ਸਾਹਨੇਵਾਲ ਨੇੜੇ ਸਥਿਤ ਫੈਕਟਰੀ ''ਚ ਫਟਿਆ ਬੁਆਇਲਰ, ਮਚੀ ਹਫ਼ੜਾ-ਦਫ਼ੜੀ
Thursday, Jan 05, 2023 - 02:45 PM (IST)
ਸਾਹਨੇਵਾਲ (ਜਗਰੂਪ)- ਸਾਹਨੇਵਾਲ ਦੇ ਨਜ਼ਦੀਕ ਭੈਰੋਮੁੰਨਾ ਰੋਡ 'ਤੇ ਸਥਿਤ ਇਕ ਫਰਨੱਸ ਫੈਕਟਰੀ 'ਚ ਬੁਆਇਲਰ ਫਟਣ ਨਾਲ ਧਮਾਕਾ ਹੋ ਗਿਆ, ਜਿਸ ਨਾਲ ਤਿੰਨ ਗੰਭੀਰ ਜ਼ਖ਼ਮੀਆਂ ਸਮੇਤ 8 ਵਰਕਰ ਜ਼ਖ਼ਮੀ ਹੋ ਗਏ। ਬੁਆਇਲਰ ਫਟਣ ਦਾ ਧਮਾਕਾ ਇੰਨਾ ਜ਼ੋਰਦਾਰ ਸੀ ਕਿ ਆਸਪਾਸ ਦੀਆਂ ਫੈਕਟਰੀਆਂ ਅਤੇ ਘਰਾਂ ਦੇ ਸ਼ੀਸ਼ੇ ਤੱਕ ਟੁੱਟ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਭੈਰੋਮੁੰਨਾ ਰੋਡ 'ਤੇ ਸਥਿਤ ਕੇ. ਕੇ. ਫਰਨੱਸ ਢਲਾਈ ਫੈਕਟਰੀ ਹੈ, ਜਿੱਥੇ ਬੁੱਧਵਾਰ ਦੀ ਦੇਰ ਰਾਤ ਅਚਾਨਕ ਬੁਆਇਲਰ 'ਚ ਜ਼ੋਰਦਾਰ ਧਮਾਕਾ ਹੋਇਆ ਅਤੇ ਫੈਕਟਰੀ 'ਚ ਕੰਮ ਕਰ ਰਹੇ ਮਜ਼ਦੂਰਾਂ 'ਚ ਹਫ਼ੜਾ-ਦਫ਼ੜੀ ਮੱਚ ਗਈ। ਬੁਆਇਲਰ ਦੇ ਨਜ਼ਦੀਕ ਕੰਮ ਕਰ ਰਹੇ ਕਰੀਬ 4 ਮਜ਼ਦੂਰ ਗੰਭੀਰ ਜ਼ਖ਼ਮੀ ਹੋ ਗਏ। ਫੈਕਟਰੀ ਦੇ ਬਾਕੀ ਮਜ਼ਦੂਰਾਂ ਨੇ ਤੁਰੰਤ ਐਬੂਲੈਂਸ ਦੀ ਮਦਦ ਨਾਲ ਜ਼ਖ਼ਮੀਆਂ ਨੂੰ ਨਿੱਜੀ ਹਸਪਤਾਲਾਂ 'ਚ ਪਹੁੰਚਾ ਦਿੱਤਾ।
ਇਹ ਵੀ ਪੜ੍ਹੋ : ਗੋਰਾਇਆ ਵਿਖੇ ਪੁੱਤ ਦੇ ਵਿਆਹ ਦੇ ਕਾਰਡ ਵੰਡ ਕੇ ਪਰਤ ਰਹੇ ਪਿਤਾ ਨਾਲ ਵਾਪਰੀ ਅਣਹੋਣੀ
ਥਾਣਾ ਸਾਹਨੇਵਾਲ ਦੇ ਜਾਂਚ ਅਧਿਕਾਰੀ ਨੇ ਦੱਸਿਆ ਕਿ ਮੁੱਢਲੀ ਜਾਂਚ ਦੌਰਾਨ ਸਾਹਮਣੇ ਆਇਆ ਕਿ ਬੁਆਇਲਰ 'ਚ ਕੋਈ ਭਾਰੀ ਲੋਹੇ ਦਾ ਡਰੰਮ ਆਦਿ ਫਸਣ ਨਾਲ ਤਾਪਮਾਨ ਜ਼ਿਆਦਾ ਵੱਧ ਗਿਆ, ਜਿਸ ਨਾਲ ਧਮਾਕਾ ਹੋਇਆ। ਇਸ ਧਮਾਕੇ 'ਚ ਤਿੰਨ ਮਜ਼ਦੂਰ ਕਿਰਨ ਕੁਮਾਰ ਪੁੱਤਰ ਮਹਾਂਵੀਰ ਸ਼ਾਹ ਵਾਸੀ ਗਲੀ ਨੰਬਰ 2, ਦੁਰਗਾ ਕਾਲੋਨੀ, ਢੰਡਾਰੀ, ਰਾਜਕੁਮਾਰ ਪੁੱਤਰ ਬ੍ਰਿਜੇਸ਼ ਕੁਮਾਰ ਵਾਸੀ ਸਿੰਗਲਾ ਸਟਰੀਟ, ਢੰਡਾਰੀ ਅਤੇ ਖੁਸ਼ੀ ਲਾਲ ਪੁੱਤਰ ਵੰਸ਼ ਬਿੱਲਾ ਵਾਸੀ ਕੰਗਣਵਾਲ ਜ਼ਖ਼ਮੀ ਹੋ ਗਏ। ਜਿਨ੍ਹਾਂ ਦਾ ਢੰਡਾਰੀ ਦੇ ਇਕ ਨਿੱਜੀ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ। ਬਾਕੀ 5 ਹੋਰ ਮਜ਼ਦੂਰਾਂ ਨੂੰ ਮਾਮੂਲੀ ਸੱਟਾਂ ਲੱਗੀਆਂ, ਜਿਨ੍ਹਾਂ ਨੂੰ ਮੁੱਢਲੇ ਇਲਾਜ ਤੋਂ ਬਾਅਦ ਭੇਜ ਦਿੱਤਾ ਗਿਆ। ਪੁਲਸ ਵੱਲੋਂ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਬਿਜਲੀ ਮੰਤਰੀ ਹਰਭਜਨ ਸਿੰਘ ETO ਦਾ ਵੱਡਾ ਬਿਆਨ, ਪੰਜਾਬ ਦੇ 90 ਫ਼ੀਸਦੀ ਪਰਿਵਾਰਾਂ ਦਾ ਬਿਜਲੀ ਬਿੱਲ ਆ ਰਿਹੈ 'ਜ਼ੀਰੋ'
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