24 ਮੈਡਲ ਜਿੱਤ ਚੁੱਕਾ ਖਿਡਾਰੀ ਸੜਕਾਂ 'ਤੇ ਝਾੜੂ ਲਾਉਣ ਨੂੰ ਮਜਬੂਰ, ਮਜ਼ਦੂਰਾਂ ਤੋਂ ਘੱਟ ਤਨਖ਼ਾਹ 'ਚ ਕਰ ਰਿਹੈ ਗੁਜ਼ਾਰਾ
Tuesday, Feb 07, 2023 - 10:28 PM (IST)
ਸੰਗਰੂਰ (ਸਿੰਗਲਾ)- ਸਰਕਾਰਾਂ ਤੇ ਪ੍ਰਸ਼ਾਸਨ ਦੀਆਂ ਨਾਲਾਇਕੀਆਂ ਕਾਰਨ ਸੰਗਰੂਰ ਦੇ ਇਕ ਕੌਮੀ ਪੱਧਰ ਦੇ ਬਾਕਸਿੰਗ ਖਿਡਾਰੀ ਨੂੰ ਅੱਜ ਝਾੜੂ ਲਾਉਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਸੰਗਰੂਰ ਦੇ ਮਨੋਜ ਕੁਮਾਰ ਨੇ ਦੱਸਿਆ ਕਿ ਉਸ ਨੇ ਬਾਕਸਿੰਗ 'ਚ ਪੰਜਾਬ ਦਾ ਨਾਂ ਪੂਰੇ ਦੇਸ਼ ਵਿਚ ਰੌਸ਼ਨ ਕੀਤਾ ਹੈ। ਮਨੋਜ ਨੇ ਦੱਸਿਆ ਕਿ ਉਸ ਨੇ ਬਾਕਸਿੰਗ ਮੁਕਾਬਲਿਆਂ ਸੀਨੀਅਰ ਅਤੇ ਜੂਨੀਅਰ ਵਿਚ ਸੂਬਾ ਪੱਧਰ 'ਤੇ 17 ਅਤੇ ਕੌਮੀ ਪੱਧਰ 'ਤੇ 7 ਗੋਲਡ ਮੈਡਲ ਹਾਸਲ ਕੀਤੇ ਹਨ। ਪਰ ਅੱਜ ਉਹ ਪਰਿਵਾਰ ਦੀ ਆਰਥਿਕ ਤੰਗੀ ਅੱਗੇ ਬੇਵੱਸ ਹੋ ਕੇ ਝਾੜੂ ਲਗਾਉਣ ਲਈ ਮਜਬੂਰ ਹੋ ਚੁੱਕਾ ਹੈ।
ਇਹ ਖ਼ਬਰ ਵੀ ਪੜ੍ਹੋ - ਚਾਵਾਂ ਨਾਲ ਇਕਲੌਤਾ ਪੁੱਤਰ ਭੇਜਿਆ ਸੀ ਕੈਨੇਡਾ, 26 ਦਿਨਾਂ ਬਾਅਦ ਹੀ ਆ ਗਈ ਮੰਦਭਾਗੀ ਖ਼ਬਰ
ਮਨੋਜ ਕੁਮਾਰ ਨੇ ਦੱਸਿਆ ਕਿ ਉਸ ਨੂੰ ਪਿਛਲੀਆਂ ਸਰਕਾਰਾਂ ਨੇ ਬਿਲਕੁਲ ਅਣਗੌਲਿਆਂ ਕੀਤਾ ਹੈ। ਉਹ ਕਈ ਵਾਰ ਰਾਜਸੀ ਆਗੂਆਂ ਅਤੇ ਡਿਪਟੀ ਕਮਿਸ਼ਨਰਾਂ ਤਕ ਪਹੁੰਚ ਕਰ ਚੁੱਕਾ ਹੈ। ਉਸ ਦੀ ਮਿਹਨਤ ਨੂੰ ਬੂਰ ਨਹੀ ਪਿਆ ਤੇ ਕਿਸੇ ਨੇ ਵੀ ਉਸ ਦੀ ਸੁਣਵਾਈ ਨਹੀਂ ਕੀਤੀ। ਉਸ ਦਾ ਪਰਿਵਾਰ ਗਰੀਬੀ ਦੀ ਦਲਦਲ ਵਿਚ ਧੱਸਦਾ ਚਲਾ ਗਿਆ। ਮਨੋਜ ਨੇ ਦੱਸਿਆ ਕਿ ਉਸ ਦੇ ਘਰ ਉਸ ਦੇ ਮਾਤਾ-ਪਿਤਾ ਹਨ ਅਤੇ ਉਸ ਦੀਆਂ ਦੋ ਭੈਣਾਂ ਦਾ ਵਿਆਹ ਹੋ ਚੁੱਕਾ ਹੈ। ਪਰਿਵਾਰ ਦਾ ਗੁਜ਼ਾਰਾ ਚਲਾਉਣ ਲਈ ਉਹ ਠੇਕੇਦਾਰੀ ਸਿਸਟਮ ਤਹਿਤ ਕੰਮ ਕਰਦਾ ਹੈ ਤੇ ਉਸ ਦੀ ਤਨਖ਼ਾਹ ਸਿਰਫ਼ 7500 ਰੁਪਏ ਪ੍ਰਤੀ ਮਹੀਨਾ ਹੈ ਤੇ ਘਰ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਉਸ ਦੇ ਹੀ ਸਿਰ ਹਨ। ਉਸ ਦਾ ਗੁਜ਼ਾਰਾ ਬਹੁਤ ਔਖਾ ਹੁੰਦਾ ਹੈ ਤੇ ਉਹ ਆਪਣੀ ਡਾਈਟ 'ਤੇ ਵੀ ਖਰਚਾ ਨਹੀਂ ਕਰ ਸਕਦਾ। ਮਨੋਜ ਨੇ ਦੱਸਿਆ ਕਿ ਉਹ ਹੁਣ ਬਾਕਸਿੰਗ ਤੋਂ ਦੂਰ ਹੋ ਚੁੱਕਾ ਪਰੰਤੂ ਉਸ ਨੂੰ ਬਾਕਸਿੰਗ ਦਾ ਸ਼ੌਂਕ ਹਾਲੇ ਤਕ ਹੈ। ਪਰ ਘਰ ਦੇ ਹਾਲਾਤਾਂ ਕਾਰਨ ਹੁਣ ਉਸ ਲਈ ਹੁਣ ਬਾਕਸਿੰਗ ਕਰਨਾ ਅਸੰਭਵ ਹੋ ਚੁੱਕਾ ਹੈ।
ਇਹ ਖ਼ਬਰ ਵੀ ਪੜ੍ਹੋ - ਇਸ਼ਕ 'ਚ ਅੰਨ੍ਹੀ ਨਾਬਾਲਗਾ ਦਾ ਕਾਰਾ, ਫੌਰੀ ਤੌਰ 'ਤੇ ਵਿਆਹ ਨਾ ਕਰਨ 'ਤੇ ਚੁੱਕ ਲਿਆ ਖ਼ੌਫ਼ਨਾਕ ਕਦਮ
ਮਨੋਜ ਦਾ ਕਹਿਣਾ ਹੈ ਕਿ ਜੇਕਰ ਉਸ ਨੂੰ ਸਮੇਂ ਸਿਰ ਨੌਕਰੀ ਮਿਲ ਜਾਂਦੀ ਤਾਂ ਬਾਕਸਿੰਗ ਜਾਰੀ ਰੱਖ ਸਕਦਾ ਸੀ ਅਤੇ ਸੂਬੇ ਦਾ ਨਾਂ ਰੌਸ਼ਨ ਕਰ ਸਕਦਾ ਸੀ। ਮਨੋਜ ਨੇ ਦੱਸਿਆ ਕਿ ਉਸ ਦਾ ਇੱਕੋ ਇਕ ਸੁਪਨਾ ਹੈ ਕੀ ਉਸ ਨੂੰ ਸਰਕਾਰੀ ਨੌਕਰੀ ਮਿਲ ਜਾਵੇ ਤੇ ਉਹ ਮੁੜ ਬਾਕਸਿੰਗ ਕਰ ਸਕੇ ਅਤੇ ਸੂਬੇ ਦਾ ਨਾਂ ਰੌਸ਼ਨ ਕਰ ਸਕੇ। ਉਸ ਦੇ ਕੋਚ ਸਹਿਬਾਨ ਵੱਲੋਂ ਵੀ ਉਸ ਨੂੰ ਸਰਕਾਰੀ ਨੌਕਰੀ ਦਵਾਉਣ ਲਈ ਬਹੁਤ ਯਤਨ ਕੀਤੇ ਗਏ ਪਰੰਤੂ ਕੋਈ ਨਤੀਜਾ ਨਹੀਂ ਨਿਕਲਿਆ ਜਿਸ ਤੋਂ ਦੁਖੀ ਹੋ ਕੇ ਉਹ ਅੱਜ ਬਾਕਸਿੰਗ ਰਿੰਗ ਤੋਂ ਦੂਰ ਹੋ ਚੁੱਕਾ ਹੈ।
ਇਹ ਖ਼ਬਰ ਵੀ ਪੜ੍ਹੋ - ਅਹਿਮ ਖ਼ਬਰ: ਜਲੰਧਰ MP ਜ਼ਿਮਨੀ ਚੋਣ ਨੂੰ ਲੈ ਕੇ ਜਾਰੀ ਹੋਏ ਨਿਰਦੇਸ਼, ਪ੍ਰਸ਼ਾਸਨ ਨੇ ਅਰੰਭੀਆਂ ਤਿਆਰੀਆਂ
ਉਸ ਨੇ ਕਿਹਾ ਕਿ ਸਰਕਾਰ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੀਆਂ ਨਾਲਾਇਕੀਆਂ ਦੇ ਚਲਦਿਆਂ ਅੱਜ ਭਾਰਤ ਖੇਡਾਂ ਦੇ ਖੇਤਰ ਵਿਚ ਪੱਛੜਿਆ ਹੋਇਆ ਹੈ। ਸਰਕਾਰ ਸਮੇਂ ਸਿਰ ਖਿਡਾਰੀਆਂ ਦੀ ਬਾਂਹ ਨਹੀਂ ਫੜਦੀ ਜਿਸ ਕਾਰਨ ਉਹ ਆਰਥਿਕ ਤੰਗੀਆਂ ਅੱਗੇ ਹਾਰ ਕੇ ਆਪਣੀ ਖੇਡ ਤੋਂ ਦੂਰ ਹੋ ਜਾਂਦੇ ਹਨ। ਉਸ ਨੇ ਮੰਗ ਕੀਤੀ ਕਿ ਸਰਕਾਰ ਉਸ ਨੂੰ ਸਰਕਾਰੀ ਨੌਕਰੀ ਦੇਵੇ ਅਤੇ ਉਸ ਵਰਗੇ ਹੋਰ ਖਿਡਾਰੀਆਂ ਦੀ ਵੀ ਸਾਰ ਲਈ ਜਾਵੇ ਤਾਂ ਜੋ ਸੂਬੇ ਵਿਚ ਹੋਰ ਖਿਡਾਰੀ ਪੈਦਾ ਹੋ ਸਕਣ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।