ਨੇਤਰਹੀਣ ਸਕੂਲ ਦੇ ਬੱਚਿਆਂ ਨੂੰ ਦਿੱਤਾ ਜਾ ਰਿਹਾ ਮਾੜਾ ਖਾਣਾ

08/20/2017 2:42:19 PM


ਲੁਧਿਆਣਾ(ਸਹਿਗਲ) - ਹੰਬੜਾ ਰੋਡ ਸਥਿਤ ਵੀ. ਆਰ. ਟੀ. ਸੀ. ਨੇਤਰਹੀਣ ਸਕੂਲ ਵਿਚ ਬੱਚਿਆਂ ਨੂੰ ਗੰਦਾ ਖਾਣਾ ਦਿੱਤਾ ਜਾ ਰਿਹਾ ਹੈ। ਇਸਦਾ ਖੁਲਾਸਾ ਉਸ ਸਮੇਂ ਹੋਇਆ ਜਦੋਂ ਸਮਾਜ ਸੇਵੀ ਸੰਸਥਾ ਦੇ ਮੈਂਬਰਾਂ ਨੇ ਨੇਤਰਹੀਣ ਸਕੂਲ 'ਚ ਜਾ ਕੇ ਕਿਚਨ ਤੇ ਸਟੋਰ 'ਚ ਪਏ ਰਾਸ਼ਨ ਦੀ ਜਾਂਚ ਕੀਤੀ। ਉਥੇ ਰਾਸ਼ਨ 'ਚ ਕੀੜੇ ਚਲਦੇ ਦੇਖੇ ਤਾਂ ਵੀਡੀਓ ਬਣਾ ਕੇ ਫੇਸਬੁੱਕ 'ਤੇ ਅਪਲੋਡ ਕਰ ਦਿੱਤੀ। ਅਨਮੋਲ ਕਵਾਤਰਾ ਵੱਲੋਂ ਫੇਸਬੁੱਕ 'ਤੇ ਵੀਡੀਓ ਪਾਉਣ ਦੇ ਬਾਅਦ ਇਹ ਵੀਡੀਓ ਇਲਾਕਾ ਕੌਂਸਲਰ ਮਹਾਰਾਜ ਸਿੰਘ ਰਾਜੀ ਨੇ ਦੇਖੀ ਤਾਂ ਫੌਰਨ ਮੌਕੇ 'ਤੇ ਪਹੁੰਚੇ ਤੇ ਸਟੋਰ 'ਚ ਜਾ ਕੇ ਰਾਸ਼ਨ ਦੀ ਜਾਂਚ ਕੀਤੀ। ਉਥੇ ਆਟੇ, ਗੁੜ 'ਚ ਕੀੜੇ ਚਲਦੇ ਨਜ਼ਰ ਆਏ। ਮੌਕੇ 'ਤੇ ਸਕੂਲ 'ਚ ਪੜ੍ਹ ਰਹੇ ਨੇਤਰਹੀਣ ਬੱਚਿਆਂ ਨੇ ਵੀ ਕਿਹਾ ਕਿ ਜੋ ਖਾਣਾ ਉਨ੍ਹਾਂ ਨੂੰ ਪਰੋਸਿਆ ਜਾਂਦਾ ਹੈ ਉਸ 'ਚ ਅੱਧੀਆਂ ਉਬਲੀਆਂ ਸਬਜ਼ੀਆਂ ਤੇ ਰੋਟੀ ਵੀ ਕੱਚੀ ਹੁੰਦੀ ਹੈ, ਜੋ ਉਨ੍ਹਾਂ ਨੂੰ ਮਜਬੂਰਨ ਖਾਣੀ ਪੈਂਦੀ ਹੈ।
ਵਰਨਣਯੋਗ ਹੈ ਕਿ ਸਕੂਲ 'ਚ ਲੋਕ ਦਾਨ 'ਚ ਰਾਸ਼ਨ ਦੇ ਕੇ ਜਾਂਦੇ ਹਨ ਤੇ ਬੱਚਿਆਂ ਨੂੰ ਖਾਣਾ ਖੁਆਉਣ ਲਈ ਆਉਂਦੇ ਹਨ। ਨੇਤਰਹੀਣ ਸਕੂਲ ਪ੍ਰਬੰਧਕਾਂ ਵੱਲੋਂ 10 ਬੱਚਿਆਂ ਨੂੰ ਖਾਣਾ ਖੁਆਉਣ ਦੇ 1200 ਰੁਪਏ ਲਏ ਜਾਂਦੇ ਹਨ। ਜੇਕਰ ਸਾਰੇ ਬੱਚਿਆਂ ਨੂੰ ਖਾਣਾ ਖੁਆਉਣਾ ਹੋਵੇ ਤਾਂ ਉਸ 'ਚ ਪ੍ਰਤੀ ਬੱਚੇ ਦੇ ਹਿਸਾਬ ਨਾਲ ਪੈਸਿਆਂ ਦੀ ਪਰਚੀ ਕੱਟੀ ਜਾਂਦੀ ਹੈ ਪਰ ਸਕੂਲ ਆਪਣਾ ਬਣਾਇਆ ਖਾਣਾ ਹੀ ਬੱਚਿਆਂ ਨੂੰ ਦਿੰਦਾ ਹੈ। ਲੋਕਾਂ ਨੂੰ ਘਰਾਂ ਤੋਂ ਖਾਣਾ ਬਣਾ ਕੇ ਬੱਚਿਆਂ ਨੂੰ ਨਹੀਂ ਦੇਣ ਦਿੱਤਾ ਜਾਂਦਾ ਕਿ ਕਿਤੇ ਬੱਚੇ ਬੀਮਾਰ ਨਾ ਹੋ ਜਾਣ ਪਰ ਖੁਦ ਬੱਚਿਆਂ ਨੂੰ ਕੀ ਪਰੋਸਿਆ ਜਾ ਰਿਹਾ ਹੈ, ਇਹ ਦੇਖ ਕੇ ਅੱਜ ਸਾਰਿਆਂ ਦੀਆਂ ਅੱਖਾਂ ਖੁੱਲ੍ਹੀਆਂ ਰਹਿ ਗਈਆਂ। ਲੋਕਾਂ ਦਾ ਕਹਿਣਾ ਸੀ ਕਿ ਉਨ੍ਹਾਂ ਕੋਲੋਂ ਪੈਸੇ ਲੈ ਕੇ ਨੇਤਰਹੀਣ ਬੱਚਿਆਂ ਨੂੰ ਕੀੜਿਆਂ ਵਾਲਾ ਖਾਣਾ ਦਿੱਤਾ ਜਾ ਰਿਹਾ ਹੈ। ਇਸ 'ਚ ਉਨ੍ਹਾਂ ਨੂੰ ਵੀ ਪਾਪ ਦਾ ਹਿੱਸੇਦਾਰ ਬਣਾਇਆ ਜਾ ਰਿਹਾ ਹੈ। 

