ਸੰਤੋਖਪੁਰਾ ''ਚ ਵਿਆਹੁਤਾ ਦੀ ਲਟਕਦੀ ਮਿਲੀ ਲਾਸ਼

02/17/2018 4:58:24 AM

ਜਲੰਧਰ, (ਸ਼ੋਰੀ)— ਆਪਣੀ ਸੱਸ ਤੇ ਨਣਦ ਨਾਲ ਘਰ ਦੀ ਛੱਤ 'ਤੇ ਧੁੱਪ ਸੇਕਣ ਤੋਂ ਬਾਅਦ ਨੂੰਹ ਹੇਠਾਂ ਕਮਰੇ ਵਿਚ ਗਈ ਤਾਂ ਉਸਦੀ ਲਾਸ਼ ਸ਼ੱਕੀ ਹਾਲਤ ਵਿਚ ਪੱਖੇ ਨਾਲ ਲਟਕਦੀ ਮਿਲੀ। ਘਟਨਾ ਦਾ ਖੁਲਾਸਾ ਉਸ ਵੇਲੇ ਹੋਇਆ ਜਦੋਂ ਕਰੀਬ ਤਿੰਨ ਵਜੇ ਮ੍ਰਿਤਕਾ ਦੀ ਸੱਸ ਤੇ ਨਣਦ ਨੇ ਉਸਦੀ ਲਾਸ਼ ਵੇਖ ਕੇ ਰੌਲਾ ਪਾਇਆ। ਇਲਾਕੇ ਦੇ ਲੋਕ ਜਮ੍ਹਾ ਹੋ ਗਏ। ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ 3 ਦੇ ਐੱਸ. ਐੱਚ. ਓ. ਵਿਜੇ ਕੁੰਵਰਪਾਲ ਮੌਕੇ 'ਤੇ ਪਹੁੰਚੇ ਤੇ ਮ੍ਰਿਤਕਾ ਸੁਭਾਗਿਨੀ ਪਤਨੀ ਮਹੇਸ਼ ਗੁਪਤਾ ਦੀ ਲਾਸ਼ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਪਹੁੰਚਾਈ। ਜਾਣਕਾਰੀ ਮੁਤਾਬਕ ਸੁਭਾਗਿਨੀ ਦਾ ਵਿਆਹ ਸ਼ਾਲੀਮਾਰ ਪੇਂਟ ਗੋਦਾਮ ਦੇ ਇੰਚਾਰਜ ਮਹੇਸ਼ ਗੁਪਤਾ ਨਾਲ ਦੋ ਸਾਲ ਪਹਿਲਾਂ ਹੋਇਆ ਸੀ ਤੇ ਉਸਦੀ ਇਕ ਬੇਟੀ ਵੀ ਹੈ। ਮ੍ਰਿਤਕਾ ਦੇ ਪਤੀ ਦਾ ਕਹਿਣਾ ਹੈ ਕਿ ਸੁਭਾਗਿਨੀ ਬੀਮਾਰ ਰਹਿੰਦੀ ਸੀ ਤੇ ਉਸਦੀ ਪੇਟ ਦੀ ਬੀਮਾਰੀ ਦਾ  ਇਲਾਜ ਏ. ਐੱਸ. ਆਈ. ਹਸਪਤਾਲ ਤੋਂ ਚੱਲ ਰਿਹਾ ਸੀ। ਉਨ੍ਹਾਂ ਕਿਹਾ ਕਿ ਪਤਨੀ ਨੇ ਖੁਦਕੁਸ਼ੀ ਕਿਉਂ ਕੀਤੀ, ਇਸ ਬਾਰੇ ਉਹ ਕੁਝ ਨਹੀਂ ਜਾਣਦੇ। 
ਸ਼ਾਇਦ ਉਹ ਬੀਮਾਰੀ ਤੋਂ ਤੰਗ ਆ ਚੁੱਕੀ ਸੀ। ਐੱਸ. ਐੱਚ. ਓ. ਵਿਜੇ ਕੁੰਵਰਪਾਲ ਦਾ ਕਹਿਣਾ ਹੈ ਕਿ ਮ੍ਰਿਤਕਾ ਦੇ ਪੇਕੇ ਬਨਾਰਸ ਵਿਚ ਹਨ ਤੇ ਉਨ੍ਹਾਂ ਦੇ ਆਉਣ ਤੋਂ ਬਾਅਦ ਹੀ ਮਾਮਲਾ ਸਾਫ ਹੋਵੇਗਾ। ਉਨ੍ਹਾਂ ਦੇ ਬਿਆਨਾਂ ਦੇ ਆਧਾਰ 'ਤੇ ਅਗਲੀ ਕਾਨੂੰਨੀ ਕਾਰਵਾਈ ਹੋਵੇਗੀ। ਫਿਲਹਾਲ ਮ੍ਰਿਤਕਾ ਦੇ ਪਤੀ ਕੋਲੋਂ ਪੁੱਛਗਿੱਛ ਜਾਰੀ ਹੈ।


Related News