2020 ਤੱਕ ਪੰਜਾਬ ''ਚ ਹੋ ਸਕਦੇ ਹਨ ਵੱਡੇ ਆਤਮਘਾਤੀ ਹਮਲੇ

Thursday, Jun 21, 2018 - 07:07 AM (IST)

ਜਲੰਧਰ, (ਰਾਕੇਸ਼, ਸੋਮਨਾਥ)- ਆਈ. ਐੱਸ. ਆਈ. ਪੰਜਾਬ ਵਿਚ ਵੱਡੇ ਆਤਮਘਾਤੀ ਹਮਲਿਆਂ ਦੀ ਸਾਜ਼ਿਸ਼ ਰਚ ਰਹੀ ਹੈ। ਆਈ. ਐੱਸ. ਆਈ. ਦਾ ਇਰਾਦਾ ਜੰਮੂ-ਕਸ਼ਮੀਰ ਅਤੇ ਪੰਜਾਬ ਵਿਚ ਇਕੱਠਾ ਫਰੰਟ ਖੋਲ੍ਹਣ ਅਤੇ ਯੋਜਨਾ ਤਹਿਤ ਪੰਜਾਬ ਵਿਚ ਦੀਨਾਨਗਰ ਅਤੇ ਪਠਾਨਕੋਟ ਵਰਗੇ ਵੱਡੇ ਅੱਤਵਾਦੀ ਹਮਲੇ ਕਰਨ ਦਾ ਹੈ। ਖੁਫੀਆ ਏਜੰਸੀਆਂ ਦਾ ਕਹਿਣਾ ਹੈ ਕਿ ਪਾਕਿਸਤਾਨ ਵਿਚ ਸਰਗਰਮ ਖਾਲਿਸਤਾਨੀ ਅੱਤਵਾਦੀ ਸੰਗਠਨਾਂ ਦੇ ਮੁਖੀਆਂ ਨੇ ਕਿਹਾ ਹੈ ਕਿ ਉਹ ਲਸ਼ਕਰ, ਜੈਸ਼ ਅਤੇ ਹਿਜ਼ਬੁਲ ਨਾਲ ਮਿਲ ਕੇ ਕੰਮ ਕਰਨ। ਖੁਫੀਆ ਏਜੰਸੀਆਂ ਨੂੰ ਖਦਸ਼ਾ ਹੈ ਕਿ ਇਹ ਹਮਲੇ 2020 ਤੱਕ ਹੋ ਸਕਦੇ ਹਨ। ਇਹ ਵੀ ਜਾਣਕਾਰੀ ਮਿਲੀ ਹੈ ਕਿ ਪਿਛਲੇ ਇਕ ਮਹੀਨੇ ਵਿਚ 2 ਵਾਰ ਲਸ਼ਕਰ ਦਾ ਮੁਖੀ ਹਾਫਿਜ਼ ਸਈਦ, ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਗੋਪਾਲ ਸਿੰਘ ਚਾਵਲਾ ਅਤੇ ਹੈਪੀ ਪੀ. ਏ. ਡੀ. ਪੰਜਾਬ ਨਾਲ ਲੱਗਦੀ ਸਰਹੱਦ 'ਤੇ ਦੇਖੇ ਗਏ ਹਨ। ਗੋਪਾਲ ਸਿੰਘ ਚਾਵਲਾ ਇੰਟਰਨੈਸ਼ਨਲ ਸਿੱਖ ਫੈੱਡਰੇਸ਼ਨ ਦੇ ਚੀਫ ਲਖਬੀਰ ਸਿੰਘ ਰੋਡੇ ਅਤੇ ਹੈਪੀ ਪੀ. ਐੱਚ. ਡੀ. ਨਾਲ ਮਿਲ ਕੇ ਕੰਮ ਕਰ ਰਿਹਾ ਹੈ। ਖੁਫੀਆ ਏਜੰਸੀਆਂ ਦਾ ਕਹਿਣਾ ਹੈ ਕਿ ਰਣਜੀਤ ਸਿੰਘ ਨੀਟਾ ਨੂੰ ਪੰਜਾਬ ਵਿਚ ਵੱਡੇ ਲੜੀਵਾਰ ਬੰਬ ਧਮਾਕਿਆਂ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।
