ਭਾਜਪਾ ਦਾ ਚੋਣਾਵੀ ਬਿਗੁਲ, ਪੰਜਾਬ ’ਚ ਚੱਲੇਗੀ ‘ਨਵਾਂ ਪੰਜਾਬ-ਭਾਜਪਾ ਦੇ ਨਾਲ’ ਮੁਹਿੰਮ
Friday, Oct 29, 2021 - 10:25 AM (IST)
ਚੰਡੀਗੜ੍ਹ (ਰਮਨਜੀਤ) : ਪੰਜਾਬ ਦੇ ਚੋਣਾਵੀ ਰਣ ਵਿਚ ’ਚ ਪਹਿਲੀ ਵਾਰ ਸਾਰੀਆਂ 117 ਸੀਟਾਂ ’ਤੇ ਚੋਣ ਲੜਨ ਦੀਆਂ ਤਿਆਰੀਆਂ ’ਚ ਜੁਟੀ ਪੰਜਾਬ ਭਾਜਪਾ ਨੇ 2022 ਦੀਆਂ ਵਿਧਾਨਸਭਾ ਚੋਣਾਂ ਲਈ ਬਿਗੁਲ ਵਜਾ ਦਿੱਤਾ ਹੈ। ਕੇਂਦਰੀ ਮੰਤਰੀਆਂ ਦੀ ਹਾਜ਼ਰੀ ’ਚ ਪੰਜਾਬ ਭਾਜਪਾ ਲਈ ‘ਨਵਾਂ ਪੰਜਾਬ-ਭਾਜਪਾ ਦੇ ਨਾਲ’ ਮੁਹਿੰਮ ਦੀ ਸ਼ੂਰੁਆਤ ਕੀਤੀ ਗਈ ਹੈ। ਇਸ ਅਭਿਆਨ ਦੇ ਜ਼ਰੀਏ ਨਾ ਸਿਰਫ਼ ਪੰਜਾਬ ਦੇ ਮਾਫੀਆ ਰਾਜ ਨੂੰ ਟਾਰਗੇਟ ਕੀਤਾ ਜਾਵੇਗਾ, ਸਗੋਂ ਪਿਛਲੀਆਂ ਚੋਣਾਂ ’ਚ ਵੱਡੇ ਮੁੱਦੇ ਦੇ ਰੂਪ ’ਚ ਉਭਰ ਕੇ ਆਏ ਨਸ਼ੇ ਦੇ ਮਾਮਲੇ ’ਤੇ ਵੀ ਮੌਜੂਦਾ ਅਤੇ ਪਿਛਲੀਆਂ ਸਰਕਾਰਾਂ ਨੂੰ ਘੇਰਿਆ ਜਾਵੇਗਾ। ਹਾਲਾਂਕਿ ਕੈਪਟਨ ਅਮਰਿੰਦਰ ਸਿੰਘ ਵਲੋਂ ਐਲਾਨੀ ਜਾਣ ਵਾਲੀ ਪਾਰਟੀ ਦੇ ਨਾਲ ਗਠਜੋੜ ਦੀ ਸੁਗਬੁਗਾਹਟ ਚੱਲ ਰਹੀ ਹੈ ਪਰ ਫਿਲਹਾਲ ਭਾਜਪਾ ਦੇ ਨੇਤਾਵਾਂ ਨੇ ਇਸ ਮੁੱਦੇ ’ਤੇ ਕੁੱਝ ਵੀ ਬੋਲਣ ਤੋਂ ਕੰਨੀ ਕੱਟ ਲਈ ਹੈ।
ਪੰਜਾਬ ’ਚ ਆਪਣੇ ਚੋਣ ਅਭਿਆਨ ਦੀ ਸ਼ੂਰੁਆਤ ਕਰਨ ਮੌਕੇ ਕੈਪਟਨ ਅਮਰਿੰਦਰ ਸਿੰਘ ਨਾਲ ਸਬੰਧਤ ਮੀਡੀਆ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਕੇਂਦਰੀ ਮੰਤਰੀ ਗਜਿੰਦਰ ਸਿੰਘ ਸ਼ੇਖਾਵਤਸ਼ੇਖਾਵਤ ਨੇ ਕਿਹਾ ਕਿ ਭਾਜਪਾ ਦਾ ਕਿਸੇ ਦੇ ਨਾਲ ਗਠਜੋੜ ਹੋਵੇਗਾ ਜਾਂ ਨਹੀਂ, ਮੁੱਖ ਮੰਤਰੀ ਚਿਹਰਾ ਹੋਵੇਗਾ ਜਾਂ ਨਹੀਂ, ਅਜਿਹੇ ਸਾਰੇ ਸਵਾਲਾਂ ਦਾ ਜਵਾਬ ਸਮਾਂ ਆਉਣ ’ਤੇ ਖੁਦ ਮਿਲ ਜਾਵੇਗਾ ਕਿਉਂਕਿ ਇਹ ਪਾਰਟੀ ਦੀ ਅੰਦਰੂਨੀ ਰਣਨੀਤੀ ਦੀਆਂ ਗੱਲਾਂ ਹਨ ਅਤੇ ਸਮਾਂ ਆਉਣ ’ਤੇ ਹੀ ਇਨ੍ਹਾਂ ਤੋਂ ਪਰਦਾ ਚੁੱਕਿਆ ਜਾਵੇਗਾ। ਕੈਪਟਨ ਵਲੋਂ ਭਾਜਪਾ ਦੇ ਨਾਲ ਸੀਟ ਸ਼ੇਅਰਿੰਗ ਦੀ ਗੱਲ ਕਹੇ ਜਾਣ ਦੇ ਸਵਾਲ ’ਤੇ ਸ਼ੇਖਾਵਤ ਨੇ ਕਿਹਾ ਕਿ ਇਸ ਬਾਰੇ ਤਾਂ ਕੈਪਟਨ ਅਮਰਿੰਦਰ ਸਿੰਘ ਹੀ ਸਥਿਤੀ ਸਪੱਸ਼ਟ ਕਰ ਸਕਦੇ ਹਨ।ਖੇਤੀ ਅੰਦੋਲਨ ਦੇ ਛੇਤੀ ਖਤਮ ਹੋਣ ਸਬੰਧੀ ਚੱਲ ਰਹੀਆਂ ਚਰਚਾਵਾਂ ਸਬੰਧੀ ਪੁੱਛਣ ’ਤੇ ਸ਼ੇਖਾਵਤ ਨੇ ਕਿਹਾ ਕਿ ਉਨ੍ਹਾਂ ਨੂੰ ਸਿਰਫ ਇਹੀ ਜਾਣਕਾਰੀ ਹੈ ਕਿ ਸਰਕਾਰ ਨੇ ਕਿਸਾਨ ਸੰਗਠਨਾਂ ਨੂੰ ਗੱਲਬਾਤ ਲਈ ਖੁੱਲ੍ਹਾ ਸੱਦਾ ਦਿੱਤਾ ਹੋਇਆ ਹੈ, ਜਦੋਂ ਵੀ ਗੱਲ ਹੋਵੇਗੀ ਤਾਂ ਹੱਲ ਨਿਕਲੇਗਾ ਹੀ। ਕੋਈ ਨੇਤਾ ਜੇਕਰ ਕਿਸੇ ਪ੍ਰਕਾਰ ਦਾ ਕੋਈ ਦਾਅਵਾ ਕਰ ਰਿਹਾ ਹੈ ਤਾਂ ਉਸ ਬਾਰੇ ਬਿਹਤਰ ਉਹੀ ਦੱਸ ਸਕਦਾ ਹੈ।
ਪੰਜਾਬ ’ਚ ਭਾਜਪਾ ਦੇ ਚੋਣ ਇੰਚਾਰਜ ਸ਼ੇਖਾਵਤ ਨੇ ਕਿਹਾ ਕਿ ਵਿਧਾਨਸਭਾ ਚੋਣਾਂ ਲਈ ਭਾਜਪਾ ਪੂਰੀ ਤਰ੍ਹਾਂ ਤਿਆਰ ਹੈ ਅਤੇ ‘ਨਵਾਂ ਪੰਜਾਬ-ਭਾਜਪਾ ਦੇ ਨਾਲ’ ਦੇ ਨਾਅਰੇ ਦੇ ਨਾਲ ਪਾਰਟੀ ਦੇ ਵਰਕਰ ਜਨਤਾ ਤੱਕ ਪਹੁੰਚਣਗੇ। ਭਾਜਪਾ ਮਾਫੀਆ ਰਾਜ ਅਤੇ ਭ੍ਰਿਸ਼ਟਾਚਾਰ ਤੋਂ ਮੁਕਤ ਖੁਸ਼ਹਾਲ ਪੰਜਾਬ ਬਣਾਉਣ ਦੇ ਸੰਕਲਪ ਨਾਲ ਚੋਣਾਂ ’ਚ ਉਤਰੇਗੀ ਅਤੇ ਪੰਜਾਬ ਦੇ ਹਰ ਵਰਗ ਨੂੰ ਉਸ ਦੀ ਆਬਾਦੀ ਦੇ ਅਨਪਾਤ ’ਚ ਰਾਜਨੀਤਕ ਹਿੱਸੇਦਾਰੀ ਦਿੱਤੀ ਜਾਵੇਗੀ। ਇਸ ਮੌਕੇ ਉਨ੍ਹਾਂ ਦੇ ਨਾਲ ਕੇਂਦਰੀ ਮੰਤਰੀ ਹਰਦੀਪ ਪੁਰੀ, ਭਾਜਪਾ ਨੇਤਾ ਤਰੁਣ ਚੁਘ, ਦੁਸ਼ਯੰਤ ਗੌਤਮ, ਵਿਨੋਦ ਚਾਵੜਾ, ਡਾ. ਨਰਿੰਦਰ ਸਿੰਘ, ਦਿਨੇਸ਼ ਕੁਮਾਰ, ਜੀਵਨ ਗੁਪਤਾ, ਡਾ. ਸੁਭਾਸ਼ ਸ਼ਰਮਾ, ਰਾਜੇਸ਼ ਬਾਗਾ, ਦਿਆਲ ਸਿੰਘ ਸੋਢੀ ਆਦਿ ਮੌਜੂਦ ਸਨ।
ਇਕ ਸਵਾਲ ਦੇ ਜਵਾਬ ’ਚ ਸ਼ੇਖਾਵਤ ਨੇ ਕਿਹਾ ਕਿ ਪੰਜਾਬ ਦੀ ਜਨਤਾ ਕਾਂਗਰਸ, ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਤੋਂ ਨਿਰਾਸ਼ ਹੈ ਅਤੇ ਉਮੀਦ ਨਾਲ ਭਾਜਪਾ ਵੱਲ ਵੇਖ ਰਹੀ ਹੈ। ਭਾਰਤੀ ਜਨਤਾ ਪਾਰਟੀ ਪੰਜਾਬ ’ਚ ਸਾਰੀਆਂ 117 ਸੀਟਾਂ ’ਤੇ ਚੋਣ ਲਈ ਤਿਆਰ ਹੈ। ਪਾਰਟੀ ਨੇ ਸਾਰੀਆਂ ਸੀਟਾਂ ’ਤੇ ਆਪਣੇ ਪ੍ਰਮੁੱਖ ਨੇਤਾਵਾਂ ਨੂੰ ਇੰਚਾਰਜ ਲਗਾਇਆ ਹੈ। ਹਰ ਸੀਟ ’ਤੇ ਬੂਥ ਲੈਵਲ ’ਤੇ ਸੰਗਠਨ ਨੂੰ ਹੋਰ ਮਜਬੂਤ ਕਰਨ ਦਾ ਕੰਮ ਚੱਲ ਰਿਹਾ ਹੈ। ਪਾਰਟੀ ਨੂੰ ਸਾਰੇ ਵਰਗਾਂ ਦਾ ਸਮਰਥਨ ਮਿਲ ਰਿਹਾ ਹੈ। ਪਿਛਲੇ 6 ਮਹੀਨਿਆਂ ’ਚ 5 ਹਜ਼ਾਰ ਤੋਂ ਜ਼ਿਆਦਾ ਸਮਾਜਿਕ ਅਤੇ ਰਾਜਨੀਤਕ ਵਰਕਰ ਪਾਰਟੀ ’ਚ ਸ਼ਾਮਲ ਹੋਏ ਹਨ, ਜੋ ਦਰਸਾਉਂਦਾ ਹੈ ਕਿ ਪਾਰਟੀ ਦੀ ਲੋਕਪ੍ਰਿਯਤਾ ਤੇਜ਼ੀ ਨਾਲ ਵਧ ਰਹੀ ਹੈ।
