ਮਾਂ ਨੂੰ ਦਵਾਈ ਲੈਣ ਭੇਜ ਕੇ ਇਕਲੌਤੇ ਪੁੱਤ ਨੇ ਕੀਤੀ ਖੁਦਕੁਸ਼ੀ
Saturday, Oct 12, 2019 - 11:27 PM (IST)

ਜਲੰਧਰ, (ਵਰੁਣ)— ਗੁਰੂ ਅਮਰਦਾਸ ਕਲੋਨੀ 'ਚ ਇਕ ਨੌਜਵਾਨ ਨੇ ਫਾਹਾ ਲਗਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਖੁਦਕੁਸ਼ੀ ਤੋਂ ਪਹਿਲਾਂ ਨੌਜਵਾਨ ਨੇ ਪਹਿਲਾਂ ਆਪਣੀ ਮਾਂ ਨੂੰ ਦਵਾਈ ਲੈਣ ਭੇਜ ਦਿੱਤਾ। ਜਦੋਂ ਬਜ਼ੁਰਗ ਮਾਂ ਵਾਪਸ ਆਈ ਤਾਂ ਫਾਹੇ ਨਾਲ ਪੁੱਤਰ ਦੀ ਲਾਸ਼ ਲਟਕੀ ਵੇਖ ਕੇ ਰੌਲਾ ਪਾਇਆ ਤਾਂ ਆਲੇ-ਦੁਆਲੇ ਰਹਿੰਦੇ ਲੋਕਾਂ ਨੇ ਉਸ ਨੂੰ ਹੇਠਾਂ ਉਤਾਰਿਆ ਪਰ ਤਦ ਤੱਕ ਉਸ ਦੀ ਮੌਤ ਹੋ ਚੁੱਕੀ ਸੀ। ਮ੍ਰਿਤਕ ਦੀ ਪਛਾਣ ਮਨਜੀਤ ਸਿੰਘ ਉਰਫ ਮਨੀ (30) ਪੁੱਤਰ ਮੋਹਨ ਸਿੰਘ ਵਾਸੀ ਗੁਰੂ ਅਮਰਦਾਸ ਨਗਰ ਦੇ ਤੌਰ 'ਤੇ ਹੋਈ ਹੈ।
ਥਾਣਾ ਨੰਬਰ 1 ਦੇ ਇੰਚਾਰਜ ਸੁਖਬੀਰ ਸਿੰਘ ਨੇ ਦੱਸਿਆ ਕਿ ਮਨਜੀਤ ਦੇ ਪਿਤਾ ਦੀ 10 ਸਾਲ ਪਹਿਲਾਂ ਮੌਤ ਹੋ ਗਈ ਸੀ। ਉਸਦੇ ਪਿਤਾ ਮੋਹਨ ਸਿੰਘ ਖਰਾਦ ਦਾ ਕੰਮ ਕਰਦੇ ਸਨ, ਜਦਕਿ ਮਨਜੀਤ ਖੁਦ ਵੀ ਚੰਗਾ ਕਾਰੀਗਰ ਸੀ ਪਰ ਉਸਨੂੰ ਮਿਰਗੀ ਦੇ ਦੌਰੇ ਪੈਂਦੇ ਸਨ। ਡਿਪ੍ਰੈਸ਼ਨ ਹੋਣ ਕਾਰਨ ਕਾਫੀ ਸਮੇਂ ਤੋਂ ਮਨਜੀਤ ਨੇ ਕੰਮਕਾਜ ਛੱਡ ਦਿੱਤਾ ਸੀ ਤੇ ਜ਼ਿਆਦਾ ਸ਼ਰਾਬ ਪੀਣ ਲੱਗਾ ਸੀ। ਪਿਤਾ ਦੀ ਮੌਤ ਤੋਂ ਬਾਅਦ ਮਨਜੀਤ ਆਪਣੀ ਮਾਂ ਦਾ ਇਕਲੌਤਾ ਸਹਾਰਾ ਸੀ ਪਰ ਡਿਪ੍ਰੈਸ਼ਨ ਕਾਰਨ ਉਹ ਕਾਫੀ ਪ੍ਰੇਸ਼ਾਨ ਰਹਿਣ ਲੱਗਾ ਅਤੇ ਸ਼ਨੀਵਾਰ ਨੂੰ ਆਪਣੀ ਬੀਮਾਰ ਮਾਂ ਨੂੰ ਦਵਾਈ ਲੈਣ ਲਈ ਭੇਜਣ ਤੋਂ ਬਾਅਦ ਉਸਨੇ ਕਮਰੇ 'ਚ ਫਾਹਾ ਲਾ ਲਿਆ। ਮੌਕੇ 'ਤੇ ਪਹੁੰਚੀ ਥਾਣਾ 1 ਦੀ ਪੁਲਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਰਖਵਾ ਦਿੱਤਾ ਹੈ। ਪੁਲਸ ਦਾ ਦਾਅਵਾ ਹੈ ਕਿ ਮ੍ਰਿਤਕ ਕੋਲੋਂ ਕੋਈ ਸੁਸਾਈਡ ਨੋਟ ਨਹੀਂ ਮਿਲਿਆ।