ਜਲੰਧਰ : ਬਲੈਕਮੇਲਰ ਨੇ ਵਿਆਹ ਨਾ ਕਰਵਾਉਣ ਬਦਲੇ ਲਵ ਕੋਲੋਂ ਮੰਗੇ ਸਨ 10 ਲੱਖ
Monday, Dec 11, 2017 - 07:56 AM (IST)
ਜਲੰਧਰ, (ਮਹੇਸ਼)- ਨਵੀਂ ਬਰਾਦਰੀ ਥਾਣੇ ਦੀ ਪੁਲਸ ਵਲੋਂ ਨੌਜਵਾਨਾਂ ਨੂੰ ਆਪਣੇ ਪ੍ਰੇਮ ਜਾਲ ਵਿਚ ਫਸਾ ਕੇ ਉਨ੍ਹਾਂ ਨੂੰ ਬਲੈਕਮੇਲ ਕਰਨ ਦੇ ਮਾਮਲੇ ਵਿਚ ਜੇਲ ਪਹੁੰਚੀ ਮਨਪ੍ਰੀਤ ਕੌਰ ਵਾਸੀ ਰਣਜੀਤ ਨਗਰ, ਨੇੜੇ ਲਾਡੋਵਾਲੀ ਰੋਡ ਜਲੰਧਰ ਦੇ ਬਾਰੇ ਵਿਚ ਇਕ ਨਵਾਂ ਖੁਲਾਸਾ ਹੋਇਆ ਹੈ ਕਿ ਉਸ ਨੇ ਥਾਣਾ ਪਤਾਰਾ (ਦਿਹਾਤੀ ਪੁਲਸ) ਦੇ ਪਿੰਡ ਜੋਹਲਾ ਵਾਸੀ ਲਵ ਕੁਮਾਰ ਪੁੱਤਰ ਵਿਜੇ ਕੁਮਾਰ ਨਾਲ 24 ਅਪ੍ਰੈਲ 2016 ਨੂੰ ਵਿਆਹ ਕਰਵਾਇਆ ਸੀ। ਇਸ ਤੋਂ ਪਹਿਲਾਂ ਮਨਪ੍ਰੀਤ ਨੇ ਥਾਣਾ ਪਤਾਰਾ ਵਿਖੇ ਮਾਰਚ ਮਹੀਨੇ ਵਿਚ ਉਸ ਨੇ ਲਵ ਕੁਮਾਰ ਖਿਲਾਫ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਨੇ ਉਸ ਦੇ ਨਾਲ ਜਬਰ-ਜਨਾਹ ਕੀਤਾ ਹੈ। ਪੁਲਸ ਨੇ ਉਸ ਦਾ ਮੈਡੀਕਲ ਵੀ ਨਹੀਂ ਕਰਵਾਇਆ ਅਤੇ ਬਿਨ੍ਹਾਂ ਕਿਸੇ ਜਾਂਚ ਦੇ ਲਵ ਨੂੰ ਦੋਸ਼ੀ ਕਰਾਰ ਦਿੰਦੇ ਹੋਏ ਕਿਹਾ ਕਿ ਉਸ ਖਿਲਾਫ ਉਨ੍ਹਾਂ ਨੂੰ ਕੇਸ ਦਰਜ ਕਰਨਾ ਪਵੇਗਾ। ਪੁਲਸ ਨੂੰ ਵੀ ਮਨਪ੍ਰੀਤ ਨੇ ਕਿਹਾ ਸੀ ਕਿ ਜੇਕਰ ਲਵ ਉਸ ਨਾਲ ਵਿਆਹ ਕਰਵਾਉਂਦਾ ਹੈ ਤਾਂ ਉਹ ਆਪਣੀ ਸ਼ਿਕਾਇਤ ਵਾਪਸ ਲੈ ਲਵੇਗੀ ਨਹੀਂ ਤਾਂ ਉਸ ਖਿਲਾਫ ਹਰ ਹਾਲ ਵਿਚ ਆਈ. ਪੀ. ਸੀ. ਦੀ ਧਾਰਾ 376 ਦਾ ਕੇਸ ਦਰਜ ਕਰਵਾਏਗੀ।
