ਪੰਜਾਬ 'ਚ ਭਾਜਪਾ ਨੂੰ ਬਦਲਣੀ ਪਵੇਗੀ ਸਟ੍ਰੈਟੇਜੀ, ਸਤਾਉਣ ਲੱਗੀ ਇਹ ਵੱਡੀ ਚਿੰਤਾ

Wednesday, May 17, 2023 - 01:13 PM (IST)

ਪੰਜਾਬ 'ਚ ਭਾਜਪਾ ਨੂੰ ਬਦਲਣੀ ਪਵੇਗੀ ਸਟ੍ਰੈਟੇਜੀ, ਸਤਾਉਣ ਲੱਗੀ ਇਹ ਵੱਡੀ ਚਿੰਤਾ

ਜਲੰਧਰ (ਅਨਿਲ ਪਾਹਵਾ)–ਜਲੰਧਰ ਲੋਕ ਸਭਾ ਜ਼ਿਮਨੀ ਚੋਣ ਦਾ ਨਤੀਜਾ ਆ ਚੁੱਕਾ ਹੈ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਸ਼ੀਲ ਰਿੰਕੂ ਜਿੱਤ ਚੁੱਕੇ ਹਨ। ਇਸ ਸਭ ਦੇ ਵਿਚਕਾਰ ਆਮ ਆਦਮੀ ਪਾਰਟੀ ਥੋੜ੍ਹੀ ਜਿਹੀ ਬੇਫਿਕਰ ਹੋ ਗਈ ਹੈ ਪਰ ਬਾਕੀ ਪਾਰਟੀਆਂ ’ਚ ਚਿੰਤਨ ਤੇ ਮੰਥਨ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ। ਖ਼ਾਸ ਤੌਰ ’ਤੇ ਪੰਜਾਬ ’ਚ ਇਸ ਚੋਣ ਨੇ ਭਾਜਪਾ ਨੂੰ ਇਕ ਵਾਰ ਮੁੜ ਸੋਚਣ ਲਈ ਮਜਬੂਰ ਕਰ ਦਿੱਤਾ ਹੈ। ਪਾਰਟੀ ਇਸ ਗੱਲ ’ਤੇ ਫੁੱਲੀ ਨਹੀਂ ਸਮਾ ਰਹੀ ਕਿ ਉਸ ਦਾ ਵੋਟ ਫੀਸਦੀ 2019 ਦੀਆਂ ਚੋਣਾਂ ਦੇ ਮੁਕਾਬਲੇ ਦੁੱਗਣਾ ਹੋ ਗਿਆ ਹੈ। ਪਾਰਟੀ ਨੂੰ ਇਹ ਚਿੰਤਾ ਵੀ ਸਤਾਉਣ ਲੱਗੀ ਹੈ ਕਿ 2024 ਦੀਆਂ ਚੋਣਾਂ ਲਈ ਆਖਰ ਕਿਸ ਤਰ੍ਹਾਂ ਮੈਦਾਨ ਵਿਚ ਉਤਰਿਆ ਜਾਵੇ। ਜੇ ਪੂਰੀ ਵਿਵਸਥਾ ਨੂੰ ਵੇਖਿਆ ਜਾਵੇ ਤਾਂ ਇਸ ਵੇਲੇ ਪੰਜਾਬ ’ਚ ਭਾਜਪਾ ਨੂੰ ਆਪਣੀ ਸਟ੍ਰੈਟੇਜੀ ਵਿਚ ਤਬਦੀਲੀ ਕਰਨੀ ਪਵੇਗੀ ਤਾਂ ਜੋ ਆਉਣ ਵਾਲੀਆਂ ਚੋਣਾਂ ’ਚ ਪਾਰਟੀ ਨੂੰ ਸਫਲਤਾ ਮਿਲ ਸਕੇ।

ਕੇਂਦਰੀ ਨੇਤਾਵਾਂ ਦੀਆਂ ਨੀਤੀਆਂ ’ਤੇ ਕਰਨਾ ਪਵੇਗਾ ਕੰਮ
ਇਸ ਵਾਰ ਦੀ ਲੋਕ ਸਭਾ ਚੋਣ ਵਿਚ ਭਾਜਪਾ ਅਤੇ ਉਸ ਦਾ ਹੋਟਲ ਚਰਚਾ ਵਿਚ ਰਿਹਾ। ਪਾਰਟੀ ਦੇ ਕੇਂਦਰੀ ਪੱਧਰ ਦੇ ਨੇਤਾਵਾਂ ਨੇ ਪੰਜਾਬ ਅਤੇ ਸਥਾਨਕ ਟੀਮ ਨੂੰ ਜੋ ਵੀ ਨੀਤੀਆਂ ਬਣਾ ਕੇ ਦਿੱਤੀਆਂ, ਉਹ ਹੋਟਲ ਦੇ ਕਮਰਿਆਂ ਵਿਚ ਹੀ ਦਫਨ ਹੋ ਗਈਆਂ।
ਉੱਚ ਨੇਤਾਵਾਂ ਨੇ ਆਪਣੇ ਤਜਰਬੇ ਅਨੁਸਾਰ ਯੋਜਨਾਵਾਂ ਬਣਾ ਕੇ ਸਥਾਨਕ ਟੀਮਾਂ ਨੂੰ ਦਿੱਤੀਆਂ ਪਰ ਉਨ੍ਹਾਂ ਯੋਜਨਾਵਾਂ ਉੱਪਰ ਕੰਮ ਨਹੀਂ ਹੋਇਆ, ਜਿਸ ਦਾ ਖਮਿਆਜ਼ਾ ਪਾਰਟੀ ਨੇ ਭੁਗਤਿਆ। ਅਜੇ ਤਾਂ ਇਨ੍ਹਾਂ ਨੀਤੀਆਂ ’ਤੇ ਕੰਮ ਨਹੀਂ ਹੋਇਆ ਤਾਂ ਪਾਰਟੀ ਦਾ ਵੋਟ ਸ਼ੇਅਰ ਦੁੱਗਣਾ ਹੋ ਗਿਆ। ਜੇ ਕਿਤੇ ਇਨ੍ਹਾਂ ਨੀਤੀਆਂ ’ਤੇ ਮਨ ਨਾਲ ਕੰਮ ਕੀਤਾ ਗਿਆ ਹੁੰਦਾ ਤਾਂ ਸ਼ਾਇਦ ਨਤੀਜਾ ਕੁਝ ਹੋਰ ਹੁੰਦਾ।

ਇਹ ਵੀ ਪੜ੍ਹੋ - ਸ਼੍ਰੋਮਣੀ ਅਕਾਲੀ ਦਲ-ਭਾਜਪਾ ਗਠਜੋੜ ਨੂੰ ਲੈ ਕੇ ਕੇਂਦਰੀ ਮੰਤਰੀ ਹਰਦੀਪ ਪੁਰੀ ਦਾ ਵੱਡਾ ਬਿਆਨ

ਲੋਕਲ ਬਾਡੀਜ਼ ਚੋਣਾਂ ’ਤੇ ਪਵੇਗਾ ਅਸਰ
ਪੰਜਾਬ ’ਚ ਖ਼ੁਦ ਨੂੰ ਮਜ਼ਬੂਤ ਕਰਨ ਲਈ ਆਮ ਆਦਮੀ ਪਾਰਟੀ ਪਿਛਲੇ ਕਾਫ਼ੀ ਸਮੇਂ ਤੋਂ ਜੁਟੀ ਹੋਈ ਹੈ। ਇਸੇ ਸਿਲਸਿਲੇ ’ਚ ਪਾਰਟੀ ਨੇ ਹੁਣ ਜਲੰਧਰ ਦੀ ਲੋਕ ਸਭਾ ਉਪ-ਚੋਣ ਜਿੱਤ ਲਈ ਹੈ ਅਤੇ ਇਸ ਤੋਂ ਬਾਅਦ ਹੁਣ ਵਾਰੀ ਹੈ ਲੋਕਲ ਬਾਡੀ ਚੋਣਾਂ ਦੀ। ਸੰਭਵ ਤੌਰ ’ਤੇ ਪਾਰਟੀ ਇਸ ’ਤੇ ਜਲਦ ਹੀ ਫ਼ੈਸਲਾ ਲੈ ਲਵੇਗੀ। ਭਾਜਪਾ ’ਚ ਬਹੁਤ ਸਾਰੇ ਲੋਕ ਇਸ ਲਈ ਮੈਦਾਨ ਵਿਚ ਜੁਟੇ ਹੋਏ ਹਨ ਤਾਂ ਜੋ ਉਨ੍ਹਾਂ ਨੂੰ ਲੋਕਲ ਬਾਡੀ ਚੋਣਾਂ ਵਿਚ ਪਾਰਟੀ ਵੱਲੋਂ ਟਿਕਟ ਮਿਲ ਸਕੇ ਪਰ ਜਲੰਧਰ ਲੋਕ ਸਭਾ ਉਪ-ਚੋਣ ਵਿਚ ਕੇਂਦਰੀ ਤੇ ਨਾਰਥ ਹਲਕੇ ਨੂੰ ਛੱਡ ਕੇ ਬਾਕੀ ਜਗ੍ਹਾ ਭਾਜਪਾ ਫਾਡੀ ਰਹੀ ਹੈ। ਅਜਿਹੀ ਹਾਲਤ ’ਚ ਉਨ੍ਹਾਂ ਲੋਕਾਂ ਦਾ ਸੁਪਨਾ ਟੁੱਟ ਸਕਦਾ ਹੈ ਜੋ ਇਨ੍ਹਾਂ ਚੋਣਾਂ ਵਿਚ ਸਫਲਤਾ ਦੇ ਆਧਾਰ ’ਤੇ ਟਿਕਟ ਦੇ ਚਾਹਵਾਨ ਸਨ।

