ਭਾਜਪਾ ਨੇਤਾ ਦੇ ਕੈਸ਼ੀਅਰ ''ਤੇ ਜਾਨਲੇਵਾ ਹਮਲਾ ਕਰਕੇ 8.84 ਲੱਖ ਲੁੱਟਣ ਵਾਲੇ ਗ੍ਰਿਫਤਾਰ

Wednesday, Jun 26, 2019 - 11:32 AM (IST)

ਭਾਜਪਾ ਨੇਤਾ ਦੇ ਕੈਸ਼ੀਅਰ ''ਤੇ ਜਾਨਲੇਵਾ ਹਮਲਾ ਕਰਕੇ 8.84 ਲੱਖ ਲੁੱਟਣ ਵਾਲੇ ਗ੍ਰਿਫਤਾਰ

ਅੰਮ੍ਰਿਤਸਰ (ਸੰਜੀਵ) : ਭਾਜਪਾ ਨੇਤਾ ਦੀ ਸਿੱਕਾ ਗੈਸ ਏਜੰਸੀ ਦੇ ਕੈਸ਼ੀਅਰ ਭਾਰਤ ਭੂਸ਼ਣ ਨੂੰ ਤੇਜ਼ਧਾਰ ਹਥਿਆਰਾਂ ਨਾਲ ਵੱਢ ਕੇ 8.84 ਲੱਖ ਰੁਪਏ ਦੀ ਨਕਦੀ ਲੁੱਟਣ ਵਾਲੇ ਤਿੰਨ ਲੁਟੇਰਿਆਂ ਨੂੰ ਸੀ. ਆਈ. ਏ. ਸਟਾਫ ਦੀ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਪੁਲਸ ਨੇ ਲੁੱਟੇ ਗਏ ਕੈਸ਼ 'ਚੋਂ 4 ਲੱਖ ਰੁਪਏ ਰਿਕਵਰ ਕਰ ਲਏ ਗਏ ਹਨ ਜਦਕਿ ਬਾਕੀ ਕੈਸ਼ ਦਾ ਪੁਲਸ ਪਤਾ ਲਗਾ ਰਹੀ ਹੈ। ਇਹ ਵੀ ਪਤਾ ਲੱਗਾ ਹੈ ਕਿ ਲੁਟੇਰਿਟਆਂ ਦਾ ਖਬਰੀ ਅਜੇ ਪੁਲਸ ਦੇ ਹੱਥੇ ਨਹੀਂ ਚੜ੍ਹਿਆ ਹੈ, ਜਿਸ ਦੇ ਕਹਿਣ 'ਤੇ ਲੁੱਟ ਦੀ ਪੂਰੀ ਯੋਜਨਾ ਬਣਾਈ ਗਈ ਸੀ। ਪੁਲਸ ਜਲਦ ਹੀ ਇਸੇ ਇਲਾਕੇ ਦੇ ਰਹਿਣ ਵਾਲੇ ਖਬਰੀ ਨੂੰ ਵੀ ਗ੍ਰਿਫਤਾਰ ਕਰਨ ਦਾ ਦਾਅਵਾ ਕਰ ਰਹੀ ਹੈ। 

ਦੱਸਣਯੋਗ ਹੈ ਕਿ ਘਟਨਾ ਲੰਘੀ 18 ਜੂਨ ਨੂੰ ਉਸ ਵੇਲੇ ਵਾਪਰੀ ਸੀ ਜਦੋਂ ਭਾਰਤ ਭੂਸ਼ਣ ਦੁਪਹਿਰ 3.32 'ਤੇ ਗੈਸ ਗੋਦਾਮ ਤੋਂ ਕੈਸ਼ ਵਾਲਾ ਬੈਗ ਲੈ ਕੇ ਆਪਣੇ ਮੋਟਰਸਾਈਕਲ 'ਤੇ ਸਟੇਟ ਬੈਂਕ ਆਫ ਇੰਡੀਆ 'ਚ ਜਮ੍ਹਾ ਕਰਵਾਉਣ ਜਾ ਰਿਹਾ ਸੀ। ਗੋਦਾਮ ਤੋਂ 100 ਮੀਟਰ ਦੀ ਦੂਰੀ 'ਤੇ ਖੜ੍ਹੇ ਬਾਈਕ ਸਵਾਰ ਲੁਟੇਰਿਆਂ ਨੇ ਉਸ ਦਾ ਪਿੱਛਾ ਕੀਤਾ ਅਤੇ ਦਾਤਰ ਦਿਖਾ ਕੇ ਉਸ ਨੂੰ ਰੁਕਣ ਲਈ ਕਿਹਾ। ਲੁੱਟ ਦਾ ਸ਼ੱਕ ਸਮਝ ਕੇ ਭਾਰਤ ਭੂਸ਼ਣ ਵਾਪਸ ਮੁੜਿਆ ਅਤੇ ਲੁਟੇਰਿਆਂ ਤੋਂ ਬਚਣ ਲਈ ਆਪਣੇ ਮੋਟਰਸਾਈਕਲ ਨੂੰ ਇਕ ਕਬਾੜੀਏ ਦੀ ਦੁਕਾਨ 'ਚ ਲੈ ਗਿਆ। ਦੋਵੇਂ ਲੁਟੇਰੇ ਉਥੇ ਹੀ ਰੁਕੇ, ਜਿਨ੍ਹਾਂ 'ਚੋਂ ਇਕ ਦੇ ਹੱਥ 'ਚ ਦਾਤਰ ਅਤੇ ਦੂਜੇ ਦੇ ਹੱਥ 'ਚ ਪਿਸਤੌਲ ਸੀ, ਉਸ ਦੇ ਪਿੱਛੇ ਦੁਕਾਨ 'ਚ ਦਾਖਲ ਹੋ ਗਏ, ਜਿੱਥੇ ਦੋਵਾਂ ਲੁਟੇਰਿਆਂ ਨੇ ਭਾਰਤ ਭੂਸ਼ਣ ਨੂੰ ਮਾਰ ਦੇਣ ਦੀ ਨੀਅਤ ਨਾਲ ਤੇਜ਼ਧਾਰ ਦਾਤਰ ਨਾਲ ਬੁਰੀ ਤਰ੍ਹਾਂ ਵੱਢ ਦਿੱਤਾ ਅਤੇ ਨਕਦੀ ਵਾਲਾ ਬੈੱਗ ਲੁੱਟ ਕੇ ਫਰਾਰ ਹੋ ਗਏ।


author

Gurminder Singh

Content Editor

Related News