ਗੁਰਦੁਆਰਾ ਘੱਲੂਘਾਰਾ ''ਚ ਮਜੀਠੀਆ ਦੀ ਸ਼ਹਿ ''ਤੇ ਅਕਾਲੀ ਨੁਮਾਇੰਦੇ ਮਾਹੌਲ ਖਰਾਬ ਕਰਨ ''ਤੇ ਤੁਰੇ : ਬਾਜਵਾ

08/22/2017 7:02:42 PM

ਗੁਰਦਾਸਪੁਰ (ਦੀਪਕ) : ਗੁਰਦੁਆਰਾ ਘੱਲੂਘਾਰਾ ਸਾਹਿਬ 'ਚ ਹੋਈ ਘਟਨਾ ਨੂੰ ਬਿਕਰਮ ਸਿੰਘ ਮਜੀਠੀਆ ਅਤੇ ਅਕਾਲੀ ਦਲ ਦੇ ਨੁਮਾਇੰਦੇ ਸਿਆਸੀ ਰੰਗ ਦੇਣ 'ਤੇ ਤੁਰੇ ਹੋਏ ਹਨ ਅਤੇ ਪੰਜਾਬ ਦਾ ਮਾਹੌਲ ਖਰਾਬ ਕਰ ਰਹੇ ਹਨ। ਜਾਣਬੁੱਝ ਕੇ ਮਜੀਠੀਆ ਇਸ ਮੁੱਦੇ ਨੂੰ ਉਛਾਲ ਰਿਹਾ ਹੈ ਜਦਕਿ ਪੰਜਾਬ ਸਰਕਾਰ ਅਤੇ ਜ਼ਿਲਾ ਪ੍ਰਸ਼ਾਸਨ ਨੇ ਇਸ ਘਟਨਾ ਤੇ ਸ਼ਲਾਘਯੋਗ ਕੰਮ ਕੀਤਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਗੁਰਦਾਸਪੁਰ 'ਚ ਐਡਵੋਕੇਟ ਸੁਧੀਰ ਵਾਲੀਆ ਦੇ ਗ੍ਰਹਿ ਵਿਖੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਘੱਲੂਘਾਰਾ ਗੁਰਦੁਆਰਾ ਦੇ ਮੁੱਦੇ ਨੂੰ ਲੈ ਕੇ ਇਕ ਪ੍ਰੈੱਸ ਕਾਨਫਰੰਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਇਸ ਮੌਕੇ ਇਨ੍ਹਾਂ ਨਾਲ ਫਤਿਹਜੰਗ ਸਿੰਘ ਬਾਜਵਾ ਵਿਧਾਇਕ ਕਾਦੀਆਂ, ਬਲਵਿੰਦਰ ਸਿੰਘ ਲਾਡੀ ਵਿਧਾਇਕ ਸ਼੍ਰ੍ਰੀ ਹਰਗੋਬਿੰਦਪੁਰ, ਜੋਗਿੰਦਰ ਪਾਲ ਵਿਧਾਇਕ ਭੋਆ ਅਤੇ ਕਈ ਹੋਰ ਕਾਂਗਰਸ ਪਾਰਟੀ ਦੇ ਅਹੁਦੇਦਾਰ ਆਦਿ ਹਾਜ਼ਰ ਸਨ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਤਾਪ ਸਿੰਘ ਬਾਜਵਾ ਨੇ ਸਭ ਤੋਂ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਪੁਰਬ 'ਤੇ ਵਧਾਈ ਦਿੱਤੀ । ਜਿਸ ਤੋਂ ਬਾਅਦ ਉਨ੍ਹਾਂ ਗੁਰਦੁਆਰਾ ਘੱਲੂਘਾਰਾ ਦੇ ਮੁੱਦੇ ਨੂੰ ਲੈ ਕੇ ਬਿਕਰਮ ਸਿੰਘ ਮਜੀਠੀਆ ਵੱਲੋਂ ਲਗਾਏ ਗਏ ਦੋਸ਼ਾਂ ਨੂੰ ਨਕਾਰਿਆ ਅਤੇ ਕਿਹਾ ਕਿ ਜੋ ਘੱਲੂਘਾਰਾ ਗੁਰਦੁਆਰਾ ਵਿਚ ਮਾੜੀ ਘਟਨਾ ਵਾਪਰੀ ਹੈ, ਇਸਦੀ ਸਮੂਹ ਕਾਂਗਰਸ ਲੀਡਰਸ਼ਿਪ ਅਤੇ ਬਾਜਵਾ ਪਰਿਵਾਰ ਸਖ਼ਤ ਸ਼ਬਦਾਂ ਵਿਚ ਨਿਖੇਧੀ ਕਰਦਾ ਹੈ। ਉਨ੍ਹਾਂ ਕਿਹਾ ਕਿ ਜਿਸ ਜਗ੍ਹਾ 'ਤੇ ਸਿੰਘਾਂ ਅਤੇ ਉਨ੍ਹਾਂ ਦੇ 25 ਹਜ਼ਾਰ ਤੋਂ ਵੱਧ ਪਰਿਵਾਰਾਂ ਨੇ ਦਸਤਾਰ ਦੀ ਖਾਤਿਰ ਆਪਣੀਆਂ ਸ਼ਹੀਦੀਆਂ ਦਿੱਤੀਆਂ ਹਨ, ਉਸ ਜਗ੍ਹਾ 'ਤੇ ਅੱਜ ਬਿਕਰਮ ਸਿੰਘ ਮਜੀਠੀਆ ਦੀ ਸ਼ਹਿ 'ਤੇ ਅਕਾਲੀ ਪਾਰਟੀ ਦੇ ਨੁਮਾਇੰਦੇ ਇਸ ਘਟਨਾ ਨੂੰ ਰਾਜਨੀਤਿਕ ਰੰਜਿਸ਼ ਦੇ ਕੇ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਜਿਸ ਨੂੰ ਕਾਂਗਰਸ ਸਰਕਾਰ ਕਦੇ ਵੀ ਕਾਮਯਾਬ ਨਹੀਂ ਹੋਣ ਦੇਵੇਗੀ। ਉਨ੍ਹਾਂ ਕਿਹਾ ਕਿ ਬੀਤੇ 2-3 ਦਿਨਾਂ ਅੰਦਰ ਜਿਹੜੀਆਂ ਵੀ ਗੁਰਦੁਆਰਾ ਸਾਹਿਬ 'ਚ ਘਟਨਾ ਵਾਪਰੀਆਂ ਹਨ, ਇਸ ਸਾਰੀਆਂ ਘਟਨਾਂ ਪ੍ਰੋਗਰਾਮਾਂ ਨੂੰ ਉਲੀਕ ਕੇ ਸਾਜ਼ਿਸ਼ ਤਹਿਤ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਬੀਤੀ ਦਿਨੀਂ ਅਕਾਲੀ ਨੇਤਾਵਾਂ ਵੱਲੋਂ ਪੁਲਸ ਨਾਲ ਧੱਕਾਮੁੱਕੀ ਕੀਤੀ ਗਈ ਅਤੇ ਗੁਰਦੁਆਰਾ ਸਾਹਿਬ ਤੇ ਕਬਜ਼ਾ ਕਰਨ ਦੀ ਨੀਅਤ ਨਾਲ ਦਾਖਲ ਹੋਣ ਕਾਰਨ ਕਰੀਬ 350 ਵਿਅਕਤੀਆਂ ਦੇ ਦੋ ਥਾਣਿਆਂ ਵਿਚ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਜਿਨ੍ਹਾਂ ਅਕਾਲੀ ਨੇਤਾਵਾਂ ਅਤੇ 'ਆਪ' ਨੇਤਾਵਾਂ ਸਮੇਤ ਕਈ ਲੋਕਾਂ 'ਤੇ ਪੁਲਸ ਵੱਲੋਂ ਮਾਮਲਾ ਦਰਜ ਕੀਤਾ ਗਿਆ ਹੈ, ਉਨ੍ਹਾਂ ਨੂੰ ਪੁਲਸ ਜਲਦ ਗ੍ਰਿਫਤਾਰ ਕਰੇ ਤਾਂ ਜੋ ਪੰਜਾਬ ਦਾ ਮਾਹੌਲ ਖਰਾਬ ਨਾ ਹੋ ਸਕੇ।


Related News