ਨਗਰ ਨਿਗਮ ਚੋਣਾਂ ਲਈ ਭਾਜਪਾ ਬਣਾਉਣ ਲੱਗੀ ਰਣਨੀਤੀ, ਆਉਣ ਵਾਲੇ ਦਿਨਾਂ 'ਚ ਹੋ ਸਕਦੈ ਵੱਡਾ ਧਮਾਕਾ

Monday, Feb 13, 2023 - 04:04 PM (IST)

ਨਗਰ ਨਿਗਮ ਚੋਣਾਂ ਲਈ ਭਾਜਪਾ ਬਣਾਉਣ ਲੱਗੀ ਰਣਨੀਤੀ, ਆਉਣ ਵਾਲੇ ਦਿਨਾਂ 'ਚ ਹੋ ਸਕਦੈ ਵੱਡਾ ਧਮਾਕਾ

ਜਲੰਧਰ (ਮਹੇਸ਼) :  ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹੀ ਅਕਾਲੀ-ਭਾਜਪਾ ਗਠਜੋੜ ਟੁੱਟਣ ਤੋਂ ਬਾਅਦ ਹੁਣ ਭਾਜਪਾ ਨੂੰ ਆਉਂਦੀਆਂ ਨਗਰ ਨਿਗਮ ਚੋਣਾਂ ਸੈਂਟਰਲ ਵਿਧਾਨ ਸਭਾ ਹਲਕੇ ਦੇ 22 ਵਾਰਡਾਂ ’ਚ ਇਕੱਲਿਆਂ ਹੀ ਲੜਨੀਆਂ ਪੈਣਗੀਆਂ। ਜਿਸ ਸਬੰਧੀ ਭਾਜਪਾ ਆਗੂ ਮਨੋਰੰਜਨ ਕਾਲੀਆ ਨੇ ਪਾਰਟੀ ਵਰਕਰਾਂ ਨਾਲ ਲਗਾਤਾਰ ਤਾਲਮੇਲ ਵਧਾਇਆ ਹੈ ਤੇ ਪਾਰਟੀ ਦੇ ਟਕਸਾਲੀ ਅਤੇ ਪੁਰਾਣੇ ਆਗੂਆਂ ਦੀਆਂ ਵੀ ਉਨ੍ਹਾਂ ਨੇ ਇਸ ਸਬੰਧੀ ਡਿਊਟੀਆਂ ਲਾ ਰੱਖੀਆਂ ਹਨ। ਉਹ ਫੀਲਡ ’ਚ ਰਹਿ ਕੇ ਆਪਣੇ ਖੇਤਰਾਂ ’ਚ ਚੋਣ ਲੜਨ ਦੇ ਇੱਛੁਕ ਉਮੀਦਵਾਰਾਂ ਦੀ ਕਾਰਗੁਜ਼ਾਰੀ ’ਤੇ ਨਜ਼ਰ ਰੱਖ ਰਹੇ ਹਨ। ਉਹ ਪਾਰਟੀ ਦੀ ਮਜ਼ਬੂਤੀ ਲਈ ਮਿਹਨਤੀ ਤੇ ਈਮਾਨਦਾਰ ਨੌਜਵਾਨ ਵਰਕਰਾਂ ਨੂੰ ਅੱਗੇ ਲਿਆ ਕੇ ਚੋਣ ਮੈਦਾਨ ’ਚ ਉਤਾਰਨ ਲਈ ਯਤਨਸ਼ੀਲ ਹਨ। ਉਂਝ ਜਲੰਧਰ ਕੇਂਦਰੀ ਵਿਧਾਨ ਸਭਾ ਹਲਕੇ ਦੇ ਕਈ ਖੇਤਰਾਂ ’ਚ ਭਾਜਪਾ ਦਾ ਵੋਟ ਬੈਂਕ ਬਹੁਤ ਘੱਟ ਹੋਣ ਕਾਰਨ ਠੋਸ ਉਮੀਦਵਾਰ ਲੱਭਣੇ ਔਖੇ ਹੋ ਰਹੇ ਹਨ। 2017 ’ਚ ਅਕਾਲੀ-ਭਾਜਪਾ ਗਠਜੋੜ ਨੇ ਮਿਲ ਕੇ ਨਗਰ ਨਿਗਮ ਚੋਣਾਂ ਲੜੀਆਂ ਸਨ ਤੇ ਉਸ ਸਮੇਂ ਸੂਬੇ ’ਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਸੀ। ਇਸ ਚੋਣ ’ਚ ਭਾਜਪਾ ਨੂੰ 22 ’ਚੋਂ ਸਿਰਫ਼ 3 ਸੀਟਾਂ ਮਿਲੀਆਂ ਸਨ, ਜਦਕਿ ਸ਼੍ਰੋਮਣੀ ਅਕਾਲੀ ਦਲ 1 ਵੀ ਸੀਟ ਨਹੀਂ ਜਿੱਤ ਸਕਿਆ ਸੀ। ਵਿਧਾਇਕ ਰਜਿੰਦਰਾ ਬੇਰੀ ਦੀ ਅਗਵਾਈ ’ਚ ਕਾਂਗਰਸ ਪਾਰਟੀ ਆਪਣੇ 19 ਕੌਂਸਲਰ ਬਣਾਉਣ ’ਚ ਸਫਲ ਰਹੀ ਸੀ। ਭਾਜਪਾ ਦੇ ਕੇਵਲ ਪ੍ਰਿੰਸ, ਚੱਠਾ ਤੇ ਸ਼ੈਲੀ ਖੰਨਾ ਹੀ ਕੌਂਸਲਰ ਬਣ ਸਕੇ ਸਨ । ਆਮ ਆਦਮੀ ਪਾਰਟੀ ਤੋਂ ਵੀ ਕੋਈ ਕੌਂਸਲਰ ਨਹੀਂ ਬਣ ਸਕਿਆ ਸੀ।