ਸ਼ੇਖਾਵਤ ਨੇ ਕਿਹਾ ਕਿ ਕੇਂਦਰ ਸਰਕਾਰ ਅਤੇ ਭਾਜਪਾ ਖੇਤੀਬਾੜੀ ਕਾਨੂੰਨਾਂ ਦੇ ਮੁੱਦੇ ਪ੍ਰਤੀ ਪੂਰੀ ਤਰ੍ਹਾਂ ਸੰਵੇਦਨਸ਼ੀਲ ਹਨ ਅਤੇ ਗੰਭੀਰਤਾ ਨਾਲ ਇਸ ਮੁੱਦੇ ਦੇ ਹੱਲ ਲਈ ਕੋਸ਼ਿਸ਼ ਕਰ ਰਹੀ ਹੈ। ਬੀ.ਐੱਸ.ਐੱਫ਼. ਦੇ ਮੁੱਦੇ ’ਤੇ ਪੰਜਾਬ ’ਚ ਕਾਂਗਰਸ ਸਰਕਾਰ ਅਤੇ ਹੋਰ ਵਿਰੋਧੀ ਦਲਾਂ ਵਲੋਂ ਇਸ ਮੁੱਦੇ ’ਤੇ ਕੀਤੀ ਜਾ ਰਹੀ ਰਾਜਨੀਤੀ ਨੂੰ ਨਿੰਦਣਯੋਗ ਕਰਾਰ ਦਿੰਦਿਆਂ ਸ਼ੇਖਾਵਤ ਨੇ ਕਿਹਾ ਕਿ ਇਹ ਰਾਸ਼ਟਰੀ ਸੁਰੱਖਿਆ ਦਾ ਮਾਮਲਾ ਹੈ ਅਤੇ ਇਸ ’ਤੇ ਘਟੀਆ ਰਾਜਨੀਤੀ ਨਹੀਂ ਹੋਣੀ ਚਾਹੀਦੀ।ਪੰਜਾਬ ਕਾਂਗਰਸ ’ਚ ਅੰਦਰੂਨੀ ਕਲੇਸ਼ ਉਜਾਗਰ ਹੋਣ ’ਤੇ ਸ਼ੇਖਾਵਤ ਨੇ ਕਿਹਾ ਕਿ ਪੰਜਾਬ ਸਰਕਾਰ ਹਰ ਫਰੰਟ ’ਤੇ ਅਸਫ਼ਲ ਸਾਬਿਤ ਹੋਈ ਹੈ, ਇਸ ਲਈ ਪੰਜਾਬ ਦੇ ਅਸਲ ਮੁੱਦਿਆਂ ਜਿਵੇਂ ਡਰੱਗਸ, ਮਾਫੀਆ ਰਾਜ, ਬੇਅਦਬੀ, ਭ੍ਰਿਸ਼ਟਾਚਾਰ, ਉਦਯੋਗਾਂ ਦਾ ਪਲਾਇਨ, ਕਾਨੂੰਨ ਵਿਵਸਥਾ ਦੀ ਵਿਗੜਦੀ ਸਥਿਤੀ, ਵਧਦੀ ਬੇਰੁਜ਼ਗਾਰੀ, ਖਸਤਾ ਹੁੰਦੀ ਮਾਲੀ ਹਾਲਤ ਆਦਿ ਤੋਂ ਲੋਕਾਂ ਦਾ ਧਿਆਨ ਹਟਾਉਣ ਲਈ ਖੇਤੀਬਾੜੀ ਕਾਨੂੰਨਾਂ ਅਤੇ ਬੀ.ਐੱਸ.ਐੱਫ਼. ਵਰਗੇ ਮੁੱਦਿਆਂ ’ਤੇ ਭਰਮ ਫੈਲਾਉਣ ਦਾ ਕੰਮ ਕਰ ਰਹੀ ਹੈ। ਆਗਾਮੀ 8 ਨਵੰਬਰ ਨੂੰ ਸਰਕਾਰ ਵਲੋਂ ਬੁਲਾਇਆ ਗਿਆ ਪੰਜਾਬ ਵਿਧਾਨਸਭਾ ਦਾ ਸੈਸ਼ਨ ਅਜਿਹਾ ਹੀ ਯਤਨ ਹੈ।