ਭਾਜਪਾ ਦੀ ਹਾਰ ਤੋਂ ਬਾਅਦ ਅਕਾਲੀ ਦਲ ਗਲਤ ਤਸਵੀਰਾਂ ਕਰਨ ਲੱਗਾ ਸ਼ੇਅਰ : ਜਾਖੜ

Thursday, Dec 20, 2018 - 09:25 AM (IST)

ਭਾਜਪਾ ਦੀ ਹਾਰ ਤੋਂ ਬਾਅਦ ਅਕਾਲੀ ਦਲ ਗਲਤ ਤਸਵੀਰਾਂ ਕਰਨ ਲੱਗਾ ਸ਼ੇਅਰ : ਜਾਖੜ

ਜਲੰਧਰ(ਧਵਨ)— ਪੰਜਾਬ ਕਾਂਗਰਸ ਕਮੇਟੀ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਹੈ ਕਿ 3 ਸੂਬਿਆਂ ਮੱਧ ਪ੍ਰਦੇਸ਼, ਰਾਜਸਥਾਨ ਤੇ ਛੱਤੀਸਗੜ੍ਹ ਵਿਚ ਭਾਜਪਾ ਦੀ ਹਾਰ ਤੋਂ ਬਾਅਦ ਅਕਾਲੀ ਆਗੂ ਵੀ ਹੁਣ ਸੋਸ਼ਲ ਮੀਡੀਆ 'ਤੇ ਗਲਤ ਤਸਵੀਰਾਂ ਸ਼ੇਅਰ ਕਰ ਰਹੇ ਹਨ। ਜਾਖੜ ਨੇ ਬੁੱਧਵਾਰ ਨੂੰ ਦਿੱਲੀ ਦੇ ਅਕਾਲੀ ਆਗੂ ਮਨਜੀਤ ਸਿੰਘ ਜੀ. ਕੇ. ਦਾ ਜ਼ਿਕਰ ਕਰਦਿਆਂ ਕਿਹਾ ਕਿ ਚੋਣਾਂ ਵਿਚ ਭਾਜਪਾ ਦੀ ਹਾਰ ਨਾਲ ਅਕਾਲੀ ਦਲ ਵਿਚ ਵੀ ਭਾਰੀ ਨਿਰਾਸ਼ਾ ਦਾ ਮਾਹੌਲ ਦੇਖਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਜਦੋਂ ਕਾਂਗਰਸ ਸਰਕਾਰਾਂ ਦੇ ਸਹੁੰ ਚੁੱਕ ਸਮਾਰੋਹਾਂ ਵਿਚ ਗਏ ਤਾਂ ਉਨ੍ਹਾਂ ਦਾ (ਜਾਖੜ) ਨਾਂ ਲਿਖ ਕੇ ਇਕ ਅਕਾਲੀ ਆਗੂ ਨੇ ਸੋਸ਼ਲ ਮੀਡੀਆ 'ਤੇ ਇਕ ਤਸਵੀਰ ਸ਼ੇਅਰ ਕੀਤੀ, ਜਿਸ ਵਿਚ ਉਨ੍ਹਾਂ ਨੂੰ ਰਾਹੁਲ ਦੇ ਪੈਰੀਂ ਹੱਥ ਲਾਉਂਦਿਆਂ ਦਿਖਾਇਆ ਗਿਆ ਹੈ।

ਜਾਖੜ ਨੇ ਕਿਹਾ ਕਿ ਚੋਣ ਹਾਰਨ ਕਾਰਨ ਅਕਾਲੀ ਆਗੂ ਇੰਨੇ ਬੌਖਲਾ ਗਏ ਹਨ ਕਿ ਹੁਣ ਉਨ੍ਹਾਂ ਨੂੰ ਨੇਤਾਵਾਂ ਦੀ ਵੀ ਪਛਾਣ ਨਹੀਂ ਰਹੀ। ਉਨ੍ਹਾਂ ਕਿਹਾ ਕਿ ਬਾਅਦ ਵਿਚ ਇਸ ਅਕਾਲੀ ਆਗੂ ਨੇ ਖੁਦ ਹੀ ਸੋਸ਼ਲ ਮੀਡੀਆ 'ਤੇ ਆਪਣੀ ਤਰੁੱਟੀ ਜ਼ਾਹਰ ਕੀਤੀ ਅਤੇ ਕਿਹਾ ਕਿ ਉਸ ਨੇ ਗਲਤੀ ਨਾਲ ਜਾਖੜ ਦੀ ਤਸਵੀਰ ਸਮਝ ਕੇ ਸ਼ੇਅਰ ਕਰ ਦਿੱਤੀ ਸੀ। ਉਨ੍ਹਾਂ ਕਿਹਾ ਕਿ ਇਸ ਬੌਖਲਾਹਟ ਦਾ ਨਤੀਜਾ ਆਉਣ ਵਾਲੇ ਸਮੇਂ ਵਿਚ ਦੇਖਣ ਨੂੰ ਮਿਲੇਗਾ।

ਉਨ੍ਹਾਂ ਕਿਹਾ ਕਿ ਨੋਟਬੰਦੀ ਅਤੇ ਜੀ. ਐੱਸ. ਟੀ. ਕਾਰਨ ਦੇਸ਼ ਵਿਚ ਜੋ ਮਾਹੌਲ ਬਣ ਗਿਆ  ਹੈ, ਉਸ ਦਾ ਖਮਿਆਜ਼ਾ ਭਾਜਪਾ ਨੇ ਭੁਗਤਿਆ ਹੈ। ਅਜੇ ਲੋਕ ਸਭਾ ਦੀਆਂ 2019 ਵਿਚ ਹੋਣ ਵਾਲੀਆਂ ਆਮ ਚੋਣਾਂ ਵਿਚ ਵੀ ਭਾਜਪਾ ਨੂੰ ਹੋਰ ਖਮਿਆਜ਼ਾ ਭੁਗਤਣਾ ਪਵੇਗਾ। ਪੰਜਾਬ ਵਿਚ ਵੀ ਅਕਾਲੀ ਦਲ ਦਾ ਹਸ਼ਰ 2017 ਜਿਹਾ ਹੋਣ ਵਾਲਾ ਹੈ। ਅਕਾਲੀ ਦਲ ਨੂੰ ਛੱਡ ਕੇ ਜਾਣ ਵਾਲੇ ਬਜ਼ੁਰਗ ਆਗੂਆਂ ਨੇ ਟਕਸਾਲੀ ਅਕਾਲੀ ਦਲ ਬਣਾ ਲਿਆ ਹੈ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਆਮ ਆਦਮੀ ਪਾਰਟੀ ਵੀ ਦੋਫਾੜ ਹੋ ਗਈ ਹੈ।


author

cherry

Content Editor

Related News