ਇਹ ਵੀ ਪੜ੍ਹੋ : ‘ਹੋਲਾ ਮਹੱਲਾ’ ਦੀਆਂ ਤਿਆਰੀਆਂ ਨੂੰ ਲੈ ਕੇ ਮੁੱਖ ਮੰਤਰੀ ਵਲੋਂ ਸਖ਼ਤ ਹੁਕਮ

ਇਸ ਵੇਲੇ ਸ਼੍ਰੋਮਣੀ ਅਕਾਲੀ ਦਲ ਹੁਣ ਭਾਜਪਾ ਨਾਲ ਨਹੀਂ ਹੈ, ਜਿਸ ਕਾਰਨ ਭਾਜਪਾ ਨੂੰ ਇਕੱਲਿਆਂ ਚੋਣਾਂ ਲੜਨ ਲਈ ਕਾਫੀ ਮਿਹਨਤ ਕਰਨੀ ਪਵੇਗੀ। ਕਾਲੀਆ ਆਉਣ ਵਾਲੇ ਦਿਨਾਂ ’ਚ ਵੱਡਾ ਧਮਾਕਾ ਵੀ ਕਰ ਸਕਦੇ ਹਨ। ਉਹ ਆਮ ਆਦਮੀ ਪਾਰਟੀ ਤੋਂ ਨਾਰਾਜ਼ ਵਰਕਰਾਂ ਤੇ ਅਕਾਲੀ ਦਲ ਦੇ ਸਾਬਕਾ ਕੌਂਸਲਰਾਂ ’ਤੇ ਤਿੱਖੀ ਨਜ਼ਰ ਰੱਖ ਰਹੇ ਹਨ। ਉਹ ਉਨ੍ਹਾਂ ਨੂੰ ਭਾਜਪਾ ’ਚ ਸ਼ਾਮਲ ਕਰਵਾ ਸਕਦੇ ਹਨ। ਰਾਮਾ ਮੰਡੀ ਇਲਾਕੇ ਦੇ 2 ਵਾਰ ਕੌਂਸਲਰ ਰਹਿ ਚੁੱਕੇ ਅਕਾਲੀ ਦਲ ਦੇ ਬਲਬੀਰ ਸਿੰਘ ਬਿੱਟੂ ਵੀ ਭਾਜਪਾ ’ਚ ਸ਼ਾਮਲ ਹੋਣ ਦੀ ਚਰਚਾ ’ਚ ਹਨ, ਕਿਉਂਕਿ ਉਨ੍ਹਾਂ ਬਾਰੇ ਕਿਹਾ ਜਾ ਰਿਹਾ ਸੀ ਕਿ ਉਹ ਆਮ ਆਦਮੀ ਪਾਰਟੀ ’ਚ ਜਾ ਰਹੇ ਹਨ ਤੇ ‘ਆਪ’ ਵਿਧਾਇਕ ਰਮਨ ਅਰੋੜਾ ਨਾਲ ਉਨ੍ਹਾਂ ਦੀ ਨੇੜਤਾ ਹੈ ਪਰ ਉਹ ਅਜੇ ਤੱਕ ‘ਆਪ’ ’ਚ ਸ਼ਾਮਲ ਨਹੀਂ ਹੋਏ ਹਨ, ਜਦਕਿ ਵਿਧਾਇਕ ਰਮਨ ਅਰੋੜਾ ਵੀ ਵਿਰੋਧੀ ਪਾਰਟੀਆਂ ਨੂੰ ‘ਆਪ’ ’ਚ ਸ਼ਾਮਲ ਕਰਨ ਸਬੰਧੀ 2 ਵੱਡੇ ਪ੍ਰੋਗਰਾਮ ਕਰ ਚੁੱਕੇ ਹਨ।

