ਨਹੀਂ ਮਿਲਿਆ ਬੰਬ ਬਲਾਸਟ ਦਾ ਸੁਰਾਗ : ਪਾਕਿਸਤਾਨ ਦੀ ਖੁਫੀਆ ਏਜੰਸੀ ਆਈ. ਐੱਸ. ਆਈ. ਦੇ ਹੱਥ ਹੋਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ

09/23/2017 2:53:23 AM

ਬਠਿੰਡਾ(ਵਰਮਾ)- ਵਿਧਾਨ ਸਭਾ ਚੋਣਾਂ ਦੇ ਠੀਕ ਚਾਰ ਦਿਨ ਪਹਿਲਾਂ ਕਾਂਗਰਸ ਦੇ ਦਿੱਗਜ ਨੇਤਾ ਤੇ ਮੌੜ ਮੰਡੀ ਦੇ ਉਮੀਦਵਾਰ ਹਰਮਿੰਦਰ ਸਿੰਘ ਜੱਸੀ ਦੀ ਚੋਣ ਰੈਲੀ ਵਿਚ ਜ਼ੋਰਦਾਰ ਬੰਬ ਧਮਾਕਾ ਹੋਇਆ, ਜਿਸ ਵਿਚ 13 ਲੋਕ ਜ਼ਖਮੀ ਹੋਏ ਜਦੋਂਕਿ 4 ਦੀ ਮੌਤ ਹੋਈ ਸੀ। 9 ਮਹੀਨੇ ਲੰਘਣ ਤੋਂ ਬਾਅਦ ਵੀ ਪੁਲਸ ਅਜੇ ਤੱਕ ਇਸ ਮਾਮਲੇ 'ਚ ਕੋਈ ਸੁਰਾਗ ਦਾ ਪਤਾ ਨਹੀਂ ਲਗਾ ਸਕੀ ਹੈ, ਬੇਸ਼ੱਕ ਪੁਲਸ ਦੀ 150 ਤੋਂ ਜ਼ਿਆਦਾ ਟੀਮਾਂ ਨੇ ਜਾਂਚ ਵਿਚ ਹਿੱਸਾ ਲਿਆ ਪਰ ਕੋਈ ਪਤਾ ਨਹੀਂ ਲਗਾ ਸਕੀ। ਏ. ਡੀ. ਜੀ. ਪੀ. ਤੇ ਆਈ. ਜੀ. ਪੱਧਰ ਦੇ ਅਧਿਕਾਰੀਆਂ ਨੇ ਇਸ ਮਾਮਲੇ ਨੂੰ ਆਪਣੇ ਹੱਥ ਵਿਚ ਲੈ ਕੇ ਮਾਮਲੇ ਦੀ ਪੂਰੀ ਜਾਂਚ ਕੀਤੀ ਪਰ ਫਿਰ ਵੀ ਪੁਲਸ ਹੱਥ ਕੁਝ ਨਹੀਂ ਲੱਗਾ। ਕੇਂਦਰੀ ਗ੍ਰਹਿ ਮੰਤਰਾਲਾ ਨੇ ਵੀ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਜਾਂਚ ਦਾ ਜਿੰਮਾ ਐੱਨ. ਆਈ. ਏ. ਨੂੰ ਸੌਂਪ ਦਿੱਤਾ ਸੀ ਅਤੇ ਪੰਜਾਬ ਸਰਕਾਰ ਨੇ ਐੱਸ. ਆਈ. ਟੀ. ਦਾ ਗਠਨ ਕਰ ਇਸਦੇ ਸਾਰੇ ਪਹਿਲੂਆਂ ਨੂੰ ਖੰਗਾਲਿਆ ਪਰ ਬੇਨਤੀਜਾ ਰਿਹਾ। ਮੌੜ ਬੰਬ ਬਲਾਸਟ ਇਕ ਬਹੁਤ ਵੱਡੀ ਸਾਜ਼ਿਸ਼ ਸੀ, ਜਿਸ ਪਿੱਛੇ ਵਿਦੇਸ਼ੀ ਤਾਕਤਾਂ ਦੇ ਹੱਥ ਹੋਣ ਨੂੰ ਵੀ ਨਹੀਂ ਨਕਾਰਿਆ ਜਾ ਸਕਦਾ ਹੈ।
ਕੀ ਕਹਿੰਦੇ ਹਨ ਆਈ. ਜੀ.
ਬਠਿੰਡਾ ਜ਼ੋਨ ਦੇ ਆਈ. ਜੀ. ਮੁਖਵਿੰਦਰ ਸਿੰਘ ਛਿੰਨਾ ਨੇ ਕਿਹਾ ਕਿ ਪਾਕਿਸਤਾਨ ਦੀ ਖੁਫੀਆ ਏਜੰਸੀ ਆਈ. ਐੱਸ. ਆਈ. ਦੇ ਹੱਥ ਹੋਣ ਦੀਆਂ ਸੰਭਾਵਨਾਵਾਂ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ। ਇਸ ਬਲਾਸਟ ਲਈ ਪਹਿਲਾਂ ਤੋਂ ਹੀ ਸਾਜ਼ਿਸ਼ ਰਚੀ ਗਈ ਅਤੇ 2 ਕਾਰਾਂ ਨੂੰ ਕੱਟ ਕੇ ਜੋੜਿਆ ਗਿਆ ਸੀ। ਉਨ੍ਹਾਂ ਦੱਸਿਆ ਕਿ ਵਿਸਫੋਟ ਵਿਚ ਜੋ ਕਾਰ ਇਸਤੇਮਾਲ ਕੀਤੀ ਗਈ ਉਸ 'ਤੇ ਲੱਗਿਆ ਨੰਬਰ ਫਿਰੋਜ਼ਪੁਰ ਦੇ ਸਕੂਟਰ ਦਾ ਸੀ। ਆਈ. ਜੀ. ਛਿੰਨਾ ਨੇ ਮੌੜ ਬੰਬ ਬਲਾਸਟ ਦੇ ਤਾਰ ਸਿਰਸਾ ਡੇਰੇ ਨਾਲ ਜੁੜੇ ਹੋਣ ਨੂੰ ਨਕਾਰਿਆ। ਉਨ੍ਹਾਂ ਕਿਹਾ ਕਿ ਅਜਿਹਾ ਕੋਈ ਵੀ ਸਬੂਤ ਨਹੀਂ ਮਿਲਿਆ ਜੋ ਇਸ ਮਾਮਲੇ ਵਿਚ ਸਿਰਸਾ ਤੋਂ ਖਰੀਦਿਆ ਗਿਆ ਹੋਵੇ।  ਪੁਲਸ ਤੇ ਖੁਫੀਆ ਤੰਤਰ ਨੇ ਇਸ ਮਾਮਲੇ ਨੂੰ ਹੱਲ ਕਰਨ ਬਹੁਤ ਜ਼ੋਰ ਲਾਇਆ ਪਰ ਸਫਲਤਾ ਹੱਥ ਨਹੀਂ ਲੱਗੀ, ਇਥੋਂ ਤਕ ਕਿ ਬੰਬ ਬਲਾਸਟ ਵਿਚ ਇਸਤੇਮਾਲ ਕੀਤੇ ਗਏ ਕੁੱਕਰ ਤੇ ਜਿਸ ਕੰਪਨੀ ਦਾ ਮਾਰਕਾ ਲਗਿਆ ਹੋਇਆ ਸੀ ਪੁਲਸ ਤੇ ਖੁਫੀਆ ਤੰਤਰ ਨੇ ਉਸ ਨੂੰ ਵੀ ਖੰਗਾਲਿਆ। ਅਜਿਹੇ ਕੁੱਕਰ ਮਾਰਕਾ ਦੀ ਖੇਪ ਪਟਿਆਲਾ ਪਹੁੰਚੀ ਸੀ, ਪੁਲਸ ਟੀਮਾਂ ਨੇ ਸਾਰੀਆਂ ਦੁਕਾਨਾਂ ਨੂੰ ਖੰਗਾਲ ਲਿਆ ਪਰ ਮਾਮਲਾ ਸੁਲਝਾਉਣ ਵਿਚ ਅਸਫਲ ਰਹੇ। ਹੁਣ ਪੁਲਸ ਨੇ ਇਸ ਮਾਮਲੇ ਨੂੰ ਠੰਡੇ ਬਸਤੇ ਵਿਚ ਪਾ ਦਿੱਤਾ ਹੈ ਅਤੇ ਇਸ ਦੀਆਂ ਫਾਈਲਾਂ ਧੂੜ ਚੱਟ ਰਹੀਆਂ ਹਨ। ਐੱਨ. ਆਈ. ਏ. ਤੇ ਐੱਸ. ਆਈ. ਟੀ. ਨੇ ਵੀ ਆਪਣੇ ਹੱਥ ਖਿੱਚ ਲਏ, ਸਿਰਫ ਪੰਜਾਬ ਪੁਲਸ ਤੇ ਕ੍ਰਾਇਮ ਵਿੰਗ ਅਜੇ ਵੀ ਇਸ ਮਾਮਲੇ ਨੂੰ ਸੁਲਝਾਉਣ ਵਿਚ ਲੱਗਿਆ ਹੋਇਆ ਹੈ। ਲੋਕ ਹੈਰਾਨ ਹਨ ਕਿ ਮੌੜ ਬੰਬ ਬਲਾਸਟ ਇਕ ਅਜਿਹੀ ਮਿਸਟਰੀ ਬਣ ਗਈ, ਜਿਸ 'ਤੇ ਦੇਸ਼ ਦਾ ਖੁਫੀਆ ਤੰਤਰ ਵੀ ਨਾਕਾਮ ਸਾਬਿਤ ਹੋਇਆ। ਚਰਚਾ ਵਿਚ ਕੁਝ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਸਾਡਾ ਖੁਫੀਆ ਤੰਤਰ ਨਿੱਕਮਾ ਹੈ ਤਾਂ ਉਨ੍ਹਾਂ ਨੇ ਵਿਦੇਸ਼ੀ ਖੁਫੀਆ ਏਜੰਸੀ ਦੀ ਮਦਦ ਲੈ ਕੇ ਇਸ ਪਹੇਲੀ ਨੂੰ ਜ਼ਰੂਰ ਹੱਲ ਕਰਨਾ ਚਾਹੀਦਾ ਹੈ ਅਤੇ ਮਾਮਲੇ ਵਿਚ ਸ਼ਾਮਲ ਲੋਕਾਂ ਦੇ ਚਿਹਰਿਆਂ ਤੋਂ ਨਕਾਬ ਉਠਾਉਣਾ ਚਾਹੀਦਾ ਹੈ।


Related News