ਬਾਊਂਸਰ ਸੁਰਜੀਤ ਕਤਲਕਾਂਡ : ਰਜਿੰਸ਼ ਬਣੀ ਕਤਲ ਦਾ ਕਾਰਨ, ਘਟਨਾ ਸੀ. ਸੀ. ਟੀ. ਵੀ. ''ਚ ਕੈਦ

Wednesday, Mar 18, 2020 - 11:23 AM (IST)

ਬਾਊਂਸਰ ਸੁਰਜੀਤ ਕਤਲਕਾਂਡ : ਰਜਿੰਸ਼ ਬਣੀ ਕਤਲ ਦਾ ਕਾਰਨ, ਘਟਨਾ ਸੀ. ਸੀ. ਟੀ. ਵੀ. ''ਚ ਕੈਦ

ਚੰਡੀਗੜ੍ਹ (ਸੁਸ਼ੀਲ) : ਕਾਰ ਸਵਾਰ ਬਾਊਂਸਰ ਸੁਰਜੀਤ ਦਾ ਸੈਕਟਰ-38 ਵੈਸਟ 'ਚ ਗੋਲੀਆਂ ਮਾਰ ਕੇ ਕਤਲ ਕਰਨ ਵਾਲਿਆਂ ਨੂੰ ਚੰਡੀਗੜ੍ਹ ਪੁਲਸ ਫੜ੍ਹ ਨਹੀਂ ਸਕੀ ਹੈ। ਇਸ ਨਾਲ ਚੰਡੀਗੜ੍ਹ ਪੁਲਸ ਦੀ ਚੁਸਤੀ ਅਤੇ ਨਾਕਾਬੰਦੀ 'ਤੇ ਸਵਾਲੀਆ ਨਿਸ਼ਾਨ ਖੜ੍ਹੇ ਹੋ ਗਏ ਹਨ। ਚੰਡੀਗੜ੍ਹ ਪੁਲਸ ਨੂੰ ਸਿਰਫ਼ ਸੁਰਜੀਤ ਦੇ ਕਤਲ ਮਾਮਲੇ 'ਚ ਘਟਨਾ ਸਥਾਨ ਕੋਲ ਲੱਗੇ ਸੀ. ਸੀ. ਟੀ. ਵੀ. ਫੁਟੇਜ ਬਰਾਮਦ ਹੋਈ ਹੈ, ਜਿਸ 'ਚ ਹੈਲਮੈੱਟ ਪਾਏ 2 ਬਾਈਕ ਸਵਾਰ ਬਾਊਂਸਰ ਨੂੰ ਗੋਲੀ ਮਾਰ ਕੇ ਭੱਜਦੇ ਹੋਏ ਨਜ਼ਰ ਆ ਰਹੇ ਹਨ। ਹਨ੍ਹੇਰੇ ਕਾਰਨ ਕਾਤਲਾਂ ਦੀ ਬਾਈਕ ਦਾ ਨੰਬਰ ਕੈਮਰੇ 'ਚ ਕੈਦ ਨਹੀਂ ਹੋਇਆ। ਚੰਡੀਗੜ੍ਹ ਪੁਲਸ ਸੁਰਜੀਤ ਦੇ ਕਤਲ ਪਿੱਛੇ ਗੈਂਗਵਾਰ ਨੂੰ ਵਜ੍ਹਾ ਮੰਨ ਰਹੀ ਹੈ।  

PunjabKesari
ਦਵਿੰਦਰ ਬੰਬੀਹਾ ਦਾ ਫੇਸਬੁਕ ਅਕਾਊਂਟ ਖੰਘਾਲ ਰਹੀ ਪੁਲਸ
ਪੁਲਸ ਜਾਂਚ 'ਚ ਸਾਹਮਣੇ ਆਇਆ ਕਿ ਬਾਊਂਸਰ ਸੁਰਜੀਤ ਦੇ ਕਤਲ ਤੋਂ ਬਾਅਦ ਦਵਿੰਦਰ ਬੰਬੀਹਾ ਦੇ ਫੇਸਬੁੱਕ 'ਤੇ ਪੋਸਟ ਕਰਕੇ ਕਤਲ ਦੀ ਜ਼ਿੰਮੇਵਾਰੀ ਲਈ ਗਈ। ਦਵਿੰਦਰ 2016 'ਚ  ਐਨਕਾਊਂਟਰ 'ਚ ਮਾਰਿਆ ਗਿਆ ਸੀ। ਜਾਂਚ 'ਚ ਪਤਾ ਲੱਗਿਆ ਕਿ ਮ੍ਰਿਤਕ ਦਵਿੰਦਰ ਬੰਬੀਹਾ ਦਾ ਫੇਸਬੁੱਕ ਅਕਾਊਂਟ ਕੋਈ ਹੋਰ ਚਲਾ ਹੈ। ਦਵਿੰਦਰ ਬੰਬੀਹਾ ਦੇ ਫੇਸਬੁਕ ਅਕਾਊਂਟ ਦੀ ਇਸ ਪੋਸਟ 'ਤੇ ਅੱਠ ਲੋਕਾਂ ਨੇ ਕਮੈਂਟਸ ਵੀ ਕੀਤੇ ਹਨ। ਮ੍ਰਿਤਕ ਦਵਿੰਦਰ ਬੰਬੀਹਾ ਇਕ ਗਿਰੋਹ ਦਾ ਸਰਗਨਾ ਸੀ। ਚੰਡੀਗੜ੍ਹ ਪੁਲਸ ਹੁਣ ਹੱਤਿਆ ਕਰਨ ਵਾਲੇ ਲੱਕੀ ਦੀ ਤਲਾਸ਼ ਕਰਨ 'ਚ ਲੱਗੀ ਹੈ। ਉਥੇ ਹੀ, ਸਾਈਬਰ ਸੈੱਲ ਪਤਾ ਕਰਨ 'ਚ ਲੱਗੀ ਹੈ ਕਿ ਦਵਿੰਦਰ ਬੰਬੀਹਾ ਦੇ ਫੇਸਬੁਕ ਤੋਂ ਪੋਸਟ ਕਿੱਥੋਂ ਅਤੇ ਕਿਸ ਨੇ ਕੀਤਾ ਹੈ। ਮਲੋਆ ਥਾਣਾ ਪੁਲਸ ਨੇ ਬਾਊਂਸਰ ਦੀ ਪਤਨੀ ਦੇ ਬਿਆਨਾਂ 'ਤੇ  ਕਤਲ ਅਤੇ ਆਰਮਸ ਐਕਟ ਦਾ ਕੇਸ ਦਰਜ ਕੀਤਾ ਹੈ। ਪੁਲਸ ਨੂੰ ਗੱਡੀ 'ਚੋਂ ਗੋਲੀਆਂ ਦੇ ਪੰਜ ਖਾਲੀ ਖੋਲ ਮਿਲੇ ਸਨ।  
ਡਾਕਟਰਾਂ ਦੇ ਬੋਰਡ ਨੇ ਕੀਤਾ ਪੋਸਟਮਾਰਟਮ
