ਵਿਦਿਆਰਥੀਆਂ ਲਈ ਅਹਿਮ ਖਬਰ! 8ਵੀਂ, 10ਵੀਂ ਤੇ 12ਵੀਂ ਦੀਆਂ ਬੋਰਡ ਪ੍ਰੀਖਿਆਵਾਂ ਦੀਆਂ ਤਰੀਕਾਂ ਦਾ ਐਲਾਨ

Tuesday, Feb 18, 2025 - 09:43 PM (IST)

ਵਿਦਿਆਰਥੀਆਂ ਲਈ ਅਹਿਮ ਖਬਰ! 8ਵੀਂ, 10ਵੀਂ ਤੇ 12ਵੀਂ ਦੀਆਂ ਬੋਰਡ ਪ੍ਰੀਖਿਆਵਾਂ ਦੀਆਂ ਤਰੀਕਾਂ ਦਾ ਐਲਾਨ

ਚੰਡੀਗੜ੍ਹ : ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਅੱਜ ਦੱਸਿਆ ਕਿ ਪੰਜਾਬ ਸਕੂਲ ਸਿੱਖਿਆ ਬੋਰਡ (ਪੀ.ਐਸ.ਈ.ਬੀ.) ਨੇ 8ਵੀਂ, 10ਵੀਂ ਅਤੇ 12ਵੀਂ ਜਮਾਤ ਦੀਆਂ ਸਾਲਾਨਾ ਬੋਰਡ ਪ੍ਰੀਖਿਆਵਾਂ ਕਰਵਾਉਣ ਲਈ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਹਨ। ਇਨ੍ਹਾਂ ਪ੍ਰੀਖਿਆਵਾਂ ਵਿੱਚ 8.82 ਲੱਖ ਤੋਂ ਵੱਧ ਵਿਦਿਆਰਥੀ ਬੈਠਣਗੇ। ਸੁਚਾਰੂ ਪ੍ਰਬੰਧ ਨੂੰ ਯਕੀਨੀ ਬਣਾਉਂਦਿਆਂ ਬੋਰਡ ਨੇ ਇਨ੍ਹਾਂ ਇਮਤਿਹਾਨਾਂ ਲਈ ਸੂਬੇ ਭਰ ਵਿੱਚ 2579 ਪ੍ਰੀਖਿਆ ਕੇਂਦਰ ਸਥਾਪਤ ਕੀਤੇ ਗਏ ਹਨ।

ਸ. ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ 8ਵੀਂ ਜਮਾਤ ਦੀ ਬੋਰਡ ਦੀ ਪ੍ਰੀਖਿਆ ਬੁੱਧਵਾਰ (19 ਫ਼ਰਵਰੀ), 12ਵੀਂ ਜਮਾਤ ਦੀਆਂ ਪ੍ਰੀਖਿਆਵਾਂ 24 ਫ਼ਰਵਰੀ ਅਤੇ 10ਵੀਂ ਜਮਾਤ ਦੀਆਂ ਪ੍ਰੀਖਿਆਵਾਂ ਮਾਰਚ ਵਿੱਚ ਸ਼ੁਰੂ ਹੋਣਗੀਆਂ।

ਉਨ੍ਹਾਂ ਦੱਸਿਆ ਕਿ 8ਵੀਂ ਜਮਾਤ ਦੀ ਬੋਰਡ ਦੀ ਪ੍ਰੀਖਿਆ ਵਿੱਚ ਕੁੱਲ 3,02,189 ਵਿਦਿਆਰਥੀ ਬੈਠਣਗੇ, ਜਦੋਂਕਿ 10ਵੀਂ ਜਮਾਤ ਦੀ ਪ੍ਰੀਖਿਆ 2,84,658 ਵਿਦਿਆਰਥੀ ਦੇਣਗੇ। ਇਸ ਤੋਂ ਇਲਾਵਾ 9,877 ਵਿਦਿਆਰਥੀ ਮੈਟ੍ਰਿਕ ਓਪਨ ਪ੍ਰੀਖਿਆ ਦੇਣਗੇ। 12ਵੀਂ ਜਮਾਤ ਦੀ ਬੋਰਡ ਪ੍ਰੀਖਿਆ ਵਿੱਚ ਕੁੱਲ 2,72,105 ਵਿਦਿਆਰਥੀ ਸ਼ਾਮਲ ਹੋਣਗੇ ਅਤੇ 13,363 ਵਿਦਿਆਰਥੀ ਸੀਨੀਅਰ ਸੈਕੰਡਰੀ ਓਪਨ ਪ੍ਰੀਖਿਆ ਵਿੱਚ ਬੈਠਣਗੇ।

ਸ. ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਬੋਰਡ ਪ੍ਰੀਖਿਆਵਾਂ ਲਈ ਸੂਬੇ ਭਰ ਵਿੱਚ ਕੁੱਲ 2579 ਪ੍ਰੀਖਿਆ ਕੇਂਦਰ ਬਣਾਏ ਗਏ ਹਨ ਅਤੇ ਪ੍ਰੀਖਿਆਵਾਂ ਦੇ ਸੁਚਾਰੂ ਅਤੇ ਨਿਰਪੱਖ ਸੰਚਾਲਨ ਨੂੰ ਯਕੀਨੀ ਬਣਾਉਣ ਲਈ 2579 ਸੁਪਰਡੈਂਟ ਅਤੇ 3269 ਡਿਪਟੀ ਸੁਪਰਡੈਂਟ ਤਾਇਨਾਤ ਕੀਤੇ ਗਏ ਹਨ। ਬੋਰਡ ਪ੍ਰੀਖਿਆਵਾਂ ਦੀ ਨਿਗਰਾਨੀ ਲਈ ਮੁੱਖ ਦਫ਼ਤਰ ਵਿਖੇ ਇੱਕ ਕੰਟਰੋਲ ਰੂਮ (0172-5227136, 137, 138) ਵੀ ਸਥਾਪਤ ਕੀਤਾ ਗਿਆ ਹੈ।

ਸਕੂਲ ਸਿੱਖਿਆ ਮੰਤਰੀ ਨੇ ਬੋਰਡ ਪ੍ਰੀਖਿਆਵਾਂ ਦੇਣ ਜਾ ਰਹੇ ਸਾਰੇ ਵਿਦਿਆਰਥੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਉਨ੍ਹਾਂ ਨੂੰ ਆਪਣੇ ਮਾਪਿਆਂ ਅਤੇ ਸੂਬੇ ਦਾ ਨਾਮ ਰੌਸ਼ਨ ਕਰਨ ਲਈ ਹੋਰ ਸਖ਼ਤ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸਖ਼ਤ ਮਿਹਨਤ ਜੀਵਨ ਵਿੱਚ ਸਫ਼ਲਤਾ ਅਤੇ ਆਪਣੇ ਟੀਚਿਆਂ ਨੂੰ ਪ੍ਰਾਪਤ ਕਰਨ ਦੀ ਇਕਮਾਤਰ ਕੁੰਜੀ ਹੈ। ਉਹਨਾਂ ਵਿਦਿਆਰਥੀਆਂ ਨੂੰ ਜ਼ਿੰਦਗੀ ਵਿੱਚ ਸਫ਼ਲ ਹੋਣ ਲਈ ਪੂਰੀ ਲਗਨ ਨਾਲ ਇੱਕ ਨਿਸ਼ਾਨਾ ਮਿੱਥ ਕੇ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Baljit Singh

Content Editor

Related News