ਹੁਸ਼ਿਆਰਪੁਰ: 25 ਸਾਲਾ ਨੌਜਵਾਨ ਦੀ ਬੇਰਹਿਮੀ ਨਾਲ ਹੱਤਿਆ ਕਰਕੇ ਲਾਸ਼ ਜੰਗਲ 'ਚ ਸੁੱਟੀ

Wednesday, Apr 24, 2019 - 11:41 AM (IST)

ਹੁਸ਼ਿਆਰਪੁਰ: 25 ਸਾਲਾ ਨੌਜਵਾਨ ਦੀ ਬੇਰਹਿਮੀ ਨਾਲ ਹੱਤਿਆ ਕਰਕੇ ਲਾਸ਼ ਜੰਗਲ 'ਚ ਸੁੱਟੀ

ਹੁਸ਼ਿਆਰਪੁਰ (ਅਮਰੀਕ)— ਇਥੋਂ ਦੇ ਪਿੰਡ ਨਾਰਾ 'ਚ ਇਕ 25 ਸਾਲਾ ਨੌਜਵਾਨ ਦੀ ਬੇਰਹਿਮੀ ਨਾਲ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਨੌਜਵਾਨ ਦੀ ਲਾਸ਼ ਪਿੰਡ ਨਾਰਾ ਦੇ ਜੰਗਲ 'ਚੋਂ ਬਰਾਮਦ ਕੀਤੀ ਗਈ। ਦੱਸਿਆ ਜਾ ਰਿਹਾ ਹੈ ਕਿ ਅਣਪਛਾਤੇ ਵਿਅਕਤੀਆਂ ਨੇ ਨੌਜਵਾਨ ਦਾ ਗਲਾ ਕੱਟ ਕੇ ਬੇਰਹਿਮੀ ਨਾਲ ਹੱਤਿਆ ਕਰਨ ਤੋਂ ਬਾਅਦ ਲਾਸ਼ ਨੂੰ ਜੰਗਲ 'ਚ ਸੁੱਟ ਦਿੱਤਾ। ਲਾਸ਼ ਮਿਲਣ ਦੀ ਸੂਚਨਾ ਮਿਲਦਿਆਂ ਹੀ ਆਸ-ਪਾਸ ਦੇ ਇਲਾਕਿਆਂ 'ਚ ਦਹਿਸ਼ਤ ਫੈਲ ਗਈ। ਜਹਾਨ ਖੇਲਾਂ ਦੇ ਕਮਲ ਕੁਮਾਰ ਨੇ ਲਾਸ਼ ਮਿਲਣ ਦੀ ਸੂਚਨਾ ਥਾਣਾ ਸਦਰ ਦੀ ਪੁਲਸ ਨੂੰ ਦਿੱਤੀ। ਸੂਚਨਾ ਮਿਲਦਿਆਂ ਹੀ ਐੱਸ. ਐੱਚ. ਓ. ਰਾਜੇਸ਼ ਅਰੋੜਾ ਅਤੇ ਏ. ਐੱਸ. ਆਈ. ਸਤਨਾਮ ਸਿੰਘ ਪੁਲਸ ਪਾਰਟੀ ਸਮੇਤ ਮੌਕੇ 'ਤੇ ਪਹੁੰਚ ਗਏ। ਇਸ ਦੌਰਾਨ ਮਾਮਲੇ ਦੀ ਗੰਭੀਰਤਾ ਨੂੰ ਦੇਖ ਕੇ ਖੁਦ ਜ਼ਿਲਾ ਪੁਲਸ ਮੁਖੀ ਜੇ. ਏਲੀਚੇਲਿਅਨ ਵੀ ਮੌਕੇ 'ਤੇ ਪਹੁੰਚੇ ਅਤੇ ਘਟਨਾ ਦੀ ਜਾਂਚ 'ਚ ਜੁਟ ਗਏ। ਪੁਲਸ ਨੇ ਕਰੀਬ 25 ਸਾਲਾ ਨੌਜਵਾਨ ਦੀ ਲਾਸ਼ ਨੂੰ ਬਾਹਰ ਕੱਢਿਆ। ਕਾਫੀ ਦੇਰ ਤੱਕ ਲਾਸ਼ ਦੀ ਪਛਾਣ ਨਾ ਹੋਣ 'ਤੇ ਪੁਲਸ ਨੇ ਲਾਸ਼ ਦਾ ਪੰਚਨਾਮਾ ਕਰਵਾ ਕੇ 72 ਘੰਟਿਆਂ ਲਈ ਸਿਵਲ ਹਸਪਤਾਲ ਦੇ ਲਾਸ਼ ਘਰ 'ਚ ਭਿਜਵਾ ਦਿੱਤਾ ਹੈ।

