ਲੁਧਿਆਣਾ ''ਚ ਪੁਲਸ ਦੀ ਗੁੰਡਾਗਰਦੀ, ਕੁੱਟਿਆ ਦੁਕਾਨ ''ਤੇ ਕੰਮ ਕਰਨ ਵਾਲਾ ਮੁੰਡਾ

Monday, May 25, 2020 - 02:38 PM (IST)

ਲੁਧਿਆਣਾ ''ਚ ਪੁਲਸ ਦੀ ਗੁੰਡਾਗਰਦੀ, ਕੁੱਟਿਆ ਦੁਕਾਨ ''ਤੇ ਕੰਮ ਕਰਨ ਵਾਲਾ ਮੁੰਡਾ

ਲੁਧਿਆਣਾ (ਨਰਿੰਦਰ) : ਲੁਧਿਆਣਾ ਦੇ ਬਾਜ਼ਾਰ 'ਚ ਬੀਤੇ ਦਿਨੀਂ ਇੱਕ ਕੱਪੜੇ ਦੀ ਦੁਕਾਨ 'ਤੇ ਕੰਮ ਕਰਨ ਵਾਲੇ ਮੁਲਾਜ਼ਮ ਨਾਲ ਏ. ਐੱਸ. ਆਈ. ਵੱਲੋਂ ਕੁੱਟਮਾਰ ਕਰਨ ਦੀ ਵੀਡੀਓ ਲਗਾਤਾਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਵੀਡੀਓ 'ਚ ਦੁਕਾਨ ਖੋਲ੍ਹਣ ਨੂੰ ਲੈ ਕੇ ਏ. ਐੱਸ. ਆਈ. ਨੇ ਬਿਨਾਂ ਕਾਰਨ ਕੱਪੜੇ ਦੀ ਦੁਕਾਨ 'ਤੇ ਕੰਮ ਕਰਨ ਵਾਲੇ ਮੁਲਾਜ਼ਮ ਦੀ ਕੁੱਟਮਾਰ ਕਰ ਦਿੱਤੀ ਅਤੇ ਇਹ ਸਾਰੀਆਂ ਤਸਵੀਰਾਂ ਇੱਥੇ ਲੱਗੇ ਸੀ. ਸੀ. ਟੀ. ਵੀ. ਕੈਮਰੇ 'ਚ ਕੈਦ ਹੋ ਗਈਆਂ।

ਕੈਮਰੇ ਦੀ ਫੁਟੇਜ 'ਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਏ. ਐੱਸ. ਆਈ. ਵੱਲੋਂ ਕਿਵੇਂ ਆਪਣੀ ਵਰਦੀ ਦਾ ਰੌਅਬ ਝਾੜਿਆ ਜਾ ਰਿਹਾ ਹੈ।  ਇਸ ਬਾਰੇ ਜਾਣਕਾਰੀ ਦਿੰਦਿਆਂ ਦੁਕਾਨ ਦੇ ਮਾਲਕ ਅਤੇ ਕੰਮ ਕਰਨ ਵਾਲੇ ਮੁਲਾਜ਼ਮ ਨੇ ਦੱਸਿਆ ਕਿ ਲੁਧਿਆਣਾ ਪ੍ਰਸ਼ਾਸਨ ਵੱਲੋਂ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਦੁਕਾਨਾਂ ਖੋਲ੍ਹਣ ਦੀ ਮਨਜ਼ੂਰੀ ਦਿੱਤੀ ਗਈ ਹੈ ਅਤੇ ਇਸ ਦੌਰਾਨ ਕਿਸੇ ਵੀ ਤਰ੍ਹਾਂ ਦੇ ਪਾਸ ਦੀ ਲੋੜ ਨਹੀਂ ਪਰ ਪੀੜਤ ਮੁਲਾਜ਼ਮ ਬਬਲੂ ਨੇ ਦੱਸਿਆ ਕਿ ਏ. ਐੱਸ. ਆਈ. ਨੇ ਜਾਣ-ਬੁੱਝ ਕੇ ਸਿਰਫ ਉਸੇ ਦੀ ਦੁਕਾਨ ਬੰਦ ਕਰਵਾਉਣ ਲਈ ਉਸ 'ਤੇ ਦਬਾਅ ਪਾਇਆ ਅਤੇ ਉਸ ਦੇ ਨਾਲ ਕੁੱਟਮਾਰ ਵੀ ਕੀਤੀ।

ਦੂਜੇ ਪਾਸੇ ਦੁਕਾਨ ਦੀ ਮਾਲਕ ਗੁਰਪ੍ਰੀਤ ਕੌਰ ਨੇ ਦੱਸਿਆ ਕਿ ਉਹ ਬੀਤੇ ਦੋ ਮਹੀਨਿਆਂ ਤੋਂ ਕੰਮਕਾਰ ਠੱਪ ਹੋਣ ਕਰਕੇ  ਆਰਥਿਕ ਤੰਗੀ ਨਾਲ ਜੂਝ ਰਹੇ ਹਨ ਅਤੇ ਪ੍ਰਸ਼ਾਸਨ ਦੇ ਹੁਕਮਾਂ ਤੋਂ ਬਾਅਦ ਹੀ ਉਨ੍ਹਾਂ ਵੱਲੋਂ ਦੁਕਾਨ ਖੋਲ੍ਹੀ ਗਈ ਹੈ ਪਰ ਪੁਲਸ ਮੁਲਾਜ਼ਮਾਂ ਵੱਲੋਂ ਉਨ੍ਹਾਂ ਦੀ ਦੁਕਾਨ 'ਤੇ ਆ ਕੇ ਉਨ੍ਹਾਂ ਦੀ ਗੈਰ ਮੌਜੂਦਗੀ 'ਚ ਜ਼ਬਰਨ ਦੁਕਾਨ ਬੰਦ ਕਰਵਾਈ ਗਈ ਅਤੇ ਮੁਲਾਜ਼ਮ ਨਾਲ ਕੁੱਟਮਾਰ ਵੀ ਕੀਤੀ ਗਈ। ਇਸ ਬਾਰੇ ਜਦੋਂ ਮੌਕੇ 'ਤੇ ਪਹੁੰਚੇ ਪੁਲਸ ਅਧਿਕਾਰੀ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਹ ਮਾਮਲੇ ਦੀ ਤਫਤੀਸ਼ ਕਰਨ 'ਚ ਲੱਗੇ ਹੋਏ ਹਨ ਅਤੇ ਜੇਕਰ ਕਿਸੇ ਨਾਲ ਨਾ-ਇਨਸਾਫੀ ਹੋਈ ਹੈ ਤਾਂ ਇਸ ਮਾਮਲੇ ਨੂੰ ਸੀਨੀਅਰ ਅਧਿਕਾਰੀਆਂ ਦੇ ਧਿਆਨ 'ਚ ਲਿਆਂਦਾ ਜਾਵੇਗਾ।


author

Babita

Content Editor

Related News