ਚੰਡੀਗੜ੍ਹ ''ਚ ਵੀ ਬਾਈਕ ਟੈਕਸੀ ਸਰਵਿਸ ਨੂੰ ਮਿਲ ਸਕਦੀ ਹੈ ਮਨਜ਼ੂਰੀ

09/22/2017 9:46:11 AM

ਚੰਡੀਗੜ੍ਹ (ਵਿਜੇ) : ਚੰਡੀਗੜ੍ਹ 'ਚ ਵੀ ਬਾਈਕ ਟੈਕਸੀ ਸਰਵਿਸ ਸ਼ੁਰੂ ਹੋ ਸਕਦੀ ਹੈ। ਇਸ ਲਈ ਚੰਡੀਗੜ੍ਹ ਪ੍ਰਸ਼ਾਸਕ ਦੇ ਸਲਾਹਕਾਰ ਨਾਲ ਵੀਰਵਾਰ ਨੂੰ ਯੂ. ਟੀ. ਦੇ ਟ੍ਰਾਂਸਪੋਰਟ ਵਿਭਾਗ ਦੀ ਇਕ ਮੀਟਿੰਗ ਹੋਈ, ਜਿਸ 'ਚ ਬਾਈਕ ਟੈਕਸੀ ਸਰਵਿਸ ਦੇ ਭਵਿੱਖ ਨੂੰ ਲੈ ਕੇ ਕਾਫੀ ਦੇਰ ਤਕ ਚਰਚਾ ਕੀਤੀ ਗਈ। ਮੀਟਿੰਗ ਦੌਰਾਨ ਕੁਝ ਅਜਿਹੇ ਮੁੱਦੇ ਸਾਹਮਣੇ ਆਏ ਜਿਸ 'ਤੇ ਛੇਤੀ ਹੀ ਲੋਕਾਂ ਦੀ ਸਲਾਹ ਮੰਗੀ ਜਾਵੇਗੀ। ਹਾਲਾਂਕਿ ਇਸ ਮੀਟਿੰਗ ਤੋਂ ਇਹ ਵੀ ਸਪੱਸ਼ਟ ਹੋ ਗਿਆ ਹੈ ਕਿ ਜੇ ਇਹ ਮੁੱਦੇ ਹੱਲ ਹੋ ਜਾਣ ਤਾਂ ਪ੍ਰਸ਼ਾਸਨ ਸ਼ਹਿਰ 'ਚ ਬਾਈਕ ਟੈਕਸੀ ਸਰਵਿਸ ਨੂੰ ਹਰੀ ਝੰਡੀ ਦੇ ਦੇਵੇਗਾ। ਦਰਅਸਲ ਮੀਟਿੰਗ 'ਚ ਅਧਿਕਾਰੀਆਂ ਸਾਹਮਣੇ ਹਾਈਜੀਨ ਨਾਲ ਜੁੜੀ ਸਮੱਸਿਆ ਸਾਹਮਣੇ ਆਈ। ਜੋ ਵੀ ਬਾਈਕ ਟੈਕਸੀ ਬੁੱਕ ਕਰਵਾਏਗਾ ਕੀ ਉਹ ਹੈਲਮੇਟ ਪਾਵੇਗਾ? ਹੈਲਮੇਟ ਬਾਈਕ ਚਾਲਕ ਆਪਣੇ ਨਾਲ ਹੀ ਲੈ ਕੇ ਆਵੇਗਾ। ਉਹ ਹੈਲਮੇਟ ਇਕ ਦਿਨ 'ਚ ਇਕ ਤੋਂ ਜ਼ਿਆਦਾ ਵਾਰ ਵਰਤਿਆ ਜਾ ਚੁੱਕਾ ਹੋਵੇਗਾ। ਇਸ ਤਰ੍ਹਾਂ ਕੀ ਬਾਈਕ ਦੇ ਪਿੱਛੇ ਬੈਠਣ ਵਾਲਾ ਯਾਤਰੀ ਦੂਜੇ ਵਿਅਕਤੀ ਦਾ ਪਾਇਆ ਹੋਇਆ ਹੈਲਮੇਟ ਪਾਵੇਗਾ? ਇਹੀ ਕਾਰਨ ਹੈ ਕਿ ਵੀਰਵਾਰ ਨੂੰ ਹੋਈ ਇਸ ਮੀਟਿੰਗ 'ਚ ਕੋਈ ਫੈਸਲਾ ਨਹੀਂ ਲਿਆ ਜਾ ਸਕਿਆ।
ਸਪੀਡ ਗਵਰਨਰ ਲਾਉਣ ਦੀ ਤਿਆਰੀ
ਬਾਈਕ ਟੈਕਸੀ 'ਚ ਸਪੀਡ ਗਵਰਨਰ ਲਾਉਣ 'ਤੇ ਵੀ ਪ੍ਰਸ਼ਾਸਨ ਵਿਚਾਰ ਕਰ ਰਿਹਾ ਹੈ। ਇਸ ਲਈ ਫਿਰ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਇਕ ਮੀਟਿੰਗ ਹੋਵੇਗੀ, ਜਿਸ 'ਚ ਇਸ ਗੱਲ ਦਾ ਹੱਲ ਕੱਢਿਆ ਜਾਵੇਗਾ ਕਿ ਕੀ ਬਾਈਕ 'ਚ ਸਪੀਡ ਗਵਰਨਰ ਲਾਏ ਜਾ ਸਕਦੇ ਹਨ ਜਾਂ ਨਹੀਂ? ਇਸ ਲਈ ਪ੍ਰਸ਼ਾਸਨ ਛੇਤੀ ਹੀ ਸ਼ਹਿਰ ਦੇ ਨੌਜਵਾਨ ਵਰਗ ਦੀ ਵੀ ਸਲਾਹ ਲਵੇਗਾ। 
ਯੂ. ਟੀ. ਦੇ ਸੈਕਟਰੀ ਟ੍ਰਾਂਸਪੋਰਟ ਕੇ. ਕੇ. ਜਿੰਦਲ ਨੇ ਦੱਸਿਆ ਕਿ ਬਾਈਕ ਟੈਕਸੀ ਦੀ ਸਭ ਤੋਂ ਜ਼ਿਆਦਾ ਵਰਤੋਂ ਨੌਜਵਾਨ ਵਰਗ ਵਲੋਂ ਹੀ ਕੀਤੀ ਜਾਵੇਗੀ। ਇਸ ਲਈ ਪਹਿਲਾਂ ਉਨ੍ਹਾਂ ਤੋਂ ਪੁੱਛਿਆ ਜਾਵੇਗਾ ਕਿ ਇਨ੍ਹਾਂ ਮੁੱਦਿਆਂ 'ਤੇ ਉਨ੍ਹਾਂ ਦੇ ਕੀ ਸੁਝਾਅ ਹਨ? ਇਸ ਤੋਂ ਬਾਅਦ ਹੀ ਬਾਈਕ ਟੈਕਸੀ ਸਰਵਿਸ ਨੂੰ ਹਰੀ ਝੰਡੀ ਦਿੱਤੀ ਜਾਵੇਗੀ।
 


Related News