ਜ਼ਹਿਰੀਲਾ ਪਦਾਰਥ ਨਿਗਲਣ ਕਾਰਨ ਮੁੰਡੇ ਦੀ ਹੋਈ ਮੌਤ, ਮਾਂ ਨੇ ਲਾਏ ਗੰਭੀਰ ਦੋਸ਼
Tuesday, May 04, 2021 - 02:17 AM (IST)
ਜਲੰਧਰ, (ਮਹੇਸ਼)– ਥਾਣਾ ਸਦਰ ਅਧੀਨ ਪੈਂਦੇ ਪਿੰਡ ਸਮਰਾਏ ਵਿਚ 22 ਸਾਲ ਦੇ ਨੌਜਵਾਨ ਦੀ ਕੋਈ ਜ਼ਹਿਰੀਲਾ ਪਦਾਰਥ ਨਿਗਲਣ ਨਾਲ ਮੌਤ ਹੋ ਗਈ ਸੀ। ਉਸ ਦੀ ਲਾਸ਼ ਜੰਡਿਆਲਾ ਪੁਲਸ ਚੌਕੀ ਨੇ ਲਖਨਪਾਲ ਰੋਡ ਤੋਂ ਬਰਾਮਦ ਕੀਤੀ ਹੈ। ਚੌਕੀ ਦੇ ਮੁਖੀ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਨਰੇਸ਼ ਪੁੱਤਰ ਰੇਸ਼ਮ ਲਾਲ ਵਾਸੀ ਪਿੰਡ ਭੰਗਾਲਾ ਥਾਣਾ ਨੂਰਮਹਿਲ ਜ਼ਿਲਾ ਜਲੰਧਰ ਦੇ ਰੂਪ ਵਿਚ ਹੋਈ ਹੈ। ਨਰੇਸ਼ ਪੇਂਟ ਦਾ ਕੰਮ ਕਰਦਾ ਸੀ। ਉਸ ਦੀ ਮਾਂ ਜਸਵਿੰਦਰ ਕੌਰ ਨੇ ਦੋਸ਼ ਲਾਇਆ ਕਿ ਉਸ ਦੇ ਬੇਟੇ ਨੂੰ ਉਸ ਦੇ ਹੀ ਦੋਸਤਾਂ ਨੇ ਜ਼ਹਿਰੀਲਾ ਪਦਾਰਥ ਦੇ ਕੇ ਮਾਰਿਆ ਹੈ। ਉਸ ਨੇ ਕਿਹਾ ਕਿ ਉਸ ਦੇ ਬੇਟੇ ਦੀ ਮੌਤ ਦੇ ਜ਼ਿੰਮੇਵਾਰ ਸੁਖਜਿੰਦਰ ਉਰਫ ਸ਼ੀਪਾ ਪੁੱਤਰ ਕ੍ਰਿਸ਼ਨ ਪਾਲ ਵਾਸੀ ਪੱਤੀ ਲਾਲ ਦਰਵਾਜ਼ਾ ਪਿੰਡ ਸਮਰਾਏ ਜ਼ਿਲਾ ਜਲੰਧਰ ਤੇ ਗੁਰਪ੍ਰੀਤ ਸਿੰਘ ਗੋਪੀ ਪੁੱਤਰ ਅਮਰੀਕ ਸਿੰਘ ਵਾਸੀ ਪੱਤੀ ਠਕਰਵਾਲ ਪਿੰਡ ਸਮਰਾਏ ਜ਼ਿਲਾ ਜਲੰਧਰ ਹੈ। ਉਸ ਨੇ ਦੱਸਿਆ ਕਿ ਨਰੇਸ਼ ਨੇ ਘਰ ਤੋਂ ਮੈਸਟਰੋ ਸਕੂਟਰੀ ’ਤੇ ਜਾਂਦੇ ਸਮੇਂ ਕਿਹਾ ਸੀ ਕਿ ਉਹ ਸਮਰਾਏ ਪਿੰਡ ਵਿਚ ਆਪਣੇ ਦੋਸਤ ਸ਼ੀਪਾ ਤੇ ਗੋਪੀ ਨਾਲ ਜਾ ਰਿਹਾ ਹੈ ਅਤੇ ਕੁਝ ਸਮੇਂ ਬਾਅਦ ਹੀ ਵਾਪਸ ਆ ਜਾਵੇਗਾ ਪਰ ਜਦੋਂ ਕਾਫੀ ਦੇਰ ਤੱਕ ਉਹ ਨਹੀਂ ਆਇਆ ਤਾਂ ਉਹ ਤਲਾਸ਼ ਕਰਦੇ ਹੋਏ ਪਿੰਡ ਸਮਰਾਏ ਪਹੁੰਚੀ, ਜਿਥੇ ਨਰੇਸ਼ ਦੀ ਲਾਸ਼ ਲਨਖਨਪਾਲ ਰੋਡ ’ਤੇ ਪਈ ਹੋਈ ਸੀ। ਏ. ਐੱਸ. ਆਈ. ਗੁਰਵਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਨੇ ਮ੍ਰਿਤਕ ਨਰੇਸ਼ ਦੀ ਮਾਂ ਜਸਵਿੰਦਰ ਕੌਰ ਦੇ ਬਿਆਨਾਂ ’ਤੇ ਸ਼ੀਪਾ ਦੇ ਖਿਲਾਫ ਥਾਣਾ ਸਦਰ ਵਿਚ 304 ਤੇ 34 ਆਈ। ਪੀ. ਸੀ. ਦੇ ਤਹਿਤ 66 ਨੰਬਰ ਐੱਫ. ਆਈ. ਆਰ. ਦਰਜ ਕੀਤੀ ਹੈ। ਦੋਵਾਂ ਨੂੰ ਪਿੰਡ ਸਮਰਾਏ ਤੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਨਰੇਸ਼ ਦੀ ਮੌਤ ਸਬੰਧੀ ਉਨ੍ਹਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਕੱਲ ਉਨ੍ਹਾਂ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰਕੇ ਪੁਲਸ ਰਿਮਾਂਡ ਹਾਸਲ ਕੀਤਾ ਜਾਵੇਗਾ। ਚੌਕੀ ਮੁਖੀ ਨੇ ਦੱਸਿਆ ਕਿ ਮ੍ਰਿਤਕ ਨਰੇਸ਼ ਦਾ ਸਿਵਲ ਹਸਪਤਾਲ ਤੋਂ ਪੋਸਟਮਾਰਟਮ ਕਰਵਾ ਕੇ ਲਾਸ਼ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਜਾਵੇਗੀ। ਪੁਲਸ ਜਾਂਚ ਵਿਚ ਪਤਾ ਲੱਗਾ ਹੈ ਕਿ ਮ੍ਰਿਤਕ ਨਰੇਸ਼ ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ। ਉਸ ਦੇ ਪਿਤਾ ਰੇਸ਼ਮ ਲਾਲ ਦੀ ਮੌਤ ਹੋ ਚੁੱਕੀ ਹੈ।