ਦੋਸਤਾਂ ਨੇ ਨਹਾਉਂਦੇ ਸਮੇਂ ਦਿੱਤਾ ਸੀ ਨਹਿਰ ''ਚ ਧੱਕਾ, ਮੁੰਡੇ ਦੀ ਲਾਸ਼ ਬਰਾਮਦ

Thursday, Jun 17, 2021 - 09:22 AM (IST)

ਪਟਿਆਲਾ (ਬਲਜਿੰਦਰ) : ਪਰਿਵਾਰ ਵੱਲੋਂ ਦੋਸਤਾਂ ’ਤੇ ਲਵਪ੍ਰੀਤ ਸਿੰਘ ਨੂੰ ਭਾਖੜਾ ਨਹਿਰ ’ਚ ਸੁੱਟਣ ਦੇ ਲਗਾਏ ਗਏ ਦੋਸ਼ ਦੇ ਮਾਮਲੇ ’ਚ ਲਵਪ੍ਰੀਤ ਸਿੰਘ ਦੀ ਲਾਸ਼ ਭਾਖੜਾ ਨਹਿਰ ’ਚੋਂ ਬਰਾਮਦ ਹੋ ਗਈ ਹੈ। ਉਸ ਦੀ ਸਕੂਟਰੀ ਵੀ ਮਿਲ ਗਈ ਹੈ। ਪੁਲਸ ਨੇ ਲਾਸ਼ ਦੇ ਪੋਸਟਮਾਰਟਮ ਤੋਂ ਬਾਅਦ ਪਰਿਵਾਰ ਦੇ ਹਵਾਲੇ ਕਰ ਦਿੱਤਾ। ਦੱਸਣਯੋਗ ਹੈ ਕਿ ਇਸ ਮਾਮਲੇ ’ਚ ਤੇਜਿੰਦਰ ਸਿੰਘ ਪੁੱਤਰ ਦਵਿੰਦਰ ਸਿੰਘ ਵਾਸੀ ਡਾ. ਚਮਨ ਲਾਲ ਵਾਲੀ ਗਲੀ ਮਥੁਰਾ ਕਾਲੋਨੀ ਪਟਿਆਲਾ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਦੇ ਪੁੱਤਰ ਲਵਪ੍ਰੀਤ ਸਿੰਘ ਨੂੰ ਸਰਬਜੀਤ ਸਿੰਘ ਵਾਸੀ ਨੇੜੇ ਰਿਸ਼ੀ ਪਬਲਿਕ ਸਕੂਲ ਪਟਿਆਲਾ ਅਤੇ ਜਸ਼ਨਦੀਪ ਸਿੰਘ ਵਾਸੀ ਗਰੀਨ ਪਾਰਕ ਕਾਲੋਨੀ ਲੰਘੀ 12 ਜੂਨ ਨੂੰ ਧੱਕੇ ਨਾਲ ਨਹਿਰ ’ਚ ਨਹਾਉਣ ਲਈ ਲੈ ਗਏ ਸਨ, ਜਿਨ੍ਹਾਂ ਨੂੰ ਉਸ ਦੇ ਭਰਾ ਨੇ ਭਾਦਸੋਂ ਰੋਡ ’ਤੇ ਜਾਂਦੇ ਦੇਖ ਲਿਆ ਸੀ।

ਜਦੋਂ ਦੁਪਹਿਰ ਨੂੰ ਲਗਭਗ 1 ਵਜੇ ਲਵਪ੍ਰੀਤ ਮੋਬਾਇਲ ’ਤੇ ਕਾਲ ਕੀਤੀ ਗਈ ਤਾਂ ਉਸ ਦਾ ਫੋਨ ਬੰਦ ਆ ਰਿਹਾ ਸੀ। ਉਨ੍ਹਾਂ ਨੇ ਕਾਫੀ ਭਾਲ ਕੀਤੀ ਪਰ ਲਵਪ੍ਰੀਤ ਨਹੀਂ ਲੱਭਿਆ ਤਾਂ ਪਿੰਡ ਜੱਸੋਵਾਲ ਦੇ ਕੁੱਝ ਵਿਅਕਤੀਆਂ ਨੇ ਦੱਸਿਆ ਕਿ 3 ਜਣੇ ਨਹਿਰ ’ਚ ਨਹਾਉਣ ਲਈ ਆਏ ਸਨ। ਉਨ੍ਹਾਂ ’ਚੋਂ ਇਕ ਮੁੰਡਾ ਨਹਾਉਣ ਤੋਂ ਮਨ੍ਹਾਂ ਕਰ ਰਿਹਾ ਸੀ। ਉਸ ਦੇ ਸਾਥੀਆਂ ਨੇ ਧੱਕੇ ਨਾਲ ਉਸ ਦੀ ਛਲਾਂਗ ਲਗਵਾ ਦਿੱਤੀ। ਛਲਾਂਗ ਲਗਾਉਣ ਤੋਂ ਬਾਅਦ ਮੁੰਡਾ ਬਾਹਰ ਨਹੀਂ ਆਇਆ ਅਤੇ ਭਾਖੜਾ ਨਹਿਰ ’ਚ ਡੁੱਬ ਗਿਆ। ਬਾਅਦ ’ਚ ਉਕਤ ਵਿਅਕਤੀਆਂ ਨੇ ਲਵਪ੍ਰੀਤ ਸਿੰਘ ਦੀ ਸਕੂਟਰੀ ਅਤੇ ਮੋਬਾਇਲ ਵੀ ਨਹਿਰ ’ਚ ਸੁੱਟ ਦਿੱਤਾ ਅਤੇ ਮੌਕੇ ਤੋਂ ਚਲੇ ਗਏ। ਅਜੇ ਤੱਕ ਲਵਪ੍ਰੀਤ ਸਿੰਘ ਦੀ ਲਾਸ਼ ਬਰਾਮਦ ਨਹੀਂ ਹੋਈ ਸੀ। ਇਸ ਮਾਮਲੇ ’ਚ ਥਾਣਾ ਤ੍ਰਿਪੜੀ ਦੀ ਪੁਲਸ ਨੇ ਸਰਬਜੀਤ ਸਿੰਘ ਵਾਸੀ ਨੇੜੇ ਰਿਸ਼ੀ ਪਬਲਿਕ ਸਕੂਲ ਪਟਿਆਲਾ ਅਤੇ ਜਸ਼ਨਦੀਪ ਸਿੰਘ ਵਾਸੀ ਗਰੀਨ ਪਾਰਕ ਕਾਲੋਨੀ ਪਟਿਆਲਾ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
 


Babita

Content Editor

Related News