ਇਹ ਵੀ ਪੜ੍ਹੋ : ਸਿਵਲ ਹਸਪਤਾਲ ’ਚ ਡਾਵਾਂਡੋਲ ਹੋਣਗੀਆਂ ਸਿਹਤ ਸੇਵਾਵਾਂ, ਮੁਲਾਜ਼ਮ ਹੜਤਾਲ ’ਤੇ ਜਾਣ ਲਈ ਤਿਆਰ    

4 ਵਾਰ ਕੌਂਸਲਰ ਰਹਿ ਚੁੱਕੇ ਚੱਠਾ ਵੀ ਛੱਡ ਚੁੱਕੇ ਨੇ ਭਾਜਪਾ
ਚੌਗਿੱਟੀ ਖੇਤਰ ਤੋਂ ਲਗਾਤਾਰ 4 ਵਾਰ (20 ਸਾਲ) ਭਾਜਪਾ ਦੇ ਕੌਂਸਲਰ ਰਹੇ ਮਨਜਿੰਦਰ ਸਿੰਘ ਚੱਠਾ ਨੇ ਵੀ ਕੁਝ ਦਿਨ ਪਹਿਲਾਂ ਭਾਜਪਾ ਨੂੰ ਅਲਵਿਦਾ ਕਹਿ ਦਿੱਤਾ ਹੈ। ਉਨ੍ਹਾਂ ਦੇ ‘ਆਪ’ ’ਚ ਸ਼ਾਮਲ ਹੋਣ ਨਾਲ ‘ਆਪ’ ਨੂੰ ਫਾਇਦਾ ਹੁੰਦਾ ਹੈ ਜਾਂ ਨਹੀਂ, ਇਹ ਨਹੀਂ ਕਿਹਾ ਜਾ ਸਕਦਾ ਪਰ ਇਸ ਦਾ ਨੁਕਸਾਨ ਭਾਜਪਾ ਨੂੰ ਜ਼ਰੂਰ ਭੁਗਤਣਾ ਪਵੇਗਾ। ਵਿਧਾਨ ਸਭਾ ਚੋਣਾਂ ’ਚ ਵੀ ਚੱਠਾ ਨੇ ਭਾਜਪਾ ਛੱਡ ਕੇ ਅਕਾਲੀ ਦਲ ’ਚ ਸ਼ਾਮਲ ਹੋਣ ਦਾ ਐਲਾਨ ਕੀਤਾ ਸੀ ਪਰ ਸਾਬਕਾ ਮੰਤਰੀ ਮਨੋਰੰਜਨ ਕਾਲੀਆ ਆਪਣੇ ਖਾਸਮ-ਖਾਸ ਕੌਂਸਲਰ ਚੱਠਾ ਨੂੰ ਇਕ ਦਿਨ ’ਚ ਹੀ ਭਾਜਪਾ ’ਚ ਵਾਪਸ ਲਿਆਉਣ ’ਚ ਕਾਮਯਾਬ ਰਹੇ ਸਨ, ਪਰ ਹੁਣ ਜਦੋਂ ਉਹ ਆਪਣੇ ਭਰਾ ਨਾਲ ਹਰਜੀਤ ਸਿੰਘ ਚੱਠਾ ਤੇ ਹੋਰ ਵਰਕਰਾਂ ਸਮੇਤ ਆਮ ਆਦਮੀ ਪਾਰਟੀ ’ਚ ਸ਼ਾਮਲ ਹੋ ਗਏ ਤਾਂ ਕਾਲੀਆ ਨੂੰ ਭਾਜਪਾ ’ਚ ਵਾਪਸ ਨਹੀਂ ਲਿਆ ਸਕੇ। ਚੱਠਾ ਪਰਿਵਾਰ ਹੁਣ ‘ਆਪ’ ਵੱਲੋਂ ਚੋਣ ਲੜਨ ਦੀ ਤਿਆਰੀ ਕਰ ਰਿਹਾ ਹੈ।

ਇਹ ਵੀ ਪੜ੍ਹੋ :  ਕੈਨੇਡਾ ’ਚ ਆਰਥਿਕ ਮੰਦੀ ਦਾ ਖਮਿਆਜਾ ਭੁਗਤ ਰਹੇ ਭਾਰਤੀ ਵਿਦਿਆਰਥੀ, ਲੱਖਾਂ ਵਿਦਿਆਰਥੀ ਭੁੱਖਮਰੀ ਦੀ ਕੰਗਾਰ ’ਤੇ 

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


author

Anuradha

Content Editor

Related News