11 ਮਹੀਨੇ ਪਹਿਲਾਂ ਮਨੀਲਾ ਗਏ ਨੌਜਵਾਨ ਦਾ ਜੀਜੇ ਨੇ ਬੇਰਹਿਮੀ ਨਾਲ ਕੀਤਾ ਕਤਲ (ਤਸਵੀਰਾਂ)

07/17/2018 6:42:02 PM

ਬੰਗਾ/ਮਨੀਲਾ(ਚਮਨ ਲਾਲ/ਰਾਕੇਸ਼ ਅਰੋੜਾ)— ਬੀਤੀ ਦੇਰ ਸ਼ਾਮ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਦੇ ਪਿੰਡ ਬਹੂਆ ਦੇ ਵਸਨੀਕ ਹਰਜਿੰਦਰ ਸਿੰਘ ਉਰਫ ਜਿੰਦੀ ਦਾ ਉਸ ਦੇ ਹੀ ਸਗੇ ਜੀਜੇ ਵੱਲੋਂ ਵਿਦੇਸ਼ 'ਚ ਕਤਲ ਕਰ ਦਿੱਤਾ ਗਿਆ। ਵਿਦੇਸ਼ 'ਚ ਕਤਲ ਹੋਏ ਹਰਜਿੰਦਰ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਸ਼ੁਰੂ ਤੋਂ ਹੀ ਮਿਹਨਤ ਕਰਕੇ ਰੋਜ਼ੀ-ਰੋਟੀ ਕਮਾਉਣ ਵਾਲਾ ਉਨ੍ਹਾਂ ਦਾ ਪੁੱਤਰ ਹਰਜਿੰਦਰ ਸਿੰਘ ਉਰਫ ਜਿੰਦੀ ਪਰਿਵਾਰ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ 11 ਮਹੀਨੇ ਪਹਿਲਾਂ ਹੀ ਮਨੀਲਾ ਗਿਆ ਸੀ। ਹਰਜਿੰਦਰ ਦੇ ਪਿਤਾ ਬਲਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਬੇਟੀ ਦਾ ਵਿਆਹ ਕੁਝ ਮਹੀਨੇ ਪਹਿਲਾਂ ਹੀ ਸੁਰਿੰਦਰ ਸਿੰਘ ਪੁੱਤਰ ਕੁਲਦੀਪ ਸਿੰਘ ਜੋ ਕਿ ਸ਼ਹੀਦ ਭਗਤ ਸਿੰਘ ਨਗਰ ਦੇ ਪਿੰਡ ਮੰਢਾਲੀ ਦਾ ਵਸਨੀਕ ਹੈ, ਨਾਲ ਹੋਇਆ ਸੀ ।
ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਹਰਜਿੰਦਰ ਸਿੰਘ ਵੀ ਵਿਦੇਸ਼ 'ਚ ਉਸ ਕੋਲ ਹੀ ਗਿਆ ਸੀ ਅਤੇ ਇਹ ਦੋਵੇਂ ਜੀਜਾ-ਸਾਲਾ ਮਨੀਲਾ ਵਿਖੇ ਫਾਇਨਾਂਸ ਦਾ ਕੰਮ ਕਰਦੇ ਸਨ। ਉਨ੍ਹਾਂ ਨੂੰ ਉਨ੍ਹਾਂ ਦੇ ਕਿਸੇ ਕਰੀਬੀ ਦਾ ਦੇਰ ਸ਼ਾਮ ਫੋਨ ਆਇਆ ਅਤੇ ਉਸ ਨੇ ਦੱਸਿਆ ਕਿ ਹਰਜਿੰਦਰ ਸਿੰਘ ਦਾ ਆਪਣੇ ਜੀਜੇ ਸੁਰਿੰਦਰ ਸਿੰਘ ਨਾਲ ਕਿਸੇ ਗੱਲ ਤੋਂ ਝਗੜਾ ਹੋ ਗਿਆ ਸੀ ਅਤੇ ਸੁਰਿੰਦਰ ਸਿੰਘ ਨੇ ਉਸ ਦੇ ਸਿਰ 'ਚ ਹਥੌੜੇ ਮਾਰਨ ਤੋਂ ਬਾਅਦ ਕਿਸੇ ਨੁਕੀਲੇ ਹਥਿਆਰ ਨਾਲ ਕਈ ਵਾਰ ਕਰਕੇ ਉਸ ਦਾ ਕਤਲ ਕਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਵਿਚਕਾਰ ਅਕਸਰ ਹੀ ਮਾੜਾ ਮੋਟਾ ਝਗੜਾ ਹੁੰਦਾ ਰਹਿੰਦਾ ਸੀ ਪਰ ਉਨ੍ਹਾਂ ਨੂੰ ਇਸ ਗੱਲ ਦਾ ਹੁਣ ਤੱਕ ਨਹੀਂ ਪਤਾ ਲੱਗਾ ਕਿ ਸੁਰਿੰਦਰ ਦੀ ਉਨ੍ਹਾਂ ਦੇ ਪੁੱਤਰ ਨਾਲ ਕਿਹੜੀ ਇਸ ਤਰ੍ਹਾਂ ਦੀ ਗੱਲ ਹੋ ਗਈ ਕਿ ਉਸ ਨੇ ਉਨ੍ਹਾਂ ਦੇ 28 ਸਾਲਾ ਬੇਟੇ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਉਨ੍ਹਾਂ ਕਿਹਾ ਕਿ ਉਪਰੋਕਤ ਹੋਈ ਘਟਨਾ ਨਾਲ ਉਨ੍ਹਾਂ ਦੇ 3 ਪਰਿਵਾਰ ਖੇਰੂੰ-ਖੇਰੂੰ ਹੋ ਗਏ ਹਨ। ਉਨ੍ਹਾਂ ਵਿਦੇਸ਼ ਤੋਂ ਆਈ ਆਪਣੇ ਬੇਟੇ ਦੀ ਫੋਟੋ ਦਿਖਾਉਂਦੇ ਹੋਏ ਕਿਹਾ ਕਿ ਉਪਰੋਕਤ ਦੋਸ਼ੀ ਨੇ ਉਨ੍ਹਾਂ ਦੇ ਬੇਟੇ ਨੂੰ ਇਸ ਤਰ੍ਹਾਂ ਮੌਤ ਦੇ ਘਾਟ ਉਤਾਰਿਆ ਹੈ, ਜਿਸ ਤਰ੍ਹਾਂ ਕੋਈ ਦੈਂਤ ਇਨਸਾਨ ਨੂੰ ਮਾਰਦਾ ਹੈ।
ਪਿੰਡ 'ਚ ਛਾਇਆ ਮਾਤਮ
ਵਿਦੇਸ਼ 'ਚ ਕਤਲ ਹੋਏ ਹਰਜਿੰਦਰ ਦੀ ਖਬਰ ਸੁਣਦੇ ਹੀ ਜਿੱਥੇ ਪਰਿਵਾਰ 'ਚ ਸੋਗ ਫੈਲ ਗਿਆ, ਉਥੇ ਹੀ ਪਿੰਡ 'ਚ ਵੀ ਮਾਤਮ ਛਾ ਗਿਆ ਹੈ ਅਤੇ ਪਿੰਡ ਵਾਸੀ ਪੀੜਤ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਉਨ੍ਹਾਂ ਦੇ ਘਰ ਆ ਰਹੇ ਸਨ। ਪਿੰਡ ਬਹੂਆ ਪੁੱਜੇ ਦੋਸ਼ੀ ਸੁਰਿੰਦਰ ਸਿੰਘ ਦੇ ਭਰਾ ਇੰਦਰਜੀਤ ਸਿੰਘ ਅਤੇ ਹਰਜਿੰਦਰ ਦੀ ਭੈਣ ਗੁਰਪ੍ਰੀਤ ਕੌਰ ਅਤੇ ਪਰਿਵਾਰਕ ਮੈਂਬਰਾਂ ਨੇ ਮਨੀਲਾ ਸਰਕਾਰ ਤੋਂ ਉਪਰੋਕਤ ਘਟਨਾਕ੍ਰਮ ਦੇ ਦੋਸ਼ੀ ਸੁਰਿੰਦਰ ਸਿੰਘ ਨੂੰ ਮੌਤ ਦੀ ਸਜ਼ਾ ਦੇਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਉਹ ਉਪਰੋਕਤ ਦੋਸ਼ੀ ਨੂੰ ਸ਼ਰੇਆਮ ਗੋਲੀ ਮਾਰੇ ਤਾਂ ਹੀ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਮਿਲੇਗੀ।

PunjabKesariਮ੍ਰਿਤਕ ਦੀ ਪਤਨੀ ਨੇ ਜੀਜੇ 'ਤੇ ਲਗਾਏ ਗੰਭੀਰ ਦੋਸ਼ 