ਮਲੋਆ ਥਾਣਾ ਪੁਲਸ ਨੇ ਮ੍ਰਿਤਕ ਸੁਰਜੀਤ ਦੀ ਲਾਸ਼ ਦਾ ਪੋਸਟਮਾਰਟਮ ਕਰਵਾਉਣ ਲਈ ਸੈਕਟਰ-16 ਜਨਰਲ ਹਸਪਤਾਲ 'ਚ ਡਾਕਟਰਾਂ ਦਾ ਬੋਰਡ ਬਣਾਇਆ ਸੀ। ਪੁਲਸ ਲਾਸ਼ ਨੂੰ ਪੀ. ਜੀ. ਆਈ. ਤੋਂ ਲੈ ਕੇ ਕਰੀਬ ਸਾਢੇ ਬਾਰ੍ਹਾਂ ਵਜੇ ਹਸਪਤਾਲ ਪਹੁੰਚੀ। ਉਥੇ ਸੁਰਜੀਤ ਦੀ ਲਾਸ਼ ਦੇਖ ਕੇ ਉਸ ਦੇ ਪਰਿਵਾਰ ਵਾਲੇ ਵਿਲਕ ਰਹੇ ਸਨ। ਡਾਕਟਰਾਂ ਦੇ ਬੋਰਡ ਨੇ ਪੋਸਟਮਾਰਟਮ ਕੀਤਾ। ਸੁਰਜੀਤ ਦਾ ਅੰਤਮ ਸੰਸਕਾਰ ਬੁੱਧਵਾਰ ਨੂੰ ਕੀਤਾ ਜਾਵੇਗਾ।  
ਇਨ੍ਹਾਂ ਪਹਿਲੂਆਂ 'ਤੇ ਜਾਂਚ ਕਰ ਰਹੀ ਪੁਲਸ
ਪੁਲਸ ਬਾਊਂਸਰ ਸੁਰਜੀਤ ਨਾਲ ਝਗੜੇ ਅਤੇ ਕੁੱਟਮਾਰ 'ਚ ਸ਼ਾਮਲ ਬਾਊਂਸਰਾਂ ਦੀ ਲਿਸਟ ਬਣਾਉਣ 'ਚ ਲੱਗੀ ਹੈ। 
ਸੁਰਜੀਤ ਸ਼ਹਿਰ 'ਚ ਬਾਊਂਸਰ ਉਪਲੱਬਧ ਕਰਵਾਉਂਦਾ ਸੀ। ਉਸ ਦਾ ਹੋਰ ਬਾਊਂਸਰਾਂ ਨਾਲ ਬਿਜ਼ਨੈਸ ਨੂੰ ਲੈ ਕੇ ਕਾਫ਼ੀ ਮੁਕਾਬਲਾ ਸੀ। ਪੁਲਸ ਇਨ੍ਹਾਂ ਬਾਊਂਸਰਾਂ ਦਾ ਪਤਾ ਲਗਾ ਰਹੀ ਹੈ।  
ਫੇਸਬੁਕ 'ਤੇ ਹੱਤਿਆ ਦੀ ਜ਼ਿੰਮੇਵਾਰੀ ਲੈਣ ਵਾਲੀ ਪੋਸਟ ਕਰਨ ਵਾਲੇ ਦਾ ਪਤਾ ਲਗਾਇਆ ਜਾ ਰਿਹੈ।  
ਸੁਰਜੀਤ ਫਾਈਨਾਂਸ ਦਾ ਕੰਮ ਵੀ ਕਰਦਾ ਸੀ। ਪੁਲਸ ਦੇਖ ਰਹੀ ਹੈ ਕਿ ਫਾਈਨਾਂਸ ਦੇ ਕੰਮ 'ਚ  ਉਸਦੀ ਕਿਸ-ਕਿਸ ਨਾਲ ਦੁਸ਼ਮਣੀ ਸੀ। ਉਸ ਨੇ ਕਿਨ੍ਹਾਂ ਲੋਕਾਂ ਤੋਂ ਪੈਸੇ ਲੈਣੇ ਜਾਂ ਫੇਰ ਦੇਣੇ ਸਨ।

