ਤਰਨਤਾਰਨ ਚੌਂਹਾਂ ਮਾਰਗਾਂ ''ਤੇ ਲੱਗਾ ਰਹਿੰਦੈ ਸਾਰਾ ਦਿਨ ਜਾਮ, ਲੋਕ ਪ੍ਰੇਸ਼ਾਨ

Tuesday, Nov 14, 2017 - 12:03 PM (IST)

ਤਰਨਤਾਰਨ ਚੌਂਹਾਂ ਮਾਰਗਾਂ ''ਤੇ ਲੱਗਾ ਰਹਿੰਦੈ ਸਾਰਾ ਦਿਨ ਜਾਮ, ਲੋਕ ਪ੍ਰੇਸ਼ਾਨ

ਝਬਾਲ/ਬੀੜ ਸਾਹਿਬ (ਲਾਲੂਘੁੰਮਣ, ਬਖਤਾਵਰ) - ਸਰਹੱਦੀ ਕਸਬਾ ਝਬਾਲ ਬੇਸ਼ੱਕ ਜ਼ਿਲਾ ਤਰਨਤਾਰਨ ਦੀ ਵਪਾਰਕ ਹੱਬ ਸਮਝਿਆ ਜਾਂਦਾ ਹੈ ਪਰ ਇਸ ਕਸਬੇ ਦੀ ਟ੍ਰੈਫਿਕ ਸਮੱਸਿਆ ਇਸ ਕਦਰ ਬੁਰੀ ਹਾਲਤ 'ਚ ਹੈ ਕਿ ਚੌਂਹ ਮਾਰਗਾਂ 'ਤੇ ਰੋਜ਼ਾਨਾ ਕਈ-ਕਈ ਘੰਟੇ ਲੱਗਦਾ ਜਾਮ ਲੋਕਾਂ ਲਈ ਵੱਡੀ ਮੁਸੀਬਤ ਬਣਿਆ ਹੋਇਆ ਹੈ। ਵਹੀਕਲ ਸਵਾਰਾਂ ਤਾਂ ਕੀ ਪੈਂਦਲ ਜਾ ਰਹੇ ਲੋਕਾਂ ਨੂੰ ਵੀ ਕਈ ਪ੍ਰੇਸ਼ਾਨੀਆਂ 'ਚੋਂ ਗੁਜ਼ਰਨਾਂ ਪੈਂਦਾ ਹੈ ਅਤੇ ਲੋਕ ਤੋਬਾ–ਤੋਬਾ ਕਰ ਉੱਠਦੇ ਹਨ। ਚਾਰੇ ਮਾਰਗਾਂ ਤਰਨਤਾਰਨ, ਭਿੱਖੀਵਿੰਡ, ਅਟਾਰੀ ਅਤੇ ਅੰਮ੍ਰਿਤਸਰ ਟ੍ਰੈਫਿਕ ਕਾਰਨ ਰੋਜ਼ਾਨਾ ਜਾਮ ਰਹਿਣ ਕਰਕੇ ਜਿਥੇ ਐਂਮਰਜੈਂਸੀ ਮੈਡੀਕਲ ਵੈਨਾਂ 'ਚ ਮਰੀਜ਼ਾਂ ਨੂੰ ਭਾਰੀ ਪ੍ਰੇਸ਼ਾਨੀਆਂ ਪੇਸ਼ ਆਂਉਦੀਆਂ ਹਨ ਉਥੇ ਹੀ ਸਕੂਲ ਜਾਣ ਵਾਲੇ ਵਿਦਿਆਰਥੀ ਅਤੇ ਡਿਊਟੀ 'ਤੇ ਜਾਣ ਵਾਲੇ ਲੋਕਾਂ ਨੂੰ ਵੀ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਟ੍ਰੈਫਿਕ ਕਾਰਨ ਵਾਪਰੇ ਹਾਦਸਿਆਂ 'ਚ ਕਈ ਕੀਮਤੀ ਜਾਨਾਂ ਵੀ ਮੌਤ ਦੇ ਮੂੰਹ 'ਚ ਜਾ ਚੁੱਕੀਆਂ ਹਨ ਪਰ ਇਸ ਸਭ ਦੌਰਾਨ ਵੀ ਟ੍ਰੈਫਿਕ ਪੁਲਸ ਮੂਕਦਰਸ਼ਕ ਬਣੀ ਹੋਈ ਹੈ। ਸਭ ਤੋਂ ਦਿਲਚਪਸ ਗੱਲ ਇਹ ਵੀ ਹੈ ਕਿ ਝਬਾਲ ਚੌਂਕ ਜੋ ਕਿ ਥਾਣਾ ਝਬਾਲ ਤੋਂ ਮਹਿਜ 10 ਗਜ ਦੀ ਦੂਰੀ 'ਤੇ ਸਥਿਤ ਹੈ 'ਚ ਜਿਥੇ ਕੋਈ ਵੀ ਟ੍ਰੈਫਿਕ ਪੁਲਸ ਦਾ ਮੁਲਾਜ਼ਮ ਮੌਜ਼ੂਦ ਨਾ ਹੋਣ ਕਰਕੇ ਕਈ ਲੋਕ ਰਸਤਾ ਨਾ ਮਿਲਣ ਕਰਕੇ ਇਕ ਦੂਜੇ ਨਾਲ ਉਲਝਦੇ ਵੇਖੇ ਜਾਂਦੇ ਹਨ। ਚੌਂਕ ਦੇ ਵਿਚਕਾਰ ਹੀ ਥਾਣਾ ਝਬਾਲ ਹੋਣ ਕਰਕੇ ਪੁਲਸ ਕਈ ਘੰਟੇ ਇਹ ਲੋੜ ਨਹੀਂ ਸਮਝਦੀ ਕਿ ਚੌਂਕ 'ਚੋਂ ਟ੍ਰੈਫਿਕ ਹਟਾਈ ਜਾਵੇ। ਗੌਰਤਲਬ ਹੈ ਕਿ ਅੱਡਾ ਝਬਾਲ ਦੀਆਂ ਉਕਤ ਚੌਂਹਾਂ ਮਾਰਗਾਂ 'ਤੇ ਸੜਕੀ ਥਾਵਾਂ 'ਤੇ ਕਥਿਤ ਦੁਕਾਨਦਾਰਾਂ ਵੱਲੋਂ ਵਧਾ ਕੇ ਰੱਖਿਆ ਸਾਮਾਨ ਅਤੇ ਅੱਗੇ ਲਾਈਆਂ ਗਈਆਂ ਰੇਹੜੀਆਂ ਫੜੀਆਂ ਆਦਿ ਤੋਂ ਇਲਾਵਾ ਸੜਕਾਂ ਦੇ ਵਿਚਕਾਰ ਖੜੀਆਂ ਹੁੰਦੀਆਂ ਬੇਤਰਤੀਬੀਆਂ ਗੱਡੀਆਂ ਕਾਰਾਂ ਅਤੇ ਮਿੰਨੀ ਬੱਸਾਂ ਵੀ ਟ੍ਰੈਫਿਕ 'ਚ ਵੱਡਾ ਅੜਿਕਾ ਬਣ ਰਹੀਆਂ ਹਨ। ਅੱਡਾ ਝਬਾਲ ਚੌਂਕ 'ਚ ਰੋਜ਼ਾਨਾ ਕਈ-ਕਈ ਘੰਟੇ ਜਾਮ ਲੱਗਾ ਰਹਿੰਦਾ ਜਿਸ ਉਪਰ ਟ੍ਰੈਫਿਕ ਪੁਲਸ ਦਾ ਕੋਈ ਕੰਟਰੌਲ ਨਹੀਂ ਹੈ ਪਰ ਵੇਖਿਆ ਜਾਂਦਾ ਹੈ ਕਿ ਪੰਜਵੜ ਮੋੜ, ਖੈਰਦੀਨ ਕੇ, ਪੁੱਲ ਦੋਦੇ ਅਤੇ ਹੋਰਨਾਂ ਖਾਸ ਥਾਵਾਂ ਉਪਰ ਨਾਕੇ ਲਗਾ ਕਿ ਟ੍ਰੈਫਿਕ ਪੁਲਸ ਦੇ ਮੁਲਾਜ਼ਮ ਲੋਕਾਂ ਨੂੰ ਪਤਾ ਨਹੀਂ ਕਿਹੜੀ ਟ੍ਰੈਫਿਕ ਸਮੱਸਿਆ ਨੂੰ ਹੱਲ ਕਰਨ ਦਾ ਪਾਠ ਪੜਾਉਦੇ ਰਹਿੰਦੇ ਹਨ। 
ਦੇਣੀ ਪੈਂਦੀ ਹੈ ਚਲਾਨਾਂ ਦੀ 'ਫਿੱਗਰ'-ਅਸ਼ਵਨੀ ਕੁਮਾਰ
ਟ੍ਰੈਫਿਕ ਇੰਚਾਰਜ ਅਸ਼ਵਨੀ ਕੁਮਾਰ ਨੇ ਟ੍ਰੈਫਿਕ ਸਮੱਸਿਆ ਤੋਂ ਵੱਡੀ ਆਪਣੀ ਸਮੱਸਿਆ ਵੱਲ ਜਗਬਾਣੀ ਦਾ ਧਿਆਨ ਦਿਵਾਉਂਦਿਆਂ ਕਿਹਾ ਕਿ ਰੋਜ਼ਾਨਾ 10 ਚਲਾਨ ਕੱਟਨੇ ਉਨ੍ਹਾਂ ਲਈ ਲਾਜ਼ਮੀ ਕੀਤੇ ਗਏ ਹਨ ਅਤੇ ਇਨ੍ਹਾਂ ਕੱਟੇ ਗਏ ਚਲਾਨਾਂ ਦੀ 'ਸਾਹਬ' ਨੂੰ 'ਫਿਗਰ' ਦੇਣੀ ਪੈਂਦੀ ਹੈ। ਉਨ੍ਹਾਂ ਕਿਹਾ ਕਿ ਟ੍ਰੈਫਿਕ ਮੁਲਾਜ਼ਮਾਂ ਦੀ ਕਮੀ ਅਤੇ ਆਪਣੀ ਬੇਵੱਸੀ ਜਾਹਿਰ ਕਰਦਿਆਂ ਮੰਨਿਆਂ ਕਿ ਕਸਬੇ 'ਚ ਵੱਡੀ ਸਮੱਸਿਆ ਹੈ ਪਰ ਫਿਰ ਵੀ ਉਨ੍ਹਾਂ ਦਾ ਇਕ ਮੁਲਾਜ਼ਮ ਝਬਾਲ ਚੌਂਕ 'ਚ ਤਾਇਨਾਤ ਰਹਿੰਦਾ ਹੈ। ਉਨ੍ਹਾਂ ਟ੍ਰੈਫਿਕ ਸਮੱਸਿਆ ਦੇ ਹੱਲ ਲਈ ਜਲਦ ਹੀ ਅੱਡਾ ਝਬਾਲ ਦੇ ਦੁਕਾਨਦਾਰਾਂ, ਟੈਕਸੀ, ਬੱਸ ਚਾਲਕਾਂ ਨਾਲ ਮੀਟਿੰਗ ਕਰਕੇ ਸਹਿਯੋਗ ਦੀ ਮੰਗ ਕੀਤੀ ਜਾਵੇਗੀ।


Related News