ਭਾਜਪਾ ਹੁਣ ਅਕਾਲੀ ਦਲ ਨਾਲ ਚੱਲਣ ਲਈ ਕਿਉਂ ਨਹੀਂ ਤਿਆਰ, ਜਾਖੜ ਨੇ ਦੱਸਿਆ ਕਾਰਣ

01/21/2020 8:11:03 PM

ਜਲੰਧਰ,(ਧਵਨ)-ਭਾਜਪਾ ਨੇ ਦਿੱਲੀ ਵਿਧਾਨ ਸਭਾ ਚੋਣਾਂ 'ਚ ਅਕਾਲੀ ਦਲ ਨੂੰ ਇਕ ਵੀ ਸੀਟ ਨਾ ਦੇ ਕੇ ਬੁਰੀ ਤਰ੍ਹਾਂ ਦੁਰਕਾਰ ਦਿੱਤਾ ਹੈ। ਇਸ ਤੋਂ ਪਹਿਲਾਂ ਹਰਿਆਣਾ ਚੋਣਾਂ 'ਚ ਵੀ ਭਾਜਪਾ ਨੇ ਅਕਾਲੀ ਦਲ ਨੂੰ ਇਸ ਤਰ੍ਹਾਂ ਹੀ ਦੁਰਕਾਰ ਦਿੱਤਾ ਸੀ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਕੀਤਾ। ਉਨ੍ਹਾਂ ਕਿਹਾ ਕਿ ਦਿੱਲੀ ਵਿਧਾਨ ਸਭਾ ਚੋਣਾਂ ਬਾਰੇ ਵਾਪਰੀਆਂ ਘਟਨਾਵਾਂ ਦਾ ਸਿਲਸਿਲਾ ਗੰਭੀਰਤਾ ਨਾਲ ਲਿਆ ਜਾਣਾ ਚਾਹੀਦਾ ਹੈ ਕਿਉਂਕਿ ਇਸ ਨਾਲ ਆਉਣ ਵਾਲੇ ਸਮੇਂ 'ਚ ਪੰਜਾਬ ਦੀ ਰਾਜਨੀਤੀ ਨੇ ਪ੍ਰਭਾਵਿਤ ਹੋਣਾ ਹੈ।

ਉਨ੍ਹਾਂ ਕਿਹਾ ਕਿ ਅਸਲ 'ਚ ਭਾਜਪਾ ਦੀ ਕੇਂਦਰੀ ਲੀਡਰਸ਼ਿਪ ਨੇ ਇਹ ਫ਼ੈਸਲਾ ਲੈ ਲਿਆ ਹੈ ਕਿ ਉਹ ਨਸ਼ਿਆਂ, ਭ੍ਰਿਸ਼ਟਾਚਾਰ ਤੇ ਬੇਅਦਬੀ ਕਾਂਡਾਂ 'ਚ ਫਸੇ ਅਕਾਲੀ ਦਲ ਦੀ ਮੌਜੂਦਾ ਲੀਡਰਸ਼ਿਪ ਦੇ ਨਾਲ ਚੱਲਣ ਲਈ ਤਿਆਰ ਨਹੀਂ ਹੈ। ਬੇਅਦਬੀ ਦੇ ਦਾਗ਼ ਅਜੇ ਵੀ ਅਕਾਲੀ ਦਲ ਦੇ ਕੱਪੜਿਆਂ 'ਤੇ ਲੱਗੇ ਹੋਏ ਹਨ। ਜਾਖੜ ਨੇ ਕਿਹਾ ਕਿ ਕੁਝ ਸਮਾਂ ਪਹਿਲਾਂ ਜਦੋਂ ਕੇਂਦਰ ਸਰਕਾਰ ਨੇ ਅਕਾਲੀ ਆਗੂ ਸੁਖਦੇਵ ਸਿੰਘ ਢੀਂਡਸਾ ਨੂੰ ਪਦਮ ਭੂਸ਼ਣ ਦਿੱਤਾ ਸੀ ਤਾਂ ਉਸ ਸਮੇਂ ਅਕਾਲੀ ਦਲ ਦੀ ਲੀਡਰਸ਼ਿਪ ਅਤੇ ਬਾਦਲਾਂ ਨੇ ਇਸ ਦਾ ਸਵਾਗਤ ਨਹੀਂ ਕੀਤਾ ਸੀ। ਉਦੋਂ ਤੋਂ ਹੀ ਇਹ ਸਪੱਸ਼ਟ ਹੋ ਗਿਆ ਸੀ ਕਿ ਭਾਜਪਾ ਦੀ ਲੀਡਰਸ਼ਿਪ ਇਕ ਸਮਾਨਾਂਤਰ ਅਕਾਲੀ ਧੜੇ ਨੂੰ ਸਮਰਥਨ ਦੇ ਰਿਹਾ ਹੈ ਕਿਉਂਕਿ ਭਾਜਪਾ ਦੀ ਕੌਮੀ ਲੀਡਰਸ਼ਿਪ ਨੂੰ ਅਕਾਲੀ ਦਲ ਦੀ ਮੌਜੂਦਾ ਲੀਡਰਸ਼ਿਪ ਮਨਜ਼ੂਰ ਨਹੀਂ ਹੈ। ਭਾਜਪਾ ਵੀ ਹੁਣ ਅਕਾਲੀ ਦਲ ਨੂੰ ਬੋਝ ਸਮਝ ਕੇ ਚੱਲ ਰਹੀ ਹੈ।

ਸੂਬਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਸੁਖਦੇਵ ਸਿੰਘ ਢੀਂਡਸਾ ਵਰਗੇ ਸੂਝਵਾਨ ਨੇਤਾ ਨੇ ਅੱਡ ਰਾਹ ਚੁਣਿਆ ਹੈ। ਢੀਂਡਸਾ ਨੇ ਨਾ ਸਿਰਫ਼ ਆਪਣੇ-ਆਪ ਨੂੰ ਸਗੋਂ ਆਪਣੇ ਬੇਟੇ ਨੂੰ ਵੀ ਅਕਾਲੀ ਦਲ ਤੋਂ ਵੱਖ ਕਰ ਲਿਆ ਹੈ ਕਿਉਂਕਿ ਉਨ੍ਹਾਂ ਨੂੰ ਪਤਾ ਹੈ ਕਿ ਅਕਾਲੀ ਦਲ 'ਤੇ ਲੱਗੇ ਦਾਗ਼ ਹੁਣ ਧੋਤੇ ਜਾਣ ਵਾਲੇ ਨਹੀਂ ਹਨ। ਹੁਣ ਅਕਾਲੀ ਦਲ ਲੀਡਰਸ਼ਿਪ ਦੀ ਮੌਜੂ ਦੇ ਦਿਨ ਗਿਣਤੀ ਦੇ ਰਹਿ ਗਏ ਹਨ ਅਤੇ ਅਕਾਲੀ ਲੀਡਰਸ਼ਿਪ ਨੂੰ ਕੰਧਾਂ 'ਤੇ ਲਿਖਿਆ ਸੁਨੇਹਾ ਪੜ੍ਹ ਲੈਣਾ ਚਾਹੀਦਾ ਹੈ। ਸੂਬਾ ਪ੍ਰਧਾਨ ਅਨੁਸਾਰ ਉਨ੍ਹਾਂ ਨੂੰ ਜਾਪਦਾ ਹੈ ਕਿ ਅਕਾਲੀ ਦਲ ਦੀ ਲੀਡਰਸ਼ਿਪ 'ਚ ਛੇਤੀ ਹੀ ਤਬਦੀਲੀ ਦੇਖਣ ਨੂੰ ਮਿਲ ਸਕਦੀ ਹੈ। ਇਸ 'ਚ ਭਾਜਪਾ ਦੀ ਅਹਿਮ ਭੂਮਿਕਾ ਹੋ ਸਕਦੀ ਹੈ ਪਰ ਕਿਉਂਕਿ ਇਹ ਅਕਾਲੀ ਦਲ ਦਾ ਅੰਦਰੂਨੀ ਮਾਮਲਾ ਹੈ, ਇਸ ਲਈ ਇਸ ਵਿਸ਼ੇ ਬਾਰੇ ਕਾਂਗਰਸ ਜ਼ਿਆਦਾ ਟਿੱਪਣੀ ਨਹੀਂ ਕਰੇਗੀ।


Related News