ਫੌਜੀ ਟਿਕਾਣੇ ਅਤੇ ਵੱਡੇ ਮਾਲਜ਼ ਨਿਸ਼ਾਨੇ 'ਤੇ
ਖੁਫੀਆ ਏਜੰਸੀਆਂ ਮੁਤਾਬਕ ਆਈ. ਐੱਸ. ਆਈ. ਪੰਜਾਬ ਵਿਚ ਫੌਜੀ ਟਿਕਾਣਿਆਂ ਅਤੇ ਇਸ ਦੇ ਨਾਲ-ਨਾਲ ਵੱਡੇ ਮਾਲਜ਼ 'ਤੇ ਹਮਲਿਆਂ ਦੀ ਯੋਜਨਾ ਬਣਾ ਰਹੀ ਹੈ। ਖੁਫੀਆ ਏਜੰਸੀਆਂ ਨੂੰ ਅਜਿਹੀ ਲੀਡ ਮਿਲੀ ਹੈ ਕਿ ਲਸ਼ਕਰ ਦੇ ਮੁਜ਼ੱਫਰਾਬਾਦ ਵਿਚ ਚੱਲ ਰਹੇ 4 ਕੈਂਪਾਂ ਵਿਚ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਅੱਤਵਾਦੀ ਟ੍ਰੇਨਿੰਗ ਲੈ ਰਹੇ ਹਨ। ਇਨ੍ਹਾਂ ਕੈਂਪਾਂ ਵਿਚ 45 ਦੇ ਲੱਗਭਗ ਅੱਤਵਾਦੀ ਟ੍ਰੇਨਿੰਗ ਲੈ ਰਹੇ ਹਨ, ਜਿਨ੍ਹਾਂ ਵਿਚ 25 ਪਾਕਿਸਤਾਨੀ, 10 ਕੈਨੇਡੀਅਨ ਅਤੇ 10 ਭਾਰਤੀ ਨੌਜਵਾਨ ਹਨ। ਇਨ੍ਹਾਂ ਕੈਂਪਾਂ ਵਿਚ ਅਲਕਾਇਦਾ ਦੇ ਟ੍ਰੇਨਰ ਟ੍ਰੇਨਿੰਗ ਦੇ ਰਹੇ ਹਨ। ਆਰਮੀ ਇੰਟੈਲੀਜੈਂਸ ਮੁਤਾਬਕ ਲਸ਼ਕਰ-ਏ-ਤੋਇਬਾ ਅਲਕਾਇਦਾ ਲਈ ਮੁਰਾਦੀ ਵਿਚ ਚਲਦੇ ਇਸਲਾਮਿਕ ਸਟੱਡੀ ਸੈਂਟਰ ਵਿਚ ਅੱਤਵਾਦੀ ਤਿਆਰ ਕਰ ਰਹੇ ਹਨ।
ਟ੍ਰੇਨਿੰਗ ਲੈਣ ਵਾਲਿਆਂ 'ਚ ਮੁਖੀ ਵੀ ਸ਼ਾਮਲ
ਫੋਰਲੇਨ ਰੋਡ ਚੌਬੁਜਰੀ ਚੌਕ ਲਾਹੌਰ ਸਥਿਤ ਮੁਖ ਦਫਤਰ ਵਿਚ ਲਸ਼ਕਰ ਦੀ ਮਈ ਮਹੀਨੇ ਵਿਚ ਹੋਈ ਬੈਠਕ ਵਿਚ ਇਹ ਫੈਸਲਾ ਲਿਆ ਗਿਆ ਸੀ ਕਿ ਹੁਣ ਲਸ਼ਕਰ ਪੂਰੀ ਤਰ੍ਹਾਂ ਖਾਲਿਸਤਾਨੀ ਅੱਤਵਾਦੀ ਸੰਗਠਨਾਂ ਨਾਲ ਮਿਲ ਕੇ ਕੰਮ ਕਰੇਗਾ। ਬੈਠਕ ਵਿਚ ਲਸ਼ਕਰ ਦੇ ਚੀਫ ਪ੍ਰੋ. ਹਾਫਿਜ ਸਈਦ, ਆਈ. ਐੱਸ. ਆਈ. ਦੇ ਮੇਜਰ ਜਨਰਲ ਵਸ਼ੀਦ ਅਰਸ਼ਦ ਅਤੇ ਬੱਬਰ ਖਾਲਸਾ ਦੇ ਚੀਫ ਵਧਾਵਾ ਸਿੰਘ ਨੇ ਹਿੱਸਾ ਲਿਆ। ਬੈਠਕ ਤੋਂ ਬਾਅਦ ਬੱਬਰ ਖਾਲਸਾ ਨੇ ਮੁਜ਼ੱਫਰਾਬਾਦ ਵਿਚ ਚੱਲ ਰਹੇ ਲਸ਼ਕਰ ਦੇ ਨਵੇਂ ਸੰਗਠਨ ਅਸ਼ਕਾਰੀ ਵਿੰਗ ਦੇ ਮਸੰਕਤ ਕੈਂਪ ਵਿਚ ਆਪਣੇ ਲੋਕਾਂ ਨੂੰ ਟ੍ਰੇਨਿੰਗ ਲੈਣ ਲਈ ਭੇਜਿਆ ਹੈ। ਕੈਂਪ ਵਿਚ ਵਧਾਵਾ ਸਿੰਘ ਦਾ ਬੇਟਾ ਜਤਿੰਦਰ ਸਿੰਘ ਉਰਫ ਮੁਖੀ ਵੀ ਟ੍ਰੇਨਿੰਗ ਲੈ ਰਿਹਾ ਹੈ।
ਪੰਜਾਬ 'ਚ 2 ਵੱਡੇ ਹਮਲੇ ਕਰ ਚੁੱਕੇ ਹਨ ਲਸ਼ਕਰ ਅਤੇ ਜੈਸ਼
ਲਸ਼ਕਰ-ਏ-ਤੋਇਬਾ ਅਤੇ ਜੈਸ਼-ਏ-ਮੁਹੰਮਦ ਪਠਾਨਕੋਟ ਏਅਰਬੇਸ ਅਤੇ ਦੀਨਾਨਗਰ ਪੁਲਸ ਥਾਣੇ 'ਤੇ ਹਮਲਾ ਕਰ ਚੁੱਕੇ ਹਨ। ਇਨ੍ਹਾਂ ਦੋਹਾਂ ਅੱਤਵਾਦੀ ਹਮਲਿਆਂ ਵਿਚ ਅੱਤਵਾਦੀਆਂ ਨੇ ਪੰਜਾਬ ਨਾਲ ਲੱਗਦੀ ਸਰਹੱਦ ਤੋਂ ਵੀ ਘੁਸਪੈਠ ਕੀਤੀ ਸੀ। ਸੂਤਰਾਂ ਮੁਤਾਬਕ ਅੱਤਵਾਦੀ ਘਟਨਾਵਾਂ ਲਈ ਲਸ਼ਕਰ-ਏ-ਤੋਇਬਾ, ਹਿਜ਼ਬੁਲ ਮੁਜਾਹਿਦੀਨ ਅਤੇ ਜੈਸ਼ ਏ ਮੁਹੰਮਦ ਨੂੰ ਪੰਜਾਬ ਦੇ ਹਵਾਲਾ ਨੈੱਟਵਰਕ ਰਾਹੀਂ ਪੈਸਾ ਜਾ ਰਿਹਾ ਹੈ। ਜੰਮੂ-ਕਸ਼ਮੀਰ ਵਿਚ ਫੌਜ ਵਲੋਂ ਸ਼ਿਕੰਜਾ ਕੱਸਣ ਤੋਂ ਬਾਅਦ ਹੁਣ ਆਈ. ਐੱਸ. ਆਈ. ਖਾਲਿਸਤਾਨੀ ਅੱਤਵਾਦੀਆਂ ਦੀ ਮਦਦ ਨਾਲ ਪੰਜਾਬ ਦੇ ਹਵਾਲਾ ਨੈੱਟਵਰਕ ਦੀ ਵਰਤੋਂ ਕਰ ਰਹੀ ਹੈ। ਇਸ ਗੱਲ ਦੀ ਜਾਣਕਾਰੀ ਕੇਂਦਰੀ ਖੁਫੀਆ ਏਜੰਸੀਆਂ ਨੂੰ ਮਿਲੀ ਹੈ। ਖੁਫੀਆ ਏਜੰਸੀਆਂ ਨੂੰ ਸਰਹੱਦ ਪਾਰ ਤੋਂ ਅਜਿਹੀਆਂ ਸੂਚਨਾਵਾਂ ਮਿਲੀਆਂ ਹਨ ਕਿ ਪਿਛਲੇ ਕੁਝ ਸਮੇਂ ਤੋਂ ਪੰਜਾਬ ਦੇ ਹਵਾਲਾ ਨੈੱਟਵਰਕ ਦੇ ਮਾਧਿਅਮ ਰਾਹੀਂ ਜੰਮੂ-ਕਸ਼ਮੀਰ ਦੇ ਵੱਖਵਾਦੀਆਂ ਨੂੰ ਫੰਡਿੰਗ ਹੋਈ ਹੈ। ਇਸ ਦੇ ਨਾਲ-ਨਾਲ ਪੰਜਾਬ ਦੇ ਪਠਾਨਕੋਟ ਦੇ ਨਾਲ ਜੰਮੂ-ਕਸ਼ਮੀਰ ਦੀ ਸਰਹੱਦ ਨਾਲ ਲੱਗਦੇ ਬਾਰਡਰ ਤੋਂ ਹਥਿਆਰਾਂ ਦੀ ਸਪਲਾਈ ਵੀ ਆ ਰਹੀ ਹੈ।
ਪੰਜਾਬ ਵਿਚ ਸਰਗਰਮ ਸਮੱਗਲਰਾਂ ਨੂੰ ਹੁਣ ਹੈਰੋਇਨ ਦੇ ਨਾਲ-ਨਾਲ ਹਥਿਆਰ ਵੀ ਲਿਆਉਣ ਨੂੰ ਕਿਹਾ ਗਿਆ। ਆਈ. ਐੱਸ. ਆਈ. ਨੇ ਸਪੱਸ਼ਟ ਕਰ ਦਿੱਤਾ ਹੈ ਕਿ ਜੇ ਕੋਈ ਹਥਿਆਰ ਲੈ ਕੇ ਜਾਵੇਗਾ ਤਾਂ ਹੀ ਉਸ ਨੂੰ ਹੈਰੋਇਨ ਦਿੱਤੀ ਜਾਵੇਗੀ।
ਕੈਨੇਡਾ 'ਚ ਸਰਗਰਮ ਅੱਤਵਾਦੀ ਪੰਜਾਬ ਲਈ ਖਤਰਾ
ਕੇਂਦਰੀ ਖੁਫੀਆ ਏਜੰਸੀਆਂ ਇੰਗਲੈਂਡ, ਕੈਨੇਡਾ ਅਤੇ ਆਸਟਰੇਲੀਆ ਵਿਚ ਖਾਲਿਸਤਾਨੀ ਅੱਤਵਾਦੀਆਂ 'ਤੇ ਨਜ਼ਰ ਰੱਖੀ ਹੋਈਆਂ ਹਨ ਜਦੋਂ ਕਿ 
ਕੇਂਦਰ ਸਰਕਾਰ ਵੀ ਕੈਨੇਡਾ ਵਿਚ ਸਰਗਰਮ ਅਤੇ ਪੰਜਾਬ ਪੁਲਸ ਦੀ ਵਾਂਟੇਡ ਅੱਤਵਾਦੀਆਂ ਦੀ ਹਵਾਲਗੀ ਲਈ ਕੈਨੇਡਾ ਸਰਕਾਰ 'ਤੇ ਦਬਾਅ ਬਣਾਏ ਹੋਏ ਹੈ। ਇਸ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਪੰਜਾਬ ਦੌਰੇ ਦੌਰਾਨ ਵਾਂਟੇਡ 9 ਅੱਤਵਾਦੀਆਂ ਦੀ ਸੂਚੀ ਸੌਂਪ ਚੁੱਕੇ ਹਨ, ਜੋ ਪੰਜਾਬ ਵਿਚ ਮੁੜ ਖਾਲਿਸਤਾਨੀ ਸਰਗਰਮੀਆਂ ਨੂੰ ਵਧਾਉਣਾ ਚਾਹੁੰਦੇ ਹਨ ਅਤੇ ਪੰਜਾਬ ਵਿਚ ਸਰਗਰਮ ਗੈਂਗਸਟਰ ਉਨ੍ਹਾਂ ਦੇ ਸੰਪਰਕ ਵਿਚ ਹਨ। 
