2 ਦੇਸੀ ਕੱਟੇ ਤੇ ਜ਼ਿੰਦਾ ਕਾਰਤੂਸ ਸਮੇਤ ਮੁੰਡਾ ਗ੍ਰਿਫ਼ਤਾਰ
Wednesday, Dec 11, 2024 - 02:56 PM (IST)
ਮੋਹਾਲੀ (ਨਿਆਮੀਆਂ) : ਮੋਹਾਲੀ ਪੁਲਸ ਨੇ ਜ਼ੀਰਕਪੁਰ ਦੇ ਵਸਨੀਕ ਇਕ ਮੁੰਡੇ ਨੂੰ ਨਾਜਾਇਜ਼ ਅਸਲੇ ਸਮੇਤ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਮੁੰਡੇ ਬਾਰੇ ਦੱਸਿਆ ਜਾ ਰਿਹਾ ਹੈ ਕਿ ਉਹ ਨਾਬਾਲਗ ਹੈ ਅਤੇ ਉਸ ਦੀ ਪਛਾਣ ਜਨਤਕ ਨਹੀਂ ਕੀਤੀ ਗਈ। ਇਸ ਸਬੰਧੀ ਡੀ. ਐੱਸ. ਪੀ. ਸਿਟੀ-2 ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਪੁਲਸ ਵੱਲੋਂ ਮੁੰਡੇ ਨੂੰ ਇਲਾਕੇ ’ਚ ਮਾੜੇ ਅਨਸਰਾਂ ਖ਼ਿਲਾਫ਼ ਚਲਾਈ ਮੁਹਿੰਮ ਦੌਰਾਨ ਕਾਬੂ ਕੀਤਾ ਗਿਆ ਹੈ।
ਥਾਣਾ ਫੇਜ਼-8 ਦੀ ਪੁਲਸ ਵੱਲੋਂ ਕੀਤੀ ਨਾਕਾਬੰਦੀ ਦੌਰਾਨ ਥਾਣੇਦਾਰ ਸੁਰਿੰਦਰ ਸਿੰਘ ਨੂੰ ਗੁਪਤ ਸੂਚਨਾ ਮਿਲੀ ਕਿ ਉਨ੍ਹਾਂ ਦੇ ਇਲਾਕੇ ’ਚ ਇਕ ਮੁੰਡਾ ਨਾਜਾਇਜ਼ ਅਸਲੇ ਸਮੇਤ ਘੁੰਮ ਰਿਹਾ ਹੈ ਤੇ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਦੀ ਫ਼ਿਰਾਕ ਵਿਚ ਹੈ, ਜਿਸ ਦੇ ਆਧਾਰ ’ਤੇ ਉਕਤ ਥਾਣੇਦਾਰ ਨੇ ਮੁੰਡੇ ਨੂੰ ਕਾਬੂ ਕੀਤਾ ਤੇ ਉਸ ਕੋਲੋਂ 2 ਦੇਸੀ ਕੱਟੇ ਅਤੇ 2 ਜ਼ਿੰਦਾ ਰੌਂਦ 315 ਬੋਰ ਬਰਾਮਦ ਕੀਤੇ।
ਉਨ੍ਹਾਂ ਦੱਸਿਆ ਕਿ ਪੁਲਸ ਵੱਲੋਂ ਅਸਲਾ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੁਲਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਉਹ ਉਕਤ ਅਸਲਾ ਕਿੱਥੋਂ ਲੈ ਕੇ ਆਇਆ ਹੈ, ਇਸ ਅਸਲੇ ਨੂੰ ਕਿੱਥੇ ਵਰਤਣਾ ਸੀ ਅਤੇ ਉਸ ਦੇ ਹੋਰ ਕਿਹੜੇ-ਕਿਹੜੇ ਸਾਥੀ ਹਨ। ਉਨ੍ਹਾਂ ਦੱਸਿਆ ਕਿ ਪੁਲਸ ਗ੍ਰਿਫ਼ਤਾਰ ਕੀਤੇ ਮੁੰਡੇ ਦੇ ਪਿਛੋਕੜ ਬਾਰੇ ਵੀ ਤਫਤੀਸ਼ ਕਰ ਰਹੀ ਹੈ।