਜੇ ਤੜਕੇ ਮੇਰੇ ਭਰਾ ਦੀ ਮੌਤ ਹੋਣ ਦੀ ਸੂਚਨਾ ਮੈਨੂੰ ਦਿੱਤੀ ਤਾਂ ਮੈਂ ਵੀ ਮੌਕਾ ’ਤੇ ਆ ਗਿਆ। ਸਾਨੂੰ ਸ਼ੱਕ ਹੈ ਕਿ ਮੇਰੇ ਭਰਾ ਦੀ ਮੌਤ ’ਚ ਮੇਰੇ ਜੀਜੇ ਦੀਆਂ ਭੈਣਾ ਸੁਖਜੀਤ ਕੌਰ, ਸਰਬਜੀਤ ਕੌਰ, ਰਾਜਦੀਪ ਕੌਰ ਅਤੇ ਦਿਲਬਾਗ ਸਿੰਘ ਉਰਫ਼ ਬਾਗਾ, ਮੱਖਣ ਸਿੰਘ ਅਤੇ ਗੁਰਬਖਸ਼ ਸਿੰਘ ਦਾ ਪੂਰਾ ਹੱਥ ਹੈ। ਇਨ੍ਹਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕਾਰਵਾਈ ਕੀਤੀ ਜਾਵੇ। 

ਇਹ ਵੀ ਪੜ੍ਹੋ: ਵਿਧਾਨ ਸਭਾ ਚੋਣਾਂ ਲਈ ਸ਼੍ਰੋਮਣੀ ਅਕਾਲੀ ਦਲ ਨੇ ਐਲਾਨੇ 4 ਹੋਰ ਉਮੀਦਵਾਰ

PunjabKesari

ਡੀ. ਐੱਸ. ਪੀ. ਨਕੋਦਰ ਲਖਵਿੰਦਰ ਸਿੰਘ ਮੱਲ ਤੇ ਸਦਰ ਥਾਣਾ ਮੁਖੀ ਮਨਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਭਰਾ ਸੰਦੀਪ ਸਿੰਘ ਵਾਸੀ ਪਿੰਡ ਉੱਪਲ ਜਗੀਰ ਦੇ ਬਿਆਨਾਂ ’ਤੇ ਸੁਖਜੀਤ ਕੌਰ ਪਤਨੀ ਸੁਖਜਿੰਦਰ ਸਿੰਘ ਪਿੰਡ ਹੋਠੀਆਂ ਜ਼ਿਲ੍ਹਾ ਕਪੂਰਥਲਾ, ਸਰਬਜੀਤ ਕੌਰ ਪਤਨੀ ਸੁਖਜੀਤ ਸਿੰਘ ਪਿੰਡ ਮੁਹੇਮ ਥਾਣਾ ਮਹਿਤਪੁਰ, ਰਾਜਦੀਪ ਕੌਰ ਪਤਨੀ ਹਰਭਜਨ ਸਿੰਘ ਪਿੰਡ ਖਾਨਪੁਰ ਢੱਡਾ ਨਕੋਦਰ, ਦਿਲਬਾਗ ਸਿੰਘ ਉਰਫ ਬਾਗਾ, ਮੱਖਣ ਸਿੰਘ ਅਤੇ ਗੁਰਬਖਸ਼ ਸਿੰਘ ਵਾਸੀਆਂਨ ਪਿੰਡ ਚੱਕ ਵੇਂਡਲ ਖ਼ਿਲਾਫ਼ ਥਾਣਾ ਸਦਰ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ। ਪੁਲਸ ਵੱਲੋਂ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ। 

ਇਹ ਵੀ ਪੜ੍ਹੋ: ਜਲੰਧਰ: 'ਡੋਲੀ' ਵਾਲੀ ਕਾਰ ਲੁੱਟਣ ਦੇ ਮਾਮਲੇ ਨਵਾਂ ਮੋੜ, ਕਾਰ ਚਾਲਕ ਦੇ ਦੋਸਤ ਸਕਿਓਰਿਟੀ ਗਾਰਡ ਨੇ ਕੀਤੀ ਖ਼ੁਦਕੁਸ਼ੀ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News