ਬਾਊਂਸਰ ਦੀ ਸ਼ਿਕਾਇਤ 'ਤੇ ਪੁਲਸ ਗੌਰ ਕਰਦੀ ਤਾਂ ਬਚ ਸਕਦੀ ਸੀ ਜਾਨ
ਚੰਡੀਗੜ੍ਹ ਪੁਲਸ ਜੇਕਰ ਬਾਊਂਸਰ ਸੁਰਜੀਤ ਵਲੋਂ ਦਿੱਤੀ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਵਾਲੀ ਸ਼ਿਕਾਇਤ 'ਤੇ ਗੌਰ ਕਰਦੀ ਤਾਂ ਉਸ ਦੀ ਜਾਨ ਬਚ ਸਕਦੀ ਸੀ। ਸੁਰਜੀਤ ਨੇ ਧਮਕੀ ਦੀ ਸ਼ਿਕਾਇਤ ਸੈਕਟਰ-9 ਪਬਲਿਕ ਵਿੰਡੋ 'ਤੇ ਦਿੱਤੀ ਸੀ, ਪਰ ਚੰਡੀਗੜ੍ਹ ਪੁਲਸ ਨੇ ਮਾਮਲੇ ਨੂੰ ਗੰਭੀਰਤਾ ਨਾਲ ਨਹੀਂ ਲਿਆ। ਇਸ ਤੋਂ ਪਹਿਲਾਂ ਵੀ ਚੰਡੀਗੜ੍ਹ ਪੁਲਸ ਦੀ ਲਾਪਰਵਾਹੀ ਨਾਲ ਬੁੜੈਲ ਨਿਵਾਸੀ ਸੋਨੂ ਸ਼ਾਹ ਜਾਨ ਗਵਾ ਚੁੱਕਿਆ ਸੀ। ਉਸ ਨੇ ਵੀ ਪੁਲਸ ਨੂੰ ਸ਼ਿਕਾਇਤ ਦੇ ਕੇ ਆਪਣੀ ਜਾਨ ਦਾ ਖ਼ਤਰਾ ਹੋਣ ਦੀ ਸ਼ੰਕਾ ਜ਼ਾਹਿਰ ਕੀਤੀ ਸੀ। ਸੋਨੂ ਸ਼ਾਹ ਦੀ ਸ਼ਿਕਾਇਤ ਵੀ ਫਾਇਲਾਂ 'ਚ ਦਬੀ ਰਹੀ ਅਤੇ ਉਸ ਨੂੰ ਵੀ ਆਪਣੀ ਜਾਨ ਗਵਾਉਣੀ ਪਈ। ਹੈਰਾਨੀ ਇਹ ਹੈ ਕਿ ਬਾਹਰ ਤੋਂ ਆ ਕੇ ਨੌਜਵਾਨ ਸ਼ਰੇਆਮ ਹੱਤਿਆ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋ ਰਹੇ ਹਨ। ਇਸ ਨਾਲ ਚੰਡੀਗੜ੍ਹ ਪੁਲਸ ਦੇ ਇੰਟੈਲੀਜੈਂਸ ਵਿੰਗ 'ਤੇ ਵੀ ਸਵਾਲ ਖੜ੍ਹੇ ਹੋ ਰਹੇ ਹਨ।  
ਚੰਡੀਗੜ੍ਹ 'ਚ ਹੱਤਿਆ ਕਰਕੇ ਆਸਾਨੀ ਨਾਲ ਫਰਾਰ ਹੋ ਰਹੇ ਅਪਰਾਧੀ
ਚੰਡੀਗੜ੍ਹ ਪੁਲਸ 24 ਘੰਟੇ ਸਖ਼ਤ ਸੁਰੱਖਿਆ ਹੋਣ ਦਾ ਦਾਅਵਾ ਕਰਦੀ ਹੈ, ਪਰ ਨਿਡਰ ਅਪਰਾਧੀ ਸ਼ਹਿਰ 'ਚ ਆ ਕੇ ਹੱਤਿਆ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਆਸਾਨੀ ਨਾਲ ਫਰਾਰ ਹੋ ਜਾਂਦੇ ਹਨ। ਪੁਲਸ ਇਸ ਮੁਲਜ਼ਿਮਾਂ ਨੂੰ ਫੜ੍ਹਨ 'ਚ ਕਾਮਯਾਬ ਨਹੀਂ ਹੋ ਪਾਉਂਦੀ। ਆਖਰ ਇਨ੍ਹਾਂ ਮੁਲਜ਼ਿਮਾਂ ਨੂੰ ਦੂਜੇ ਰਾਜ ਦੀ ਪੁਲਸ ਫੜ੍ਹਦੀ ਹੈ ਅਤੇ ਚੰਡੀਗੜ੍ਹ ਪੁਲਸ ਇਨ੍ਹਾਂ ਨੂੰ ਪ੍ਰੋਡਕਸ਼ਨ 'ਤੇ ਲਿਆ ਕੇ ਵਾਹਵਾਹੀ ਲੁੱਟਦੀ ਹੈ। 28 ਅਕਤੂਬਰ, 2019 ਨੂੰ ਬੁੜੈਲ ਦੇ ਸੋਨੂ ਸ਼ਾਹ ਦੀ ਪੰਜ ਗੈਂਗਸਟਰ ਗੋਲੀ ਮਾਰ ਕੇ ਹੱਤਿਆ ਕਰਨ ਤੋਂ ਬਾਅਦ ਫਰਾਰ ਹੋ ਗਏ ਸਨ। ਪੁਲਸ ਹੱਤਿਆਰਿਆਂ ਨੂੰ ਫੜ੍ਹ ਨਹੀਂ ਸਕੀ ਸੀ। ਖੰਨਾ ਪੁਲਸ ਨੇ ਗੈਂਗਸਟਰ ਸ਼ੁਭਮ ਉਰਫ਼ ਬਿਗਨੀ ਨੂੰ ਗ੍ਰਿਫ਼ਤਾਰ ਕੀਤਾ। ਉਸ ਨੂੰ ਪੁਲਸ ਪ੍ਰੋਡਕਸ਼ਨ ਵਾਰੰਟ 'ਤੇ ਚੰਡੀਗੜ੍ਹ ਲੈ ਕੇ ਆਈ। ਇਸ ਤੋਂ ਬਾਅਦ ਕ੍ਰਾਈਮ ਬ੍ਰਾਂਚ ਦੀ ਟੀਮ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਰਾਜਸਥਾਨ ਤੋਂ, ਗੈਂਗਸਟਰ ਰਾਹੁਲ ਨੂੰ ਦਿੱਲੀ ਤੋਂ ਪ੍ਰੋਡਕਸ਼ਨ ਵਾਰੰਟ 'ਤੇ ਲਿਆਈ ਸੀ। 4 ਸਤੰਬਰ, 2019 ਨੂੰ ਨਰਵਾਨਾ ਦਾ ਬਾਕਸਰ ਗਿਰੋਹ ਸੈਕਟਰ-17 ਜ਼ਿਲਾ ਅਦਾਲਤ ਦੇ ਸਾਹਮਣੇ ਪਾਰਕਿੰਗ 'ਚ ਤਜਿੰਦਰ ਨੂੰ ਸ਼ਰੇਆਮ ਗੋਲੀ ਮਾਰ ਕੇ ਫਰਾਰ ਹੋ ਗਿਆ ਸੀ। 


author

Babita

Content Editor

Related News