ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਾਹਿਰਾਂ ਤੋਂ ਪ੍ਰਮਾਣਿਤ ਹਨ ਬੋਰਡ ਦੀਆਂ ਪੁਸਤਕਾਂ : ਕ੍ਰਿਸ਼ਨ ਕੁਮਾਰ

Tuesday, May 01, 2018 - 06:24 AM (IST)

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਾਹਿਰਾਂ ਤੋਂ ਪ੍ਰਮਾਣਿਤ ਹਨ ਬੋਰਡ ਦੀਆਂ ਪੁਸਤਕਾਂ : ਕ੍ਰਿਸ਼ਨ ਕੁਮਾਰ

ਮੋਹਾਲੀ(ਨਿਆਮੀਆਂ)-ਪੰਜਾਬ ਸਕੂਲ ਸਿੱਖਿਆ ਬੋਰਡ ਦੀ ਇਤਿਹਾਸ ਦੀ 11ਵੀਂ ਜਮਾਤ ਦੀ ਜਿਸ ਪੁਸਤਕ ਨੂੰ ਲੈ ਕੇ ਪੰਜਾਬ 'ਚ ਰੌਲਾ ਪਾਇਆ ਜਾ ਰਿਹਾ ਹੈ, ਉਸ ਦੀ ਅਸਲੀਅਤ ਇਹ ਹੈ ਕਿ ਅਜੇ ਤਕ ਸਿੱਖਿਆ ਬੋਰਡ ਨੇ ਇਹ ਕਿਤਾਬ ਤਿਆਰ ਹੀ ਨਹੀਂ ਕੀਤੀ। ਇਸ ਕਿਤਾਬ ਦੀ ਪਰੂਫ ਰੀਡਿੰਗ ਦਾ ਕੰਮ ਜ਼ੋਰਾਂ-ਸ਼ੋਰਾਂ ਨਾਲ ਜਾਰੀ ਹੈ ਅਤੇ ਆਉਂਦੇ ਇਕ-ਦੋ ਹਫਤਿਆਂ ਤਕ ਹੀ ਇਹ ਪੁਸਤਕ ਮੁਕੰਮਲ ਹੋ ਕੇ ਵਿਦਿਆਰਥੀਆਂ ਦੇ ਹੱਥਾਂ 'ਚ ਪਹੁੰਚੇਗੀ। ਇਸ ਸਬੰਧੀ ਮੁੱਖ ਮੰਤਰੀ ਤੋਂ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਸਾਬਕਾ ਸਿੱਖਿਆ ਮੰਤਰੀ ਦਲਜੀਤ ਸਿੰਘ ਚੀਮਾ ਅਤੇ ਹੋਰਨਾਂ ਵੱਲੋਂ ਬਿਆਨ ਵੀ ਦਾਗੇ ਜਾ ਚੁੱਕੇ ਹਨ ਪਰ ਇਸ ਮਾਮਲੇ ਦੀ ਤਹਿ ਤਕ ਕਿਸੇ ਨੇ ਜਾਣ ਦੀ ਕੋਸ਼ਿਸ਼ ਨਹੀਂ ਕੀਤੀ ਕਿ ਅਸਲ ਮਾਮਲਾ ਕੀ ਹੈ। ਇਸ ਸਾਰੇ ਮਾਮਲੇ ਨੂੰ ਲੈ ਕੇ ਜਦੋਂ 'ਜਗ ਬਾਣੀ' ਵੱਲੋਂ ਪੰਜਾਬ ਦੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦੱਸਿਆ ਕਿ ਪੰਜਾਬ ਅਤੇ ਸਿੱਖ ਗੁਰੂਆਂ ਦਾ ਇਤਿਹਾਸ 11ਵੀਂ ਜਮਾਤ ਦੀ ਪੁਸਤਕ ਵਿਚ ਇਸ ਤਰ੍ਹਾਂ ਸ਼ਾਮਲ ਕੀਤਾ ਗਿਆ ਹੈ, ਤਾਂ ਜੋ ਪੁਰਾਣੀ ਪੁਸਤਕ ਦਾ ਕੋਈ ਵੀ ਤੱਥ ਪਿੱਛੇ ਨਾ ਰਹਿ ਜਾਵੇ। ਉਨ੍ਹਾਂ ਕਿਹਾ ਕਿ ਪਹਿਲਾਂ ਜੋ ਸਿਲੇਬਸ 12ਵੀਂ ਜਮਾਤ ਵਿਚ ਪੜ੍ਹਾਇਆ ਜਾਂਦਾ ਸੀ, ਉਸ ਨੂੰ 11ਵੀਂ ਜਮਾਤ 'ਚ ਲਿਆਂਦਾ ਗਿਆ ਹੈ ਅਤੇ ਜੋ 11ਵੀਂ ਜਮਾਤ ਵਿਚ ਪੜ੍ਹਾਇਆ ਜਾਂਦਾ ਸੀ, ਉਸ ਨੂੰ 12ਵੀਂ ਜਮਾਤ 'ਚ ਰੱਖਿਆ ਗਿਆ ਹੈ। ਇਸ ਦਾ ਕਾਰਨ ਦੱਸਦਿਆਂ ਉਨ੍ਹਾਂ ਕਿਹਾ ਕਿ 12ਵੀਂ ਜਮਾਤ ਪਾਸ ਕਰਨ ਤੋਂ ਬਾਅਦ ਵਿਦਿਆਰਥੀ ਨੇ ਦੇਸ਼ ਭਰ ਦੇ ਵੱਖ-ਵੱਖ ਮੁਕਾਬਲਿਆਂ 'ਚ ਹਿੱਸਾ ਲੈਣਾ ਹੁੰਦਾ ਹੈ। ਇਸ ਲਈ 12ਵੀਂ ਜਮਾਤ ਵਿਚ ਐੱਨ. ਸੀ. ਈ. ਆਰ. ਟੀ. ਦੀਆਂ ਹਦਾਇਤਾਂ ਵਾਲਾ ਸਿਲੇਬਸ ਰੱਖਿਆ ਗਿਆ ਹੈ, ਤਾਂ ਜੋ ਸਾਡੇ ਵਿਦਿਆਰਥੀ ਮੁਕਾਬਲੇ 'ਚ ਪਛੜ ਨਾ ਜਾਣ। ਉਨ੍ਹਾਂ ਸਾਰੇ ਅੰਕੜੇ ਮੁਹੱਈਆ ਕਰਵਾਉਂਦਿਆਂ ਦੱਸਿਆ ਕਿ ਨਵੀਆਂ ਪੁਸਤਕਾਂ 'ਚ ਕੋਈ ਵੀ ਅਧਿਆਏ ਛੱਡਿਆ ਨਹੀਂ ਗਿਆ, ਬਲਕਿ ਉਨ੍ਹਾਂ ਨੂੰ ਨਵੀਂ ਕਿਤਾਬ 'ਚ ਸ਼ਾਮਲ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ 11ਵੀਂ ਜਮਾਤ ਪੁਸਤਕ ਵਿਚ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਦੀ ਮਹਾਨ ਸ਼ਹਾਦਤ ਨਾਲ ਸਬੰਧਤ ਇਕ ਵਾਧੂ ਅਧਿਆਏ ਸ਼ਾਮਲ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਹ ਪੁਸਤਕਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਾਹਿਰਾਂ ਦੀ ਅਗਵਾਈ 'ਚ ਤਿਆਰ ਕਰਵਾਈਆਂ ਗਈਆਂ ਹਨ।


Related News