ਉਸ ਨੇ ਵਿਆਹ ਨਾ ਕਰਵਾਉਣ ਬਦਲੇ 10 ਲੱਖ ਰੁਪਏ ਦੀ ਮੰਗ ਕੀਤੀ ਸੀ। ਜਿਸ ਡਰ ਕਾਰਨ ਉਸ ਨੂੰ ਮਨਪ੍ਰੀਤ ਨਾਲ ਵਿਆਹ ਕਰਵਾਉਣ ਲਈ ਮਜਬੂਰ ਹੋਣਾ ਪਿਆ। ਲਵ ਕੁਮਾਰ ਨੇ ਦੱਸਿਆ ਕਿ ਮਨਪ੍ਰੀਤ ਨਾਲ ਉਸ ਦੀ ਮੁਲਾਕਾਤ ਜਲੰਧਰ ਬੱਸ ਅੱਡੇ ਦੇ ਨੇੜੇ ਜਨਵਰੀ 2016 ਵਿਚ ਹੋਈ ਸੀ। ਉਸ ਤੋਂ ਕੁਝ ਸਮੇਂ ਬਾਅਦ ਹੀ ਉਸ ਨੇ ਉਸ ਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ ਸੀ।
ਜੰਡੂ ਸਿੰਘਾ ਦੇ ਗੁਰਦੁਆਰਾ ਵਿਖੇ ਹੋਈਆ ਸਨ ਵਿਆਹ ਦੀਆਂ ਰਸਮਾਂ
ਲਵ ਕੁਮਾਰ ਨੇ ਦੱਸਿਆ ਕਿ ਮਨਪ੍ਰੀਤ ਨਾਲ ਉਸ ਦੇ ਵਿਆਹ ਦੀਆਂ ਰਸਮਾਂ ਪਿੰਡ ਜੰਡੂ ਸਿੰਘਾ ਦੇ ਗੁਰਦੁਆਰੇ ਵਿਖੇ ਹੋਈਆ ਸਨ। ਮਾਂ ਨੇ ਵਿਆਹ ਦੇ ਸਮੇਂ ਮਨਪ੍ਰੀਤ ਨੂੰ ਸੋਨੇ ਦੀ ਅੰਗੂਠੀ ਅਤੇ ਚੈਨੀ ਵੀ ਪਹਿਨਾਈ ਸੀ। ਜੋ ਕਿ ਉਸ ਦੇ ਕੋਲ ਹੀ ਹੈ। ਵਿਆਹ ਦੇ ਸਮੇਂ ਮਨਪ੍ਰੀਤ ਦੇ ਨਾਲ ਸਿਰਫ ਉਸ ਦੀ ਮਾਸੀ ਹੀ ਮੌਜੂਦ ਸੀ ਹੋਰ ਕੋਈ ਵੀ ਨਹੀਂ। ਲਵ ਨੇ ਦੱਸਿਆ ਕਿ ਦੋਵਾਂ ਨੂੰ ਉਹ ਵਿਆਹ ਵਾਲੀ ਜਗ੍ਹਾ 'ਤੇ ਆਪਣੀ ਹੀ ਗੱਡੀ ਵਿਚ ਲੈ ਕੇ ਆਇਆ ਸੀ। ਵਿਆਹ ਦੇ 2-3 ਦਿਨ ਬਾਅਦ ਉਸ ਨੇ ਉਸ ਨੂੰ ਕਿਹਾ ਕਿ ਉਹ ਆਪਣੇ ਫਰੈਂਡ ਸਰਕਲ ਵਿਚ ਆਜ਼ਾਦੀ ਨਾਲ ਜਿਊਣਾ ਚਾਹੁੰਦੀ ਹੈ। ਉਸ ਨੇ ਕਿਹਾ ਕਿ ਉਹ ਆਪਣੇ ਨਵੇਂ ਨਵੇਂ ਫਰੈਂਡ ਬਣਾਉਣ ਦੀ ਇਛੁੱਕ ਹੈ। ਤਾਂ ਜੋ ਉਨ੍ਹਾਂ ਨਾਲ ਘੁੰਮ ਫਿਰ ਕੇ ਮਸਤੀ ਕਰ ਸਕੇ। ਉਹ ਉਸ ਦੇ ਨਾਲ ਪਿੰਡ ਦੇ ਘਰ ਵਿਚ ਨਹੀਂ ਰਹਿ ਸਕਦੀ। ਉਹ ਆਪਣੀ ਮਰਜ਼ੀ ਨਾਲ ਘਰ ਤੋਂ ਚੱਲੀ ਜਾਂਦੀ ਸੀ ਅਤੇ ਜਦੋਂ ਮਨ ਕਰੇ ਮੁੜ ਵਾਪਸ ਆ ਜਾਂਦੀ ਸੀ। ਲਵ ਮੁਤਾਬਕ ਉਸ ਨੇ ਘਰ ਦਾ ਮਾਹੌਲ ਪੂਰੀ ਤਰ੍ਹਾਂ ਨਾਲ ਖਰਾਬ ਕਰਕੇ ਰੱਖ ਦਿੱਤਾ ਸੀ। ਘਰ ਵਿਚ ਪਏ ਹੋਏ ਮਾਂ ਅਤੇ ਭੈਣਾ ਦੇ ਗਹਿਣੇ ਵੀ ਉਹ ਕਦੋਂ ਘਰ ਤੋਂ ਚੁੱਕ ਕੇ ਲੈ ਗਈ। ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੈ। ਮਨਪ੍ਰੀਤ ਦੀਆਂ ਹਰਕਤਾਂ ਕਾਰਨ ਉਸ ਦੇ ਮਾਤਾ-ਪਿਤਾ ਵੀ ਡਿਪਰੈਸ਼ਨ ਵਿਚ ਆ ਜਾਂਦੇ ਸਨ।
ਦਾਜ ਅਤੇ ਕੁੱਟ ਮਾਰ ਦਾ ਕਰਵਾਇਆ ਕੇਸ
ਲਵ ਮੁਤਾਬਕ ਮਨਪ੍ਰੀਤ ਨੇ ਵਿਆਹ ਤੋਂ ਕੁਝ ਸਮੇਂ ਬਾਅਦ ਉਸ ਦੇ ਖਿਲਾਫ ਮਾਨਯੋਗ ਅਦਾਲਤ ਵਿਚ ਦਾਜ ਦਾ ਕੇਸ ਕਰ ਦਿੱਤਾ ਅਤੇ ਕਿਹਾ ਕਿ ਦਾਜ ਨਾ ਦੇਣ ਕਾਰਨ ਸਹੁਰਾ ਪਹਿਰਵਾਰ ਉਸ ਨਾਲ ਕੁੱਟ ਮਾਰ ਵੀ ਕਰਦੇ ਹਨ। ਸ਼ਿਕਾਇਤ ਵਿਚ ਮਨਪ੍ਰੀਤ ਨੇ ਉਸ ਦੇ (ਲਵ) ਤੋਂ ਇਲਾਵਾ ਉਸ ਦੇ ਮਾਤਾ-ਪਿਤਾ ਅਤੇ ਇਟਲੀ ਵਿਚ ਰਹਿੰਦੀ ਇਕ ਭੈਣ ਦਾ ਵੀ ਨਾਂ ਦੇ ਦਿੱਤਾ ਜਦੋਂਕਿ ਭੈਣ ਨੇ ਉਸ ਦੇ ਘਰ ਦੇ ਮਾਮਲੇ ਵਿਚ ਕਦੇ ਦਖਲ ਹੀ ਨਹੀਂ ਦਿੱਤਾ ਅਤੇ ਨਾ ਹੀ ਉਹ ਵਿਆਹ ਵਿਚ ਆਈ ਸੀ। ਲਵ ਨੇ ਕਿਹਾ ਕਿ ਮਨਪ੍ਰੀਤ ਉਸ ਨਾਲ ਵਿਆਹ ਕਰਵਾ ਕੇ ਮਾਨਯੋਗ ਅਦਾਲਤ ਮੁਤਾਬਕ ਮਹੀਨਾਵਾਰ ਖਰਚਾ ਵੀ ਲੈ ਰਹੀ ਸੀ। ਅਦਾਲਤ ਦਾ ਕਹਿਣਾ ਸੀ ਕਿ ਵਿਆਹ ਦੇ ਇਕ ਸਾਲ ਬੀਤ ਜਾਣ 'ਤੇ ਹੀ ਤਲਾਕ ਦਾ ਕੇਸ ਲੱਗ ਸਕਦਾ ਹੈ। ਤਲਾਕ ਦੇਣ ਦੇ ਬਦਲੇ ਵਿਚ ਵੀ ਮਨਪ੍ਰੀਤ ਉਸ ਤੋਂ 10 ਲੱਖ ਰੁਪਏ ਦੀ ਮੰਗ ਕਰ ਰਹੀ ਸੀ। ਲਵ ਨੇ ਦੱਸਿਆ ਕਿ ਉਸ ਦੇ ਪਿਤਾ ਸਾਈਕਲ 'ਤੇ ਘੁੰਮਦੇ ਹੋਏ ਪਿੰਡਾਂ ਵਿਚ ਕਪੜਿਆਂ ਦੀ ਫੜੀ ਲੱਗਾਉਂਦੇ ਹਨ। ਉਨ੍ਹਾਂ ਦੀ ਇਨ੍ਹੀ ਔਕਾਤ ਨਹੀਂ ਕਿ ਉਹ ਮਨਪ੍ਰੀਤ ਦੀ ਮੰਗੀ ਰਕਮ ਉਸ ਨੂੰ ਦੇ ਪਾਉਂਦੇ।
ਚਿੰਤਪੂਰਨੀ ਅਤੇ ਮੈਕਲੋਡਗੰਜ ਲੈ ਕੇ ਜਾਂਦੀਆਂ ਸਨ ਲੜਕਿਆਂ ਨੂੰ
ਮਨਪ੍ਰੀਤ ਅਤੇ ਉਸ ਦੇ ਨਾਲ ਗਲਤ ਕੰਮ ਵਿਚ ਜੁੜੀਆਂ ਲੜਕੀਆਂ ਰਾਹ ਜਾਂਦੇ ਨੌਜਵਾਨਾਂ ਨੂੰ ਆਪਣੇ ਪ੍ਰੇਮ ਜਾਲ ਵਿਚ ਫਸਾਉਣ ਤੋਂ ਬਾਅਦ ਉਨ੍ਹਾਂ ਨੂੰ ਆਪਣੇ ਨਾਲ ਘੁੰਮਣ ਲਈ ਚਿੰਤਪੂਰਨੀ ਅਤੇ ਮੈਕਲੋਡਗੰਜ(ਹਿਮਾਚਲ ਪ੍ਰਦੇਸ਼) ਵਿਖੇ ਲੈ ਕੇ ਜਾਂਦੀਆ ਸਨ, ਇਸ ਦੌਰਾਨ ਉਹ ਰਸਤੇ ਵਿਚ ਹੀ ਆਪਣੀ ਤਬੀਅਤ ਅਚਾਨਕ ਖਰਾਬ ਹੋ ਜਾਣ ਦੇ ਬਹਾਨੇ ਲੱਗਾ ਕੇ ਉਨ੍ਹਾਂ ਨਾਲ ਕਿਸੇ ਨਾ ਕਿਸੇ ਹੋਟਲ ਵਿਚ ਰੁਕ ਜਾਂਦੀਆਂ ਸਨ। ਨਾਈਟ ਸਟੇਅ ਕਰਨ ਤੋਂ ਬਾਅਦ ਉਹ ਨੌਜਵਾਨਾਂ ਨੂੰ ਆਪਣੇ ਨਾਲ ਵਿਆਹ ਕਰਨ ਅਤੇ ਪੈਸਿਆਂ ਦੀ ਮੰਗ ਨੂੰ ਲੈ ਕੇ ਧਮਕਾਉਣਾ ਸ਼ੁਰੂ ਕਰ ਦਿੰਦੀਆਂ ਸਨ, ਕਿ ਜੇਕਰ ਉਨ੍ਹਾਂ ਨੇ ਉਨ੍ਹਾਂ ਦੀ ਗੱਲ ਨਾ ਮੰਨੀ ਤਾਂ ਉਹ ਉਨ੍ਹਾਂ ਖਿਲਾਫ ਕੇਸ ਦਰਜ ਕਰਵਾ ਦੇਣਗੀਆਂ। ਚਿੰਤਪੂਰਨੀ ਜਾਣ ਦੇ ਬਾਰੇ ਵਿਚ ਉਹ ਕਹਿੰਦੀਆਂ ਸਨ ਕਿ ਉਹ ਇਥੇ ਮੱਥਾ ਟੇਕਣ ਤੋਂ ਬਾਅਦ ਆਪਣੇ ਜੀਵਨ ਦੀ ਚੰਗੀ ਸ਼ੁਰੂਆਤ ਕਰਣਗੇਂ।
ਦੋਵਾਂ ਲੜਕੀਆਂ ਖਿਲਾਫ ਪੁਲਸ ਪੇਸ਼ ਕਰੇਗੀ ਚਲਾਨ