ਮ੍ਰਿਤਕ ਦੀ ਪਤਨੀ ਭੁਪਿੰਦਰ ਕੌਰ ਨੇ ਦੋਸ਼ੀ ਜੀਜੇ ਸੁਰਿੰਦਰ ਸਿੰਘ 'ਤੇ ਦੋਸ਼ ਲਗਾਉਂਦੇ ਕਿਹਾ ਕਿ ਉਨ੍ਹਾਂ ਨੂੰ ਉਸ ਦੇ ਪਤੀ ਦਾ ਜਦੋਂ ਵੀ ਫੋਨ ਆਉਂਦਾ ਸੀ ਤਾਂ ਉਹ ਇਹ ਕਹਿੰਦਾ ਸੀ ਉਸ ਦਾ ਜੀਜਾ ਅਕਸਰ ਹੀ ਸ਼ਰਾਬ 'ਚ ਧੁੱਤ ਹੋ ਕੇ ਉਸ ਨਾਲ ਬਦਤਮੀਜ਼ੀ ਕਰਦਾ ਰਹਿੰਦਾ ਸੀ। ਉਹ ਇਸ ਤੋਂ ਬਚਣ ਲਈ ਅਕਸਰ ਹੀ ਇਧਰ-ਉਧਰ ਹੋ ਜਾਂਦਾ ਸੀ ਅਤੇ ਠੀਕ ਹਾਲਤ 'ਚ ਹੋਣ ਸਮੇਂ ਸੁਰਿੰਦਰ ਉਸ ਨੂੰ ਵਾਪਸ ਬੁਲਾ ਲੈਂਦਾ ਸੀ। ਉਸ ਨੇ ਦੱਸਿਆ ਕਿ ਬੀਤੀ ਦੇਰ ਸ਼ਾਮ ਵੀ ਉਸ ਨੂੰ ਉਸ ਦੇ ਪਤੀ ਦਾ ਫੋਨ ਆਇਆ ਸੀ ਅਤੇ ਉਸ ਨੇ ਕਿਹਾ ਕਿ ਉਹ ਠੀਕ ਠਾਕ ਹੈ ਪਰ ਕੁਝ ਚਿਰ ਮਗਰੋਂ ਇਸ ਤਰ੍ਹਾਂ ਦਾ ਕੀ ਹੋ ਗਿਆ ਕਿ ਉਸ ਨੇ ਮੇਰਾ ਹੱਸਦਾ-ਖੇਡਦਾ ਪਰਿਵਾਰ ਉਜਾੜ ਕੇ ਰੱਖ ਦਿੱਤਾ।
PunjabKesariਪਰਿਵਾਰਕ ਮੈਂਬਰਾਂ ਨੇ ਕੀਤੀ ਵਿਦੇਸ਼ ਮੰਤਰਾਲੇ ਤੋਂ ਮ੍ਰਿਤਕ ਦੇਹ ਭਾਰਤ ਮੰਗਾਉਣ ਦੀ ਮੰਗ
ਗਰੀਬ ਪਰਿਵਾਰ ਨਾਲ ਸਬੰਧ ਰੱਖਣ ਵਾਲੇ ਹਰਜਿੰਦਰ ਸਿੰਘ ਦੇ ਪਰਿਵਾਰਕ ਮੈਂਬਰਾਂ, ਜਿਸ ਵਿਚ ਉਸ ਦੇ ਮਾਤਾ-ਪਿਤਾ, ਭਰਾ ਹਰਕੰਵਲ ਸਿੰਘ, ਪਤਨੀ ਭੁਪਿੰਦਰ ਕੌਰ, ਭੈਣ ਗੁਰਪ੍ਰੀਤ ਦੇ ਨਾਲ ਹੋਰ ਪਿੰਡ ਵਾਸੀਆਂ ਅਤੇ ਪਰਿਵਾਰਕ ਮੈਂਬਰਾਂ ਨੇ ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲੇ ਨੂੰ ਅਪੀਲ ਕਰਦੇ ਕਿਹਾ ਕਿ ਉਹ ਬਹੁਤ ਹੀ ਗਰੀਬ ਪਰਿਵਾਰ ਨਾਲ ਸਬੰਧ ਰੱਖਦੇ ਹਨ ਅਤੇ ਉਨ੍ਹਾਂ ਕੋਲ ਇੰਨੇ ਪੈਸੇ ਨਹੀਂ ਹਨ ਕਿ ਉਹ ਆਪਣੇ ਬੇਟੇ ਦੀ ਮ੍ਰਿਤਕ ਦੇਹ ਲਿਆਉਣ ਲਈ ਉਥੇ ਜਾ ਸਕਣ। ਉਨ੍ਹਾਂ ਨੇ ਕਿਹਾ ਕਿ ਭਾਰਤ ਸਰਕਾਰ ਮਨੀਲਾ ਸਰਕਾਰ ਨਾਲ ਗੱਲਬਾਤ ਕਰਕੇ ਉਨ੍ਹਾਂ ਦੇ ਬੇਟੇ ਹਰਜਿੰਦਰ ਸਿੰਘ ਦੀ ਮ੍ਰਿਤਕ ਦੇਹ ਨੂੰ ਭਾਰਤ ਲਿਆਉਣ 'ਚ ਮਦਦ ਕਰੇ ਤਾਂ ਜੋ ਉਹ ਆਪਣੇ ਬੇਟੇ ਦੇ ਅੰਤਿਮ ਦਰਸ਼ਨ ਕਰ ਸਕਣ ।


Related News