ਇਸ ਵਿਚ ਖਾਲਿਸਤਾਨ ਸਮਰਥਕ ਗੁਰਜੀਤ ਸਿੰਘ ਚੀਮਾ, ਜੋ ਕਿ ਬ੍ਰੈਂਪਟਨ ਵਿਚ ਰਹਿ ਕੇ ਇੰਟਰਨੈਸ਼ਨਲ ਸਿੱਖ ਯੂਥ ਫੈੱਡਰੇਸ਼ਨ ਤੋਂ ਹੈ। ਗੁਰਪ੍ਰੀਤ ਅੱਤਵਾਦੀ ਸਰਗਰਮੀਆਂ ਲਈ ਫੰਡ ਮੁਹੱਈਆ ਕਰਵਾਉਣ ਵਰਗੇ ਮਾਮਲਿਆਂ ਵਿਚ ਸ਼ਾਮਲ ਹੈ। ਸੂਚੀ ਵਿਚ ਸ਼ਾਮਲ ਹਰਦੀਪ ਸਿੰਘ ਨਿੱਝਰ ਜੋ ਕਿ ਮੌਜੂਦਾ ਸਮੇਂ ਵਿਚ ਕੈਨੇਡੀਆਈ ਨਾਗਰਿਕ ਹਨ ਅਤੇ ਅੱਤਵਾਦੀ ਸਰਗਰਮੀਆਂ ਵਿਚ ਸ਼ਮੂਲੀਅਤ ਕਾਰਨ ਉਸ ਨੂੰ ਕੈਨੇਡਾ ਵਿਚ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਬਾਅਦ ਵਿਚ ਛੱਡ ਦਿੱਤਾ ਗਿਆ। ਇਸ ਤੋਂ ਇਲਾਵਾ ਗੁਰਜਿੰਦਰ ਸਿੰਘ ਪੰਨੂ, ਜੋ ਕਿ ਜ਼ਿਲਾ ਤਰਨਤਾਰਨ ਦੇ ਥਾਣਾ ਸਰਹਾਲੀ ਦੇ ਪਿੰਡ ਚੌਧਰੀ ਵਾਲਾ, ਨੌਸ਼ਹਿਰਾ ਪੰਨੂਆਂ ਦਾ ਰਹਿਣ ਵਾਲਾ ਹੈ ਅਤੇ ਹੁਣ ਕੈਨੇਡਾ ਦੇ ਹੈਮਿਲਟਨ 'ਚ ਸੈਟਲ ਹੈ। ਗੁਰਜਿੰਦਰ ਸਿੰਘ ਪੰਨੂ ਕੈਨੇਡੀਆਈ ਨੈਸ਼ਨਲ ਅਤੇ ਇੰਟਰਨੈਸ਼ਨਲ ਸਿੱਖ ਯੂਥ ਫੈੱਡਰੇਸ਼ਨ ਨੂੰ ਆਪ੍ਰੇਟ ਕਰਦਾ ਹੈ। 
ਇਸ ਤੋਂ ਇਲਾਵਾ ਕੈਨੇਡਾ ਵਿਚ ਰਹਿੰਦਾ ਮਲਕੀਤ ਸਿੰਘ ਉਰਫ ਫੌਜੀ ਵੀ ਪੰਜਾਬ ਵਿਚ ਅੱਤਵਾਦੀ ਸਰਗਰਮੀਆਂ ਲਈ ਫੰਡ ਮੁਹੱਈਆ ਕਰਵਾਉਣ ਅਤੇ ਨਵੀਂ ਭਰਤੀ ਕਰਨ ਵਰਗੇ ਮਾਮਲਿਆਂ ਵਿਚ ਸ਼ਾਮਲ ਹੈ।


Related News