ਕੀ ਕਹਿਣਾ ਹੈ ਸਕੂਲ ਦੀ ਡਾਇਰੈਕਟਰ ਦਾ
ਵੀ. ਆਰ. ਟੀ. ਸੀ. ਸਕੂਲ ਦੀ ਡਾਇਰੈਕਟਰ ਸਾਰਾ ਜਾਨਸਨ ਨੇ ਕਿਹਾ ਕਿ ਪਹਿਲਾਂ ਕੇਂਦਰ ਸਰਕਾਰ ਤੋਂ ਸਕੂਲ 'ਚ ਰਾਸ਼ਨ ਦੀ ਗਰਾਂਟ ਆਉਂਦੀ ਸੀ, ਜੋ ਹੁਣ ਨਹੀਂ ਆਉਂਦੀ। ਉਸ ਨੂੰ ਲੈ ਕੇ ਸਕੂਲ ਵਿਚ ਰਾਸ਼ਨ 'ਤੇ ਧਿਆਨ ਨਹੀਂ ਦਿੱਤਾ ਜਾ ਰਿਹਾ ਹੈ। ਇਸ ਮਾਮਲੇ 'ਚ ਸੰਬੰਧਿਤ ਸਟਾਫ ਜ਼ਿੰਮੇਦਾਰ ਹੈ। ਉਹ ਇਕ ਹਫਤੇ 'ਚ ਰਾਸ਼ਨ ਤੇ ਬੱਚਿਆਂ ਨੂੰ ਦਿੱਤੇ ਜਾਣ ਵਾਲੇ ਭੋਜਨ 'ਚ ਸੁਧਾਰ ਕਰ ਦੇਣਗੇ ਅਤੇ ਦੋਸ਼ੀ ਪਾਏ ਜਾਣ ਵਾਲੇ ਕਰਮਚਾਰੀਆਂ 'ਤੇ ਸਖਤ ਕਾਰਵਾਈ ਕੀਤੀ ਜਾਵੇਗੀ, ਤਾਂ ਕਿ ਭਵਿੱਖ ਵਿਚ ਅਜਿਹੀ ਸ਼ਿਕਾਇਤ ਫਿਰ ਨਾ ਆਵੇ।


Related News