ਦੁੱੱਖ ਦੀ ਘੜੀ 'ਚੋਂ ਲੰਘ ਰਿਹੈ ਪੰਜਾਬ : ਮਜੀਠੀਆ

04/03/2018 7:12:59 AM

ਚੌਕ ਮਹਿਤਾ(ਪਾਲ)-ਆਪਣੇ ਪਰਿਵਾਰ ਲਈ ਰੋਜ਼ੀ-ਰੋਟੀ ਕਮਾਉਣ ਇਰਾਕ ਗਏ ਨੌਜਵਾਨ ਮਨਜਿੰਦਰ ਸਿੰਘ ਦੇ ਆਈ.ਐੱਸ.ਆਈ. ਹੱਥੋਂ ਮਾਰੇ ਜਾਣ ਤੋਂ ਬਾਅਦ ਉਸ ਦੀਆਂ ਬਕਸੇ 'ਚ ਬੰਦ ਅਸਥੀਆਂ ਦਾ ਅੱਜ ਸ਼ਾਮ ਪਿੰਡ ਭੋਏਵਾਲ ਦੇ ਸ਼ਮਸ਼ਾਨਘਾਟ 'ਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਨੌਜਵਾਨ ਮ੍ਰਿਤਕ ਮਨਜਿੰਦਰ ਸਿੰਘ ਦਾ ਤਾਬੂਤ ਸਭ ਤੋਂ ਪਹਿਲਾਂ ਘਰ ਲਿਆਂਦਾ ਗਿਆ, ਜਿਥੇ ਕੁਝ ਹੀ ਪਲ ਘਰ 'ਚ ਰੱਖਣ ਉਪਰੰਤ ਪਰਿਵਾਰਕ ਮੈਂਬਰਾਂ ਵੱਲੋਂ ਤਾਬੂਤ ਨੂੰ ਸ਼ਮਸ਼ਾਨਘਾਟ ਤੱਕ ਲਿਜਾਇਆ ਗਿਆ ਤੇ ਅੰਤਿਮ ਸੰਸਕਾਰ ਕੀਤਾ ਗਿਆ। ਇਸ ਮੌਕੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਦੁੱਖ 'ਚ ਸ਼ਾਮਿਲ ਹੁੰਦਿਆਂ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ। ਉਨ੍ਹਾਂ ਕਿਹਾ ਕਿ ਪੁੱਤਰਾਂ ਨੂੰ ਉਡੀਕਦੇ ਮਾਪਿਆਂ ਨੂੰ ਕੀ ਪਤਾ ਸੀ ਕਿ ਉਨ੍ਹਾਂ ਦੇ ਬੱਚੇ ਤਾਬੂਤਾਂ ਵਿਚ ਬੰਦ ਹੋ ਕੇ ਆਉਣਗੇ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਦੁੱਖ ਦੀ ਘੜੀ ਵਿਚੋਂ ਲੰਘ ਰਿਹਾ ਹੈ ਅਤੇ ਮਾਵਾਂ ਵਿਰਲਾਪ ਕਰ ਰਹੀਆਂ ਹਨ। ਸ਼੍ਰੀ ਮਜੀਠੀਆ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਪੀੜਤ ਪਰਿਵਾਰਾਂ ਦੇ ਮੁੜ-ਵਸੇਬੇ ਲਈ ਠੋਸ ਕਦਮ ਚੁੱਕਣੇ ਚਾਹੀਦੇ ਹਨ। ਪਿਤਾ ਹਰਦੀਪ ਸਿੰਘ ਵੱਲੋਂ ਆਪਣੇ ਇਕਲੌਤੇ ਪੁੱਤਰ ਮਨਜਿੰਦਰ ਸਿੰਘ ਦੀ ਚਿਖਾ ਨੂੰ ਅਗਨੀ ਦਿਖਾਈ ਗਈ। ਮ੍ਰਿਤਕ ਦੀ ਭੈਣ ਗੁਰਭਿੰਦਰ ਕੌਰ ਨੇ ਆਪਣੇ ਦੁੱਖ ਭਰੇ ਮਨ ਨਾਲ  ਕਿਹਾ ਕਿ ਉਸ ਦਾ ਭਰਾ ਮਨਜਿੰਦਰ ਪਿੰਡ ਆਉਣ ਲਈ ਤਰਲੇ ਮਾਰਦਾ ਰਹਿੰਦਾ ਸੀ ਪਰ ਇਸ ਅਣਹੋਣੀ ਦਾ ਕਿਸੇ ਨੂੰ ਪਤਾ ਨਹੀਂ ਸੀ । ਇਸ ਸਮੇਂ ਏ. ਡੀ. ਸੀ. ਸੁਭਾਸ਼ ਚੰਦਰ, ਤਹਿਸੀਲਦਾਰ ਗੁਰਵਿੰਦਰ ਸਿੰਘ ਜੰਮੂ, ਡੀ.ਐੱਸ.ਪੀ. ਬਾਬਾ ਬਕਾਲਾ ਲਖਵਿੰਦਰ ਸਿੰਘ ਮੱਲ ਸਮੇਤ ਵੱਡੀ ਗਿਣਤੀ 'ਚ ਸਿਆਸੀ ਤੇ ਸਰਕਾਰੀ ਅਧਿਕਾਰੀਆਂ ਤੋਂ ਇਲਾਵਾ ਵੱਡੀ ਗਿਣਤੀ 'ਚ ਲੋਕ ਹਾਜ਼ਰ ਸਨ।


Related News