PunjabKesari

ਲਾਸ਼ ਨੂੰ ਬੋਰੀ 'ਚ ਬੰਦ ਕਰਨਾ ਟਿਕਾਣੇ ਲਗਾਉਣ ਦਾ ਨਵਾਂ ਤਰੀਕਾ
ਵਰਣਨਯੋਗ ਹੈ ਕਿ ਇਸ ਸਾਲ 16 ਮਾਰਚ ਨੂੰ ਭਰਵਾਈਂ ਰੋਡ 'ਤੇ ਮੰਗੂਵਾਲ ਦੇ ਜੰਗਲਾਂ ਅਤੇ ਅਪ੍ਰੈਲ ਮਹੀਨੇ ਊਨਾ ਰੋਡ 'ਤੇ ਚੱਕ ਸਾਧੂ ਦੇ ਜੰਗਲਾਂ 'ਚੋਂ ਪੁਲਸ ਨੇ ਬੋਰੀਆਂ ਵਿਚ ਬੰਦ ਅਣਪਛਾਤੀਆਂ ਔਰਤਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਸਨ। ਅੱਜ ਸਵੇਰੇ ਜਹਾਨ ਖੇਲਾਂ ਵਿਖੇ ਮਿਲੀ ਲਾਸ਼ ਨੂੰ ਜਦੋਂ ਪੁਲਸ ਨੇ ਬੋਰੀ ਵਿਚੋਂ ਬਾਹਰ ਕੱਢਿਆ ਤਾਂ ਲਾਸ਼ ਦੀ ਹਾਲਤ ਦੇਖ ਕੇ ਸਾਫ ਪਤਾ ਲੱਗਦਾ ਸੀ ਕਿ ਨੌਜਵਾਨ ਨੂੰ ਬੇਰਹਿਮੀ ਨਾਲ ਗਲਾ ਵੱਢ ਕੇ ਕਤਲ ਕਰਨ ਉਪਰੰਤ ਲਾਸ਼ ਨੂੰ ਬੋਰੀ ਵਿਚ ਬੰਦ ਕਰ ਕੇ ਜੰਗਲ 'ਚ ਸੁੱਟਣ ਉਪਰੰਤ ਕਾਤਲ ਫਰਾਰ ਹੋ ਗਏ ਹੋਣਗੇ।
ਹੁਸ਼ਿਆਰਪੁਰ ਦੇ ਪਹਾੜੀ ਇਲਾਕੇ ਅਤੇ ਊਨਾ ਰੋਡ ਦੇ ਜੰਗਲੀ ਇਲਾਕੇ ਵਿਚ ਜਿਸ ਤਰ੍ਹਾਂ ਕਾਤਲ ਲਾਸ਼ਾਂ ਨੂੰ ਬੋਰੀਆਂ ਵਿਚ ਬੰਦ ਕਰ ਕੇ ਸੁੱਟ ਰਹੇ ਹਨ, ਉਸ ਤੋਂ ਸਾਫ ਲੱਗਦਾ ਹੈ ਕਿ ਉਨ੍ਹਾਂ ਲਾਸ਼ਾਂ ਨੂੰ ਟਿਕਾਣੇ ਲਾਉਣ ਦਾ ਨਵਾਂ ਤਰੀਕਾ ਇਜਾਦ ਕੀਤਾ ਹੈ।
ਪੁਲਸ ਕਰਵਾ ਰਹੀ ਐ ਲਾਸ਼ ਦੀ ਪਛਾਣ : ਅਰੋੜਾ
ਸੰਪਰਕ ਕਰਨ 'ਤੇ ਥਾਣਾ ਸਦਰ ਦੇ ਐੱਸ. ਐੱਚ. ਓ. ਰਾਜੇਸ਼ ਅਰੋੜਾ ਨੇ ਦੱਸਿਆ ਕਿ ਸੂਚਨਾ ਮਿਲਦਿਆਂ ਹੀ ਪੁਲਸ ਮੌਕੇ 'ਤੇ ਪਹੁੰਚ ਗਈ ਅਤੇ ਲਾਸ਼ ਦੀ ਪਛਾਣ ਕਰਵਾਉਣ ਦਾ ਯਤਨ ਕੀਤਾ। ਲਾਸ਼ ਦੀ ਪਛਾਣ ਨਾ ਹੋਣ 'ਤੇ ਉਸ ਨੂੰ 72 ਘੰਟਿਆਂ ਲਈ ਸਿਵਲ ਹਸਪਤਾਲ ਦੇ ਲਾਸ਼ਘਰ 'ਚ ਰਖਵਾ ਦਿੱਤਾ ਗਿਆ ਹੈ। ਪੁਲਸ ਵੱਲੋਂ ਪੰਜਾਬ ਦੇ ਨਾਲ-ਨਾਲ ਹਿਮਾਚਲ ਪ੍ਰਦੇਸ਼ ਦੇ ਪੁਲਸ ਥਾਣਿਆਂ ਨੂੰ ਵੀ ਸੂਚਿਤ ਕਰ ਕੇ ਗੁੰਮਸ਼ੁਦਾ ਨੌਜਵਾਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕਰਨ ਦੇ ਨਿਰਦੇਸ਼ ਜਾਰੀ ਕੀਤੇ ਹਨ।


author

shivani attri

Content Editor

Related News