ਨਵੀਂ ਬਰਾਦਰੀ ਥਾਣੇ ਦੇ ਇੰਚਾਰਜ਼ ਇੰਸਪੈਕਟਰ ਬਲਬੀਰ ਸਿੰਘ ਨੇ ਦੱਸਿਆ ਕਿ ਬਲੈਕਮੇਲਿੰਗ ਦੇ ਕੇਸ ਵਿਚ ਜੇਲ ਭੇਜੀਆ ਗਈਆ, ਦੋਵੇਂ ਲੜਕੀਆਂ ਮਨਪ੍ਰੀਤ ਅਤੇ ਕੋਨਿਕਾ ਖਿਲਾਫ ਪੁਲਸ ਜਲਦ ਹੀ ਮਾਨਯੋਗ ਅਦਾਲਤ ਵਿਚ ਚਲਾਨ ਪੇਸ਼ ਕਰੇਗੀ। ਉਨ੍ਹਾਂ ਦੱਸਿਆ ਕਿ ਤੱਕ ਦੀ ਡੂੰਘਾਈ ਨਾਲ ਕੀਤੀ ਗਈ ਪੁਲਸ ਜਾਂਚ ਵਿਚ ਪਤਾ ਲੱਗਾ ਹੈ ਕਿ ਦੋਵਾਂ ਖਿਲਾਫ ਕਈ ਥਾਣਿਆਂ ਵਿਚ ਅੱਧੀ ਦਰਜ਼ਨ ਤੋਂ ਜ਼ਿਆਦਾ ਸ਼ਿਕਾਇਤਾਂ ਦਰਜ਼ ਹਨ ਅਤੇ 2 ਕੇਸ ਵੀ ਦਰਜ ਹੋ ਚੁੱਕੇ ਹਨ। ਇੰਸਪੈਕਟਰ ਬਲਬੀਰ ਸਿੰਘ ਨੇ ਦੱਸਿਆ ਕਿ ਨਵੀਂ ਬਰਾਦਰੀ ਥਾਣੇ ਵਿਚ ਮੁਕਦਮਾ ਨੰ. 193 ਦੇ ਤਹਿਤ 383, 384, 388, 420 ਅਤੇ 34 ਆਈ. ਪੀ. ਸੀ. ਦਾ ਕੇਸ ਦਰਜ ਕੀਤਾ ਗਿਆ ਹੈ।
ਦਿੱਲੀ ਤੋਂ ਵਾਪਸ ਆਵੇਗਾ ਪੀੜਤ ਲਵ ਕੁਮਾਰ
ਮਨਪ੍ਰੀਤ ਦੀਆਂ ਧਮਕੀਆਂ ਤੋਂ ਘਬਰਾ ਕੇ ਦਿੱਲੀ ਵਿਖੇ ਰਹਿ ਰਿਹਾ ਪੀੜਤ ਲਵ ਕੁਮਾਰ ਹੁਣ ਉਥੋ ਪੰਜਾਬ ਆ ਰਿਹਾ ਹੈ। ਉਸ ਨੇ ਦੱਸਿਆ ਕਿ ਮਨਪ੍ਰੀਤ ਜਦੋਂ ਵੀ ਉਸ ਨੂੰ ਮਿਲਦੀ ਸੀ ਤਾਂ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਧਮਕਾਉਂਦੀ ਰਹਿੰਦੀ ਸੀ। ਇਸ ਡਰ ਕਾਰਨ ਉਹ ਦਿੱਲੀ ਚੱਲਾ ਗਿਆ ਸੀ ਅਤੇ ਉਥੇ ਆਪਣੇ ਰਿਸ਼ਤੇਦਾਰਾਂ ਕੋਲ ਰਹਿ ਰਿਹਾ ਸੀ। ਉਸ ਨੇ ਦੱਸਿਆ ਕਿ ਉਹ ਮਾਡਲ ਟਾਊਨ ਵਿਖੇ ਘੜੀਆ ਦਾ ਕੰਮ ਕਰਦਾ ਸੀ , ਕਾਫੀ ਦੇਰ ਤੋਂ ਕੋਈ ਕੰਮ ਵੀ ਨਹੀਂ ਕਰ ਰਿਹਾ ਸੀ। ਉਸ ਨੂੰ ਬੈਕ ਪੇਨ ਹੋਣ ਕਾਰਨ ਡਾਕਟਰਾਂ ਨੇ ਵੀ ਕੋਈ ਜੋਰ ਵਾਲਾ ਕੰਮ ਕਰਨ ਤੋਂ ਮੰਨਾ ਕੀਤਾ ਸੀ। ਉਹ ਇਥੇ ਰਹਿ ਕੇ ਆਪਣੇ ਮਾਤਾ-ਪਿਤਾ 'ਤੇ ਵੀ ਭਾਰ ਬਣ ਰਿਹਾ ਸੀ। ਅਤੇ ਦੂਸਰਾ ਮਨਪ੍ਰੀਤ ਉਸ ਨੂੰ ਪ੍ਰੇਸ਼ਾਨ ਕਰਨ ਤੋਂ ਬਾਜ਼ ਨਹੀਂ ਆ ਰਹੀ ਸੀ। ਲਵ ਨੇ ਕਿਹਾ ਕਿ ਮਨਪ੍ਰੀਤ ਅਤੇ ਕੋਨਿਕਾ ਦੇ ਜੇਲ ਜਾਣ ਦੀ ਉਸ ਨੂੰ ਬਹੁਤ ਖੂਸ਼ੀ ਹੈ। ਕਿਸੇ ਸਮੇਂ ਉਹ ਸਮਝਦਾ ਸੀ ਕਿ ਪੁਲਸ ਉਸ ਦੇ ਨਾਲ ਮਿਲੀ ਹੋਈ ਹੈ, ਉਸ ਦਾ ਕੁਝ ਨਹੀਂ ਹੋਣ ਵਾਲਾ ਪਰ ਰਬ ਨੇ ਉਸ ਦੀ ਸੁਣ ਲਈ ਅਤੇ ਦੋਵਾਂ ਖਿਲਾਫ ਕੇਸ ਤਾਂ ਦਰਜ ਹੋਇਆ ਹੀ, ਨਾਲ ਹੀ ਜੇਲ ਵਿਚ ਵੀ ਪਹੁੰਚ ਗਈਆ। ਇਸੇ ਦੇ ਚੱਲਦੇ ਹੀ ਉਹ ਜਲੰਧਰ(ਪੰਜਾਬ) ਵਾਪਸ ਆ ਰਿਹਾ ਹੈ। ਇਥੇ ਆ ਕੇ ਮਨਪ੍ਰੀਤ ਨਾਲ ਆਪਣੇ ਤਲਾਕ ਦਾ ਕੇਸ ਲਗਾਵੇਗਾ ਤਾਂ ਜੋ ਉਸ ਤੋਂ ਛੁਟਕਾਰਾ ਮਿਲ ਸਕੇ। ਪੁਲਸ ਅਧਿਕਾਰੀ ਸੰਦੀਪ ਸ਼ਰਮਾ ਨੇ ਵੀ ਸਮਝਾਇਆ ਸੀ।
ਇਕ ਸਾਲ ਪਹਿਲੇ ਮਨਪ੍ਰੀਤ ਨੇ ਥਾਣਾ ਮਾਡਲ ਟਾਊਨ ਵਿਖੇ ਵੀ ਉਸ ਦੇ ਖਿਲਾਫ 7/51 ਦੀ ਸ਼ਿਕਾਇਤ ਦਰਜ ਕਰਵਾਈ ਸੀ। ਜਿਸ ਦੇ ਲਈ ਉਸ ਸਮੇਂ ਦੇ ਡੀ. ਸੀ. ਪੀ. ਜਲੰਧਰ ਸੰਦੀਪ ਸ਼ਰਮਾ ਦੇ ਸਾਹਮਣੇ ਪੇਸ਼ ਹੋਣਾ ਪਿਆ ਸੀ। ਪੁਲਸ ਅਧਿਕਾਰੀ ਸੰਦੀਪ ਸ਼ਰਮਾ ਜੋ ਕਿ ਇਸ ਸਮੇਂ ਕਪੂਰਥਲਾ ਦੇ ਐੱਸ. ਐੱਸ. ਪੀ. ਹਨ ਉਸ ਨੇ ਆਪਣੇ ਅਤੇ ਮਨਪ੍ਰੀਤ ਦੇ ਬਾਰੇ ਵਿਚ ਪੂਰੀ ਜਾਣਕਾਰੀ ਦਿੱਤੀ ਸੀ। ਜਿਸ ਤੋਂ ਬਾਅਦ ਉਨ੍ਹਾਂ ਨੇ ਮਨਪ੍ਰੀਤ ਨੂੰ ਸਮਝਾਇਆ ਕਿ ਉਸ ਨੂੰ ਅਜਿਹਾ ਵਤੀਰਾ ਨਹੀਂ ਕਰਨਾ ਚਾਹੀਦਾ ਪਰ ਇਸ ਦਾ ਵੀ ਉਸ ਤੇ ਕੋਈ ਅਸਰ ਨਹੀਂ ਹੋਇਆ।