ਨਹਿਰ ''ਚ ਨਹਾਉਣ ਗਿਆ 17 ਸਾਲਾਂ ਦਾ ਮੁੰਡਾ ਰੁੜ੍ਹਿਆ, ਬਰਾਮਦ ਹੋਈ ਲਾਸ਼

Sunday, May 22, 2022 - 01:38 PM (IST)

ਨਹਿਰ ''ਚ ਨਹਾਉਣ ਗਿਆ 17 ਸਾਲਾਂ ਦਾ ਮੁੰਡਾ ਰੁੜ੍ਹਿਆ, ਬਰਾਮਦ ਹੋਈ ਲਾਸ਼

ਭਵਾਨੀਗੜ੍ਹ (ਕਾਂਸਲ, ਵਿਕਾਸ) : ਸਥਾਨਕ ਸ਼ਹਿਰ ਨੇੜਲੇ ਪਿੰਡ ਨਦਾਮਪੁਰ ਵਿਖੇ ਨਹਿਰ 'ਚ ਨਹਾਉਣ ਗਏ ਇਕ ਮੁੰਡੇ ਦੀ ਪਾਣੀ 'ਚ ਡੁੱਬ ਜਾਣ ਕਾਰਨ ਮੌਤ ਹੋ ਜਾਣ ਦੀ ਖ਼ਬਰ ਪ੍ਰਾਪਤ ਹੋਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਹਰਦਿੱਤਪੁਰਾ ਦੀ ਸਰਪੰਚ ਭਿੰਦਰ ਕੌਰ ਦੇ ਪੁੱਤਰ ਗਿਆਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਦੇ ਮੇਜਰ ਸਿੰਘ ਦੀ ਧੀ ਦਾ ਪੁੱਤਰ ਅੰਮ੍ਰਿਤ ਸਿੰਘ (17) ਬੀਤੀ ਸ਼ਾਮ ਨੇੜਲੇ ਪਿੰਡ ਨਦਾਮਪੁਰ ਦੀ ਨਹਿਰ 'ਚ ਆਪਣੇ ਸਾਥੀਆਂ ਨਾਲ ਨਹਾਉਣ ਗਿਆ ਸੀ।

ਨਹਾਉਂਦੇ ਸਮੇਂ ਅਚਾਨਕ ਪਾਣੀ ਦਾ ਤੇਜ਼ ਵਹਾਅ ਅੰਮ੍ਰਿਤ ਸਿੰਘ ਨੂੰ ਰੋੜ੍ਹ ਕੇ ਲੈ ਗਿਆ ਅਤੇ ਉਹ ਪਾਣੀ ਅੰਦਰ ਹੀ ਡੁੱਬ ਗਿਆ। ਉਸਦੇ ਸਾਥੀਆਂ ਨੇ ਘਟਨਾ ਸਬੰਧੀ ਪਰਿਵਾਰ ਅਤੇ ਪਿੰਡ ਦੇ ਲੋਕਾਂ ਨੂੰ ਸੂਚਿਤ ਕੀਤਾ, ਜਿਸ ਤੋਂ ਬਾਅਦ ਲੋਕਾਂ ਨੇ ਆਪਣੇ ਪੱਧਰ 'ਤੇ ਨਹਿਰ 'ਚ ਜਾਲ ਵਗੈਰਾ ਸੁੱਟ ਕੇ ਅੰਮ੍ਰਿਤ ਸਿੰਘ ਦੀ ਭਾਲ ਸ਼ੁਰੂ ਕਰ ਦਿੱਤੀ ਤੇ ਕਈ ਘੰਟਿਆਂ ਬਾਅਦ ਵੀ ਉਸ ਦਾ ਕੁੱਝ ਪਤਾ ਨਹੀਂ ਲੱਗਿਆ। ਗਿਆਨ ਸਿੰਘ ਨੇ ਦੱਸਿਆ ਕਿ ਇਸ ਦੌਰਾਨ 12 ਘੰਟਿਆਂ ਤੋਂ ਵੱਧ ਸਮਾਂ ਬੀਤ ਜਾਣ ਮਗਰੋਂ ਅੱਜ ਸਵੇਰੇ ਅੰਮ੍ਰਿਤ ਸਿੰਘ ਨੂੰ ਪਾਣੀ ਹੇਠੋਂ ਮ੍ਰਿਤਕ ਹਾਲਤ ਵਿੱਚ ਹਰਦਿੱਤਪੁਰਾ ਮੋਘੇ ਕੋਲੋਂ ਕੱਢਿਆ ਗਿਆ। ਗਿਆਨ ਸਿੰਘ ਨੇ ਦੱਸਿਆ ਕਿ ਮ੍ਰਿਤਕ 10 ਜਮਾਤ 'ਚ ਪੜ੍ਹਦਾ ਸੀ ਤੇ ਪਿਛਲੇ ਕਾਫੀ ਸਮੇਂ ਤੋਂ ਹਰਦਿੱਤਪੁਰਾ ਵਿਖੇ ਆਪਣੇ ਨਾਨੇ ਕੋਲ ਰਹਿੰਦਾ ਸੀ। ਘਟਨਾ ਤੋਂ ਬਾਅਦ ਪਿੰਡ ਵਿੱਚ ਸੋਗ ਦੀ ਲਹਿਰ ਹੈ।


author

Babita

Content Editor

Related News