ਜਨ ਸੰਪਰਕ ਦੇ ਮਾਮਲੇ ’ਚ ਪੱਛੜ ਗਈ ਸਥਾਨਕ ਲੀਡਰਸ਼ਿਪ
ਜਲੰਧਰ ਲੋਕ ਸਭਾ ਉਪ-ਚੋਣ ਦੌਰਾਨ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਤੋਂ ਲੈ ਕੇ ਇੰਚਾਰਜ ਵਿਜੇ ਰੁਪਾਣੀ ਤੇ ਕਈ ਹੋਰ ਕੇਂਦਰੀ ਨੇਤਾ ਮੈਦਾਨ ਵਿਚ ਜੁਟੇ ਰਹੇ। ਇੱਥੋਂ ਤਕ ਕਿ ਹਰਦੀਪ ਪੁਰੀ ਤਾਂ ਖੁਦ ਜਨਤਾ ’ਚ ਜਾ ਕੇ ਵੋਟ ਮੰਗਦੇ ਨਜ਼ਰ ਆਏ। ਇੱਥੇ ਤਕ ਤਾਂ ਸਭ ਠੀਕ ਸੀ ਪਰ ਸਥਾਨਕ ਨੇਤਾਵਾਂ ’ਚ ਲੋਕਾਂ ਦੇ ਨਾਲ ਸੰਪਰਕ ਕਰਨ ਦੀ ਭਾਵਨਾ ਨਜ਼ਰ ਨਹੀਂ ਆਈ। ਸਥਾਨਕ ਲੀਡਰਸ਼ਿਪ ਲੋਕਾਂ ਵਿਚਕਾਰ ਨਾ ਜਾ ਕੇ ਹੋਟਲ ਦੇ ਕਮਰਿਆਂ ਵਿਚ ਹੀ ਆਰਾਮ ਫਰਮਾਉਂਦੀ ਰਹੀ ਅਤੇ ਅਸਰ ਇਹ ਹੋਇਆ ਕਿ ਪਾਰਟੀ ਨੂੰ ਆਸ ਮੁਤਾਬਕ ਸਫਲਤਾ ਨਹੀਂ ਮਿਲੀ। ਹੁਣ ਕੇਂਦਰੀ ਮੰਤਰੀ ਹਰ ਇਲਾਕੇ ਵਿਚ ਤਾਂ ਜਾ ਨਹੀਂ ਸਕਦੇ ਸਨ ਤਾਂ ਉਨ੍ਹਾਂ ਦੀ ਕਮੀ ਪੂਰੀ ਕਰਨਾ ਸਥਾਨਕ ਨੇਤਾਵਾਂ ਦਾ ਕੰਮ ਸੀ, ਜੋ ਉਹ ਨਹੀਂ ਕਰ ਸਕੇ।

ਇਹ ਵੀ ਪੜ੍ਹੋ - ਜਲੰਧਰ 'ਚ NIA ਦੀ ਰੇਡ, ਗੈਂਗਸਟਰ ਪੁਨੀਤ ਸ਼ਰਮਾ ਦੇ ਘਰ ਕੀਤੀ ਛਾਪੇਮਾਰੀ

ਸੋਸ਼ਲ ਮੀਡੀਆ ’ਤੇ ਕਮਜ਼ੋਰ ਪਕੜ
ਅੱਜ ਦਾ ਸਮਾਂ ਪੂਰੀ ਤਰ੍ਹਾਂ ਸੋਸ਼ਲ ਮੀਡੀਆ ਦਾ ਹੈ ਅਤੇ ਭਾਜਪਾ ਦੀ ਸਥਾਨਕ ਟੀਮ ਉਸੇ ਵਿਚ ਮਾਤ ਖਾ ਗਈ। ਭਾਜਪਾ ਦੇ ਨੇਤਾ ਗਲੀ-ਮੁਹੱਲੇ ਜਾਂ ਨੁੱਕੜ ਦੀ ਬੈਠਕ ਤਕ ਨੂੰ ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਹਾਈਲਾਈਟ ਕਰ ਦਿੰਦੇ ਹਨ ਪਰ ਜਲੰਧਰ ਦੀ ਉਪ-ਚੋਣ ’ਚ ਪਾਰਟੀ ਦੀਆਂ ਨੀਤੀਆਂ ਤੋਂ ਲੈ ਕੇ ਸਰਗਰਮੀਆਂ ਤਕ ਨੂੰ ਸੋਸ਼ਲ ਮੀਡੀਆ ’ਤੇ ਸਹੀ ਢੰਗ ਨਾਲ ਨਹੀਂ ਪਹੁੰਚਾਇਆ ਗਿਆ।

ਯੂਥ ’ਤੇ ਕਮਜ਼ੋਰ ਹੁੰਦੀ ਪਕੜ
ਪੰਜਾਬ ’ਚ ਪਿਛਲੇ ਕੁਝ ਸਮੇਂ ਤੋਂ ਯੂਥ ਦਾ ਭਾਜਪਾ ਪ੍ਰਤੀ ਮੋਹ ਭੰਗ ਹੋ ਰਿਹਾ ਹੈ ਅਤੇ ਇਹ ਵੋਟ ਆਮ ਆਦਮੀ ਪਾਰਟੀ ਵੱਲ ਝੁਕ ਰਿਹਾ ਹੈ। ਯੂਥ ਨੂੰ ਆਪਣੇ ਨਾਲ ਜੋੜਨ ਲਈ ਭਾਜਪਾ ਕੋਲ ਫਿਲਹਾਲ ਕੋਈ ਸਟ੍ਰੈਟੇਜੀ ਨਹੀਂ ਹੈ ਅਤੇ ਨਾ ਹੀ ਇਸ ’ਤੇ ਕੋਈ ਕੰਮ ਹੋ ਰਿਹਾ ਹੈ, ਜਿਸ ਕਾਰਨ ਪਾਰਟੀ ਨੂੰ ਨੁਕਸਾਨ ਉਠਾਉਣਾ ਪੈ ਰਿਹਾ ਹੈ। ਸੋਸ਼ਲ ਮੀਡੀਆ ਇਸ ਵੇਲੇ ਯੂਥ ਦਾ ਸਭ ਤੋਂ ਮਜ਼ਬੂਤ ਪਲੇਟਫਾਰਮ ਹੈ ਅਤੇ ਇਸੇ ਤੋਂ ਭਾਜਪਾ ਦੂਰ ਹੋ ਗਈ ਹੈ। ਕੇਂਦਰ ਦੀ ਮੋਦੀ ਸਰਕਾਰ ਨੇ ਨੌਜਵਾਨਾਂ ਲਈ ਜਿੰਨੀਆਂ ਵੀ ਯੋਜਨਾਵਾਂ ਬਣਾਈਆਂ, ਉਨ੍ਹਾਂ ਦਾ ਪ੍ਰਚਾਰ ਕਰਨ ’ਚ ਪਾਰਟੀ ਅਸਫ਼ਲ ਰਹੀ।

ਇਹ ਵੀ ਪੜ੍ਹੋ - ਡੇਰਾਬੱਸੀ ਵਿਖੇ ਵਿਦਿਆਰਥਣ ਨੇ ਕਾਲਜ ਦੇ ਹੋਸਟਲ 'ਚ ਕੀਤੀ ਖ਼ੁਦਕੁਸ਼ੀ, ਸੁਸਾਈਡ ਨੋਟ 'ਚ ਕੀਤਾ ਹੈਰਾਨੀਜਨਕ ਖ਼ੁਲਾਸਾ

ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani


author

shivani attri

